ਰਾਏਕੋਟ 'ਚ 30 ਬਿਸਤਰਿਆਂ ਵਾਲਾ ਨਵਾਂ ਜੱਚਾ-ਬੱਚਾ ਹਸਪਤਾਲ ਅਗਲੇ ਕੁਝ ਦਿਨਾਂ ਵਿੱਚ ਹੋਵੇਗਾ ਸ਼ੁਰੂ : ਡਾ ਬਲਬੀਰ ਸਿੰਘ

  • ਪੰਜਾਬ 'ਚ ਸਰਕਾਰੀ ਸਿਹਤ ਸੇਵਾਵਾਂ 'ਚ ਤੇਜ਼ੀ ਨਾਲ ਤਬਦੀਲੀ ਆ ਰਹੀ ਹੈ : ਕੈਬਨਿਟ ਮੰਤਰੀ
  • ਪੰਜਾਬ 'ਚ 550 ਹਾਊਸ ਸਰਜਨਾਂ ਦੀ ਭਰਤੀ ਮੁਕੰਮਲ, 31 ਲੱਖ ਲੋਕਾਂ ਨੇ ਆਮ ਆਦਮੀ ਕਲੀਨਿਕਾਂ ਦੀਆਂ ਸੇਵਾਵਾਂ ਦਾ ਲਿਆ ਲਾਭ

ਰਾਏਕੋਟ, 28 ਜੂਨ (ਚਮਕੌਰ ਸਿੰਘ ਦਿਓਲ) : ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਵਲੋਂ ਅੱਜ ਸਥਾਨਕ ਸਿਵਲ ਹਸਪਤਾਲ ਦਾ ਦੌਰਾ ਕਰਦੇ ਹੋਏ ਉੱਥੇ ਨਵੇਂ ਬਣ ਰਹੇ ਜੱਚਾ-ਬੱਚਾ ਹਸਪਤਾਲ ਦਾ ਨਰੀਖਣ ਕੀਤਾ, ਇਸ ਮੌਕੇ ਉਨ੍ਹਾਂ ਨਾਲ ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਐਮਡੀ ਪ੍ਰਦੀਪ ਅਗਰਵਾਲ, ਡੀਸੀ ਸੁਰਭੀ ਮਲਿਕ, ਐਸਡੀਐਮ ਗੁਰਬੀਰ ਸਿੰਘ ਕੋਹਲੀ, ਸਿਵਲ ਸਰਜਨ ਡਾ. ਹਿਤਿੰਦਰ ਕੌਰ  ਆਦਿ ਵੀ ਹਾਜ਼ਰ ਸਨ। ਇਸ ਮੌਕੇ ਬੋਲਦੇ ਹੋਏ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਗਠਨ ਤੋਂ ਬਾਅਦ ਪੰਜਾਬ ਦੀਆਂ ਸਿਹਤ ਸੇਵਾਵਾਂ ਵਿੱਚ ਤੇਜ਼ੀ ਨਾਲ ਤਬਦੀਲੀ ਆ ਰਹੀ  ਹੈ। ਕਿਉਂਕਿ ਲੋਕਾਂ ਨੂੰ ਮਿਆਰੀ ਅਤੇ ਆਸਾਨ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ।  ਇਸ ਮੌਕੇ ਉਨ੍ਹਾਂ ਹਸਪਤਾਲ ਦੇ ਅੰਦਰ ਨਵੇਂ ਬਣ ਰਹੇ 30 ਬਿਸਤਰਿਆਂ ਦੀ ਸਹੂਲਤ ਵਾਲੇ ਜੱਚਾ-ਬੱਚਾ ਹਸਪਤਾਲ ਦੀ ਇਮਾਰਤ ਦਾ ਨਰੀਖਣ ਕਰਨ ਉਪਰੰਤ ਕਿਹਾ ਕਿ ਅਗਲੇ ਕੁਝ ਦਿਨਾਂ ਵਿੱਚ ਲੋੜੀਂਦਾ ਮੈਡੀਕਲ ਅਤੇ ਸਰਜੀਕਲ ਉਪਕਰਣ, ਬੈੱਡ, ਦਵਾਈਆਂ ਆਦਿ ਮੁਹੱਈਆ ਕਰਵਾ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਹਸਪਤਾਲ ਲਈ ਡਾਕਟਰਾਂ ਅਤੇ ਪੈਰਾ-ਮੈਡੀਕਲ ਸਟਾਫ਼ ਦੀ ਭਰਤੀ ਵੀ ਮੁਕੰਮਲ ਹੋ ਚੁੱਕੀ ਹੈ ਅਤੇ ਕੁਝ ਹੀ ਦਿਨਾਂ ਵਿੱਚ ਉਨ੍ਹਾਂ ਦੀ ਤਾਇਨਾਤੀ ਕਰ ਦਿੱਤੀ ਜਾਵੇਗੀ ਜਿਸ ਤੋਂ ਬਾਅਦ ਇਹ ਸਿਹਤ ਸਹੂਲਤ ਰਾਏਕੋਟ ਦੇ ਲੋਕਾਂ ਨੂੰ ਸਮਰਪਿਤ ਕਰ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਰਾਏਕੋਟ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ, ਮੰਤਰੀ ਨੇ ਦੱਸਿਆ ਕਿ 30 ਬਿਸਤਰਿਆਂ ਵਾਲਾ ਇਹ ਹਸਪਤਾਲ 5.82 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ ਅਤੇ ਇਸ ਦੀਆਂ ਤਿੰਨ ਮੰਜ਼ਿਲਾਂ ਹਨ। ਹਸਪਤਾਲ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗਾ ਜਿਸ ਵਿੱਚ ਓਪੀਡੀ ਕਮਰੇ, ਵਾਰਡ, ਫੀਡਿੰਗ ਏਰੀਆ, ਪਰਿਵਾਰ ਨਿਯੋਜਨ, ਕਲੀਨਿਕਲ ਲੈਬਾਰਟਰੀ, ਇਮਯੂਨਾਈਜ਼ੇਸ਼ਨ ਰੂਮ, ਐਮਰਜੈਂਸੀ, ਲਿਫਟ ਲੈਬ, ਕੋਲਡ ਸਟੋਰ, ਈਸੀਜੀ ਰੂਮ ਅਤੇ ਫਾਰਮੇਸੀ ਰੂਮ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਹਸਪਤਾਲ ਰਾਏਕੋਟ ਅਤੇ ਨੇੜਲੇ ਇਲਾਕਿਆਂ ਦੀਆਂ ਗਰਭਵਤੀ ਔਰਤਾਂ ਅਤੇ ਨਵਜੰਮੇ ਬੱਚਿਆਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰੇਗਾ। ਇਸ ਦੌਰਾਨ ਡਾ: ਬਲਬੀਰ ਸਿੰਘ ਨੇ ਇਹ ਵੀ ਕਿਹਾ ਕਿ ਪੰਜਾਬ ਦੀਆਂ ਮੁੱਢਲੀਆਂ ਸਿਹਤ ਸੇਵਾਵਾਂ ਵਿੱਚ ਪਹਿਲਾਂ ਹੀ 580 ਆਮ ਆਦਮੀ ਕਲੀਨਿਕ ਖੋਲ੍ਹਣ ਨਾਲ ਕ੍ਰਾਂਤੀਕਾਰੀ ਤਬਦੀਲੀਆਂ ਆਈਆਂ ਹਨ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਹੁਣ ਤੱਕ ਲਗਭਗ 31 ਲੱਖ ਲੋਕਾਂ ਨੇ ਇੰਨ੍ਹਾਂ ਕਲੀਨਕਾਂ ਦਾ ਲਾਭ ਉਠਾਇਆ ਹੈ। ਇਸ ਮੌਕੇ ਡਾ. ਪ੍ਰਦੀਪ ਕੁਮਾਰ ਐਸ.ਐਮ.ਓ ਰਾਏਕੋਟ, ਡਾ. ਨਵਜੋਤ ਕੌਰ, ਡਾ. ਅਮਨਦੀਪ ਕੌਰ, ਡਾ. ਵਰੁਣ ਬਾਂਸਲ, ਡਾ. ਮਨਦੀਪ ਸਿੰਘ, ਡਾ. ਲਵਪ੍ਰੀਤ ਸਿੰਘ, ਡਾ. ਕੁਲਵੀਰ ਕੌਰ, ਡਾ. ਚਿਰੰਜੀਵ ਸਿੰਘ, ਬੀਰਦਵਿੰਦਰ ਸਿੰਘ, ਕਮਲਜੀਤ ਸਿੰਘ, ਰਣਧੀਰ ਸਿੰਘ, ਜਗਜੀਤ ਸਿੰਘ, ਮਨਿੰਦਰ ਕੌਰ, ਬੇਅੰਤ ਕੌਰ, ਦਲਵੀਰ ਸਿੰਘ, ਰੁਚਿਕਾ ਸ਼ਰਮਾਂ, ਸ਼ਮਿੰਦਰਪਾਲ ਕੌਰ, ਹਰਦੀਪ ਕੌਰ, ਬਲਬੀਰ ਬੱਲੀ, ਬਿੰਦਰਜੀਤ ਸਿੰਘ ਗਿੱਲ, ਗੁਰਮਿੰਦਰ ਸਿੰਘ ਤੂਰ, ਮਨਸਾ ਖਾਨ ਤੋਂ ਇਲਾਵਾ ਹੋਰ ਕਈ ਹਾਜ਼ਰ ਸਨ।