ਪਰਾਲੀ ਤੋਂ ਪੈਸਾ ਬਣਾ ਰਹੇ ਹਨ ਨਿਰਵੈਰ ਸਿੰਘ ਤੇ ਹਰਜਿੰਦਰ ਸਿੰਘ

  • ਢਾਣੀ ਕਮਾਈਆਂ ਵਾਲੀ ਦੇ ਨੌਜਵਾਨਾਂ ਨੇ ਪਰਾਲੀ ਨੂੰ ਬਣਾਇਆ ਕਮਾਈ ਦਾ ਸਾਧਨ

ਫਾਜਿ਼ਲਕਾ, 30 ਅਕਤੂਬਰ : ਫਾਜਿ਼ਲਕਾ ਜਿ਼ਲ੍ਹੇ ਦੇ ਪਿੰਡ ਢਾਣੀ ਕਮਾਈਆਂ ਵਾਲੀ ਦੇ ਕਿਸਾਨ ਨਿਰਵੈਰ ਸਿੰਘ ਅਤੇ ਹਰਜਿੰਦਰ ਸਿੰਘ ਨੇ ਪਰਾਲੀ ਨੂੰ ਕਮਾਈ ਦਾ ਸਾਧਨ ਬਣਾ ਲਿਆ ਹੈ। ਜਿਸ ਪਰਾਲੀ ਨੂੰ ਕੁਝ ਕਿਸਾਨ ਸਮੱਸਿਆ ਸਮਝ ਰਹੇ ਹਨ ਉਸੇ ਪਰਾਲੀ ਤੋਂ ਇਹ ਕਿਸਾਨ ਪੈਸਾ ਕਮਾ ਰਹੇ ਹਨ। ਨਿਰਵੈਰ ਸਿੰਘ ਅਤੇ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ 2017 ਤੋਂ ਹੀ ਪਰਾਲੀ ਤੋਂ ਤੂੜੀ ਬਣਾ ਕੇ ਵੇਚ ਰਹੇ ਹਨ। ਉਹ ਅਬੋਹਰ ਦੀ ਗਊਸ਼ਾਲਾ ਨੂੰ ਇਹ ਤੂੜੀ ਸਪਲਾਈ ਕਰਦੇ ਹਨ ਪਰ ਇਸਤੋਂ ਬਿਨ੍ਹਾਂ ਰਾਜਸਥਾਨ ਅਤੇ ਹੋਰ ਕਿਸਾਨਾਂ ਨੂੰ ਵੀ ਉਹ ਇਹ ਤੂੜੀ ਦਿੰਦੇ ਹਨ। ਇਸ ਲਈ ਉਹ ਕਣਕ ਦੀ ਤੂੜੀ ਬਣਾਉਣ ਵਾਲੀ ਮਸ਼ੀਨ ਦੀ ਹੀ ਵਰਤੋਂ ਕਰਦੇ ਹਨ ਪਰ ਉਨ੍ਹਾਂ ਨੇ ਇਸ ਵਿਚ ਕੁਝ ਤਬਦੀਲੀਆਂ ਕਰਵਾਈਆਂ ਹਨ। ਉਹ ਪਹਿਲਾਂ ਝੋਨੇ ਦੀ ਕਟਾਈ ਤੋਂ ਬਾਅਦ ਕਟਰ ਨਾਲ ਪਰਾਲੀ ਨੁੂੰ ਕੱਟ ਦਿੰਦੇ ਹਨ ਅਤੇ ਫਿਰ ਸੁੱਕਣ ਤੋਂ ਬਾਅਦ ਇਸ ਮਸ਼ੀਨ ਨਾਲ ਇਹ ਪਰਾਲੀ ਤੂੜੀ ਵਿਚ ਤਬਦੀਲ ਕਰ ਲੈਂਦੇ ਹਨ।ਦੋਨਾਂ ਨੇ ਆਪਣੀਆਂ ਦੋ ਮਸ਼ੀਨਾਂ ਇਸ ਕੰਮ ਤੇ ਲਗਾਈਆਂ ਹਨ। ਇਕ ਸੀਜਨ ਵਿਚ ਲਗਭਗ 300 ਏਕੜ ਤੋਂ ਉਹ ਪਰਾਲੀ ਤੋਂ ਤੂੜੀ ਬਣਾ ਲੈਂਦੇ ਹਨ।ਉਹ ਪਰਾਲੀ ਦੀ ਤੂੜੀ ਸਟੋਰ ਵੀ ਕਰ ਰਹੇ ਹਨ ਅਤੇ ਮੰਗ ਅਨੁਸਾਰ ਦੂਰ ਨੇੜੇ ਵੀ ਭੇਜ਼ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਖੁਦ ਵੀ ਆਪਣੇ ਜਾਨਵਰਾਂ ਨੂੰ ਇਹ ਤੂੜੀ ਪਾਉਂਦੇ ਹਨ ਅਤੇ ਜਾਨਵਰ ਚਾਹ ਕੇ ਖਾਂਦੇ ਹਨ ਅਤੇ ਇਹ ਕਣਕ ਦੀ ਤੂੜੀ ਦੇ ਮੁਕਾਬਲੇ ਸਸਤੀ ਪੈਂਦੀ ਹੈ। ਉਨ੍ਹਾਂ ਨੇ ਕਿਹਾ ਕਿ ਜ਼ੇਕਰ ਕੋਈ ਪਰਾਲੀ ਦੀ ਤੂੜੀ ਲੈਣਾ ਚਾਹੇ ਤਾਂ ਉਨ੍ਹਾਂ ਨਾਲ ਸੰਪਰਕ ਵੀ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਪਿੰਡ ਦੀ ਲਗਭਗ ਸਾਰੀ ਪਰਾਲੀ ਨੂੰ ਤੂੜੀ ਵਿਚ ਬਦਲ ਦਿੰਦੇ ਹਨ ਜਿਸ ਨਾਲ ਪਰਾਲੀ ਨੂੰ ਅੱਗ ਨਹੀਂ ਲੱਗਦੀ ਹੈ। ਉਨ੍ਹਾਂ ਨੇ ਹੋਰਨਾਂ ਕਿਸਾਨਾਂ ਨੂੰ ਵੀ ਸੰਦੇਸ਼ ਦਿੰਦਿਆਂ ਕਿਹਾ ਕਿ ਇਸ ਤਰਾਂ ਦੇ ਛੋਟੇ ਯਤਨ ਹੀ ਇਕ ਦਿਨ ਵੱਡਾ ਕਾਫਲਾ ਬਣਨਗੇ ਅਤੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ ਹੈ। ਦੂਜ਼ੇ ਪਾਸੇ ਬਲਾਕ ਖੇਤੀਬਾੜੀ ਅਫ਼ਸਰ ਸੁੰਦਰ ਲਾਲ ਨੇ ਕਿਹਾ ਕਿ ਇਹ ਨੌਜਵਾਨ ਹੋਰਨਾਂ ਲਈ ਪੇ੍ਰਰਣਾ ਸਰੋਤ ਹਨ। ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਵੀ ਇੰਨ੍ਹਾਂ ਨੌਜਵਾਨਾਂ ਦੇ ਕੰਮ ਦੀ ਪ੍ਰਸੰਸਾਂ ਕਰਦਿਆਂ ਕਿਹਾ ਹੈ ਕਿ ਇਹ ਨੌਜਵਾਨ ਵਧਾਈ ਦੇ ਪਾਤਰ ਹਨ ਜਿੰਨ੍ਹਾਂ ਨੇ ਪਰਾਲੀ ਦੇ ਪ੍ਰਬੰਧਨ ਲਈ ਇਹ ਸਾਰਥਕ ਕੰਮ ਸ਼ੁਰੂ ਕੀਤਾ ਹੈ।