ਨਰਮੇ ਉੱਪਰ ਗੁਲਾਬੀ ਸੁੰਡੀ ਦੇ ਹਮਲੇ ਪ੍ਰਤੀ ਸੁਚੇਤ ਰਹਿਣ ਦੀ ਲੋੜ : ਡਾ. ਗਿੱਲ

ਫਰੀਦਕੋਟ 27 ਜੂਨ : ਡਾ. ਗੁਰਵਿੰਦਰ ਸਿੰਘ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਦੀ ਅਗਵਾਈ ਵਿੱਚ ਨਰਮੇ ਦੀ ਫਸਲ ਨੂੰ ਕੀੜੇ-ਮਕੌੜਿਆਂ ਤੋ ਬਚਾਉਣ ਲਈ ਜਿਲ੍ਹੇ ਵਿੱਚ ਜਿਲ੍ਹਾ-ਪੱਧਰ, ਬਲਾਕ-ਪੱਧਰ, ਸਰਕਲ-ਪੱਧਰ ਦੀਆਂ 15 ਸਰਵੇਖਣ ਟੀਮਾਂ ਬਣਾਈਆ ਗਈਆ ਹਨ ਜੋ ਕਿ ਨਰਮੇ ਦੀ ਫਸਲ ਦਾ ਹਫਤਾਵਾਰੀ ਸਰਵੇਖਣ (ਹਰ ਮੰਗਲਵਾਰ ਅਤੇ ਵੀਰਵਾਰ) ਕਰ ਰਹੀਆਂ ਹਨ। ਸਰਵੇਖਣ ਟੀਮਾਂ ਵੱਲੋ ਹਫਤਾਵਰੀ 46 ਸਪਾਟ ਉਪਰ ਸਰਵੇਖਣ ਕੀਤਾ ਜਾਂਦਾ ਹੈ ਅਤੇ ਇਸ ਹਫਤੇ ਦੇ ਸਰਵੇਖਣ ਦੋਰਾਨ ਰਸ ਚੂਸਣ ਵਾਲੇ ਕੀੜਿਆਂ (ਹਰਾ ਤੇਲਾ, ਚਿੱਟਾ ਮੱਛਰ ਅਤੇ ਭੂਰੀ ਜੂੰ) ਦਾ ਹਮਲਾ ਕਿਤੇ ਕਿਤੇ ਦੇਖਣ ਨੂੰ ਮਿਲਿਆ ਹੈ ਪਰ ਆਰਥਿਕ ਕਗਾਰ ਤੋ ਘੱਟ ਹੈ।ਨਰਮੇ ਦੀ ਫਸਲ ਉਪਰ ਗੁਲਾਬੀ ਸੁੰਡੀ ਦਾ ਹਮਲਾ ਪਿੰਡ ਮਿਸ਼ਰੀਵਾਲਾ, ਚੰਦਬਾਜਾ ਅਤੇ ਧੂੜਕੋਟ ਵਿਖੇ ਦਿਖਾਈ ਦਿੱਤਾ ਪਰ ਪਿੰਡ ਮਿਸ਼ਰੀਵਾਲਾ ਵਿੱਚ ਇਸ ਸੁੰਡੀ ਦਾ ਹਮਲਾ ਆਰਥਿਕ ਕਗਾਰ ਤੋ ਉਪਰ ਸੀ। ਸੋ ਸਬੰਧਤ ਕਿਸਾਨਾਂ ਨੂੰ ਇਸ ਦੀ ਰੋਕਥਾਮ ਲਈ 500 ਮਿ:ਲੀ: ਪ੍ਰਫੈਨੋਫਾਸ ਜਾਂ ਪ੍ਰੋਕਲੇਮ 100 ਗ੍ਰਾਮ ਦੀ ਸ਼ਿਫਾਰਸ਼ ਕੀਤੀ ਗਈ ਹੈ। ਇਸ ਸਬੰਧ ਵਿੱਚ ਜਿਲ੍ਹਾ ਪੱਧਰੀ ਟੀਮ ਇੰਚਾਰਜ ਡਾ. ਗੁਰਿੰਦਰਪਾਲ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਆਪਣੇ ਖੇਤਾਂ ਦਾ ਸਰਵੇਖਣ ਲਗਾਤਾਰ ਕਰਦੇ ਰਹਿਣ ਅਤੇ ਜੇਕਰ ਗੁਲਾਬੀ ਸੁੰਡੀ ਦਾ ਹਮਲਾ ਖੇਤਾਂ ਵਿੱਚ ਦੇਖਣ ਨੂੰ ਆਉਂਦਾ ਹੈ ਤਾਂ ਕਿਸਾਨ ਤੁਰੰਤ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰਨ। ਇਸ ਮੌਕੇ ਡਾ. ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਨਰਮੇ/ਕਪਾਹ ਵਿੱਚ ਕੀੜੇ-ਮਕੌੜਿਆਂ ਦੀ ਸਰਬਪੱਖੀ ਰੋਕਥਾਮ ਲਈ ਪਿੰਡ ਪੱਧਰ ਉਪਰ ਕਿਸਾਨ ਜਾਗਰੁਕਤਾ ਕੈਂਪ ਵੀ ਲਗਾਏ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਗੁਲਾਬੀ ਸੁੰਡੀ ਦੇ ਸੰਭਾਵੀ ਹਮਲੇ ਤੋ ਘਬਰਾਉਣ ਦੀ ਲੋੜ ਨਹੀ ਹੈ, ਬਲਕਿ ਇਸ ਕੀੜੇ ਦੀ ਰੋਕਥਾਮ ਲਈ ਲਗਾਤਾਰ ਖੇਤਾਂ ਦਾ ਸਰਵੇਖਣ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੁੰਡੀ ਦਾ ਹਮਲਾ ਹੋਣ ਦੀ ਸੂਰਤ ਵਿੱਚ ਕਿਸਾਨ ਸਿਰਫ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋ ਸ਼ਿਫਾਰਸ਼ ਕੀਟ ਨਾਸ਼ਕਾਂ ਦੀ ਸਪਰੇਅ ਹੀ ਕਰਨ।