ਪੀ.ਡਬਲਿਊ.ਡੀ ਵੋਟਰਾਂ ਦੀ ਸਹੂਲਤ ਲਈ ਹਰੇਕ ਪੋਲਿੰਗ ਸਟੇਸ਼ਨ ਤੇ ਕੀਤੇ ਜਾਣ ਲੋੜੀਂਦੇ ਪ੍ਰਬੰਧ-ਈਸ਼ਾ ਸਿੰਗਲ

  • 18 ਤੋਂ 19 ਸਾਲ ਦੇ ਵੋਟਰਾਂ ਨੂੰ ਕੈਂਪ ਲਗਾਕੇ ਕੀਤਾ ਜਾਵੇ ਜਾਗਰੂਕ

ਫਤਹਿਗੜ੍ਹ ਸਾਹਿਬ: 09 ਅਕਤੂਬਰ : ਲੋਕ ਸਭਾ ਚੋਣਾ 2024 ਦੇ ਮੱਦੇਨਜ਼ਰ ਪੀ.ਡਬਲਿਊ.ਡੀ. ਵੋਟਰਾਂ ਦੀ ਸਹੂਲਤ ਲਈ ਜ਼ਿਲ੍ਹੇ ਦੇ ਸਮੂਹ ਪੋਲਿੰਗ ਸਟੇਸ਼ਨਾਂ ਦੇ ਲੋਂੜੀਦੇ ਪ੍ਰਬੰਧ ਮੁਕੰਮਲ ਕੀਤੇ ਜਾਣ ਤਾਂ ਜੋ ਕਿਸੇ ਵੀ ਵੋਟਰ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨ ਸਮੇਂ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਈਸ਼ਾ ਸਿੰਗਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਨਵੀਆਂ ਵੋਟਾਂ ਬਣਾਉਣ ਅਤੇ ਸਰਸਰੀ ਸੁਧਾਈ ਸਬੰਧੀ ਕੀਤੇ ਜਾ ਰਹੇ ਕਾਰਜਾਂ ਦਾ ਜਾਇਜ਼ਾ ਲੈਣ ਲਈ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਤੇ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਨ ਮੌਕੇ ਕੀਤਾ। ਉਹਨਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਜ਼ਿਲ੍ਹੇ ਵਿੱਚ ਪੈਂਦੇ ਸਾਰੇ ਪੋਲਿੰਗ ਸਟੇਸ਼ਨਾਂ ਦੀ  ਸਨਾਖਤ ਕਰਕੇ ਰਿਪੋਰਟ ਤਿਆਰ ਕਰਨ ਕਿ ਕਿਹੜੇ ਪੋਲਿੰਗ ਸਟੇਸ਼ਨ ਤੇ ਕਿਸ ਸਹੂਲਤ ਦੀ ਕਮੀ ਹੈ ਤਾਂ ਜੋ ਉਸਨੂੰ ਸਮੇਂ ਸਿਰ ਪੂਰਾ ਕੀਤਾ ਜਾ ਸਕੇ। ਉਹਨਾਂ ਨੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਪੋਲਿੰਗ ਸਟੇਸ਼ਨ ਪੱਧਰ ਤੇ ਇਹ ਵੀ ਜਾਣਕਾਰੀ ਇਕੱਤਰ ਕੀਤੀ ਜਾਵੇ ਕਿ ਕਿਸ ਪੋਲਿੰਗ ਸਟੇਸ਼ਨ ਤੇ ਕਿਸ ਕਿਸਮ ਦੇ ਦਿਵਿਆਂਗ ਵੋਟਰ ਹਨ ਤਾਂ ਜੋ ਉਹਨਾਂ ਦੀ ਲੋੜ ਮੁਤਾਬਿਕ ਸਹੂਲਤ ਉਪਲੱਬਧ ਕਰਵਾਈ ਜਾਵੇ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੀ.ਡਬਲਿਊ.ਡੀ. ਵੋਟਰਾਂ ਦੀ ਵੋਟਾਂ ਵਿੱਚ 100 ਫੀਸਦੀ ਸਮੂਲੀਅਤ ਲਈ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦਾ ਸਹਿਯੋਗ ਲਿਆ ਜਾਵੇ। ਉਹਨਾਂ ਅਧਿਕਾਰੀਆਂ ਨੂੰ ਕਿਹਾ ਕਿ 18 ਤੋਂ 19 ਸਾਲ ਦੇ ਵੋਟਰਾਂ ਅਤੇ ਪੀ.ਡਬਲਿਊ.ਡੀ ਵੋਟਰਾਂ ਨੂੰ ਵੋਟਾਂ ਬਣਾਉਣ ਅਤੇ ਵੋਟਾਂ ਪਾਉਣ ਲਈ ਕੈਂਪ ਲਗਾਕੇ ਜਾਗਰੂਕ ਕੀਤਾ ਜਾਵੇ। ਉਹਨਾਂ ਸਵੀਪ ਨੋਡਲ ਅਫ਼ਸਰ -ਕਮ- ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਕਿਹਾ ਕਿ ਸਵੀਪ ਸਬੰਧੀ ਕੀਤੀਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਤੇ ਵੀਡੀਓ ਕਲਿੱਪ ਬਣਾਏ ਜਾਣ ਤਾਂ ਜੋ ਨਵੇਂ ਵੋਟਰਾਂ ਨੂੰ ਜਾਗਰੂਕ ਕਰਨ ਵਿੱਚ ਮਦਦ ਮਿਲ ਸਕੇ। ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀਮਤੀ ਜੋਬਨਦੀਪ ਕੌਰ, ਸਹਾਇਕ ਸਿਵਲ ਸਰਜਨ ਸ੍ਰੀਮਤੀ ਸਵਪਨਜੀਤ ਕੌਰ, ਜ਼ਿਲ੍ਹਾ ਸੀਨੀਅਰ ਅਧਿਕਾਰਤਾ ਅਫ਼ਸਰ ਸ੍ਰੀਮਤੀ ਕੁਲਵਿੰਦਰ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਗੁਰਦੀਪ ਸਿੰਘ, ਕਨਫੇਡਰੇਸ਼ਨ ਫਾਰ ਚੈਲਜ਼ਡ ਦੇ ਪ੍ਰਧਾਨ ਸ੍ਰੀ ਮਨਮੋਹਨ ਜਰਗਰ, ਸ੍ਰੀ ਗੁਰਵਿੰਦਰ ਸੋਨੀ ਅਤੇ ਸ੍ਰੀ ਹਰਭਜਨ ਸਿੰਘ ਜੱਲੋਵਾਲ ਤੋਂ ਇਲਾਵਾ ਹੋਰ ਅਧਿਕਾਰੀ ਵੀ ਸ਼ਾਮਲ ਸਨ।