'ਸਪੋਰਟਸ ਫਾਰ ਲੋਕਤੰਤਰ ਦੀ ਸਪੋਰਟ' ਥੀਮ ਤਹਿਤ ਮਨਾਇਆ ਰਾਸ਼ਟਰੀ ਖੇਡ ਦਿਵਸ

  • ਡੀ.ਐਮ. ਕਾਲਜ ਵਿੱਚ ਕਰਵਾਈਆਂ ਖੇਡਾਂ, ਬੀ.ਐਲ.ਓਜ਼ ਵੱਲੋਂ ਲਿਆ ਗਿਆ ਭਾਗ ਖੇਡਾਂ ਦੇ ਨਾਲ ਨਾਲ ਵੋਟਾਂ ਬਾਰੇ ਵੀ ਫੈਲਾਈ ਜਾਗਰੂਕਤਾ

ਮੋਗਾ, 29 ਅਗਸਤ : ਭਾਰਤ ਵਿੱਚ ਰਾਸ਼ਟਰੀ ਖੇਡ ਦਿਵਸ ਮਹਾਨ ਭਾਰਤੀ ਹਾਕੀ ਖਿਡਾਰੀ, ਮੇਜਰ ਧਿਆਨ ਚੰਦ ਦੇ ਜਨਮ ਦਿਨ ਦੀ ਯਾਦ ਵਿੰਚ ਮਨਾਇਆ ਜਾਂਦਾ ਹੈ, ਜਿਸ ਨੂੰ ਹਾਕੀ ਦਾ ਜਾਦੂਗਰ ਵੀ ਕਿਹਾ ਜਾਂਦਾ ਹੈ। ਮਹਾਨ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਖੇਡ ਦੇ ਇਤਿਹਾਸ ਵਿੱਚ ਸਭ ਤੋਂ ਮਹਾਨ ਖਿਡਾਰੀਆਂ ਵਿੱਚੋਂ ਇੱਕ ਹਨ। ਦੇਸ਼ ਵਿੱਚ ਰਾਸ਼ਟਰੀ ਖੇਡ ਦਿਵਸ ਮਨਾਉਣ ਦਾ ਇੱਕੋ ਇੱਕ ਮਕਸਦ, ਦੇਸ਼ ਦੇ ਨੌਜਵਾਨਾਂ ਵਿੱਚ ਖੇਡਾਂ ਦੀ ਭਾਵਨਾ ਪੈਦਾ ਕਰਨਾ ਅਤੇ ਖਿਡਾਰੀਆਂ ਨੂੰ ਖੇਡਾਂ ਵਿੱਚ ਆਪਣਾ ਭਵਿੱਖ ਬਣਾਉਣ ਲਈ ਉਤਸ਼ਾਹਿਤ ਕਰਨਾ ਹੈ ਤਾਂ ਜੋ ਉਹ ਕਿਸੇ ਵੀ ਤਰ੍ਹਾਂ ਦੇ ਖੇਡ ਮੁਕਾਬਲੇ ਨੂੰ ਜਿੱਤ ਕੇ ਦੇਸ਼ ਅਤੇ ਸੂਬੇ ਦਾ ਨਾਮ ਰੌਸ਼ਨ ਕਰ ਸਕਣ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਡੀ.ਐਮ. ਕਾਲਜ ਮੋਗਾ ਵਿਖੇ ਰਾਸ਼ਟਰੀ ਖੇਡ ਦਿਵਸ-2023 ਨੂੰ ਸਮਰਪਿਤ ਰੱਖੇ ਗਏ ਪ੍ਰੋਗਰਾਮ ਵਿੱਚ ਭਾਗ ਲੈਣ ਮੌਕੇ ਕੀਤਾ। ਇਸ ਵਾਰ ਮੋਗਾ ਵਿਖੇ ਰਾਸ਼ਟਰੀ ਖੇਡ ਦਿਵਸ 'ਸਪੋਰਟਸ ਫਾਰ ਲੋਕਤੰਤਰ ਦੀ ਸਪੋਰਟ' ਤਹਿਤ ਆਯੋਜਿਤ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਹਲਕਾ ਮੋਗਾ ਦੇ ਬੀ.ਐਲ.ਓਜ਼ ਵੱਲੋਂ ਭਾਗ ਲਿਆ ਗਿਆ ਅਤੇ ਕਾਲਜ ਵਿੱਚ ਖੇਡਾਂ ਦਾ ਆਯੋਜਨ ਕਰਵਾਇਆ ਗਿਆ। ਇਸ ਮੌਕੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ-ਕਮ-ਉਪ ਮੰਡਲ ਮੈਜਿਸਟ੍ਰੇਟ ਮੋਗਾ ਸ੍ਰੀਮਤੀ ਚਾਰੂਮਿਤਾ ਵੱਲੋਂ ਵੀ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਨਾਲ ਵੋਟ ਦੀ ਮਹੱਤਤਾ ਤੋਂ ਵੀ ਜਾਣੂੰ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਦੇ ਖੇਤਰ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੀਦਾ ਹੈ। ਖੇਡਾਂ ਤੋਂ ਇਲਾਵਾ ਉਨ੍ਹਾਂ ਵੋਟ ਦੀ ਮਹੱਤਤਾ ਬਾਰੇ ਵੀ ਨੌਜਵਾਨਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਵੋਟ ਬਣਾਉਣ ਦੀਆਂ ਚਾਰ ਮਿਤੀਆਂ ਜਾਰੀ ਕੀਤੀਆਂ ਹਨ ਜਿਵੇਂ ਕਿ ਹਰ ਸਾਲ 1 ਜਨਵਰੀ, 1 ਅਪ੍ਰੈਲ, 1 ਜੁਲਾਈ ਅਤੇ 1 ਅਕਤੂਬਰ ਨੂੰ ਨਵੀਂ ਵੋਟ ਲਈ ਅਪਲਾਈ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੂੰ ਆਪਣੀ ਵੋਟ ਜਰੂਰੀ ਬਣਾਉਣੀ ਚਾਹੀਦੀ ਹੈ ਅਤੇ ਇਸਦਾ ਬਿਨ੍ਹਾਂ ਕਿਸੇ ਲਾਲਚ ਜਾਂ ਡਰ ਤੋਂ ਇਸਤੇਮਾਲ ਕਰਨਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਵੀਪ ਨੋਡਲ ਅਫ਼ਸਰ ਗੁਰਪ੍ਰੀਤ ਸਿੰਘ ਘਾਲੀ, ਚੋਣ ਕਾਨੂੰਗੋ ਜਸਵੀਰ ਸਿੰਘ, ਪ੍ਰਿੰਸੀਪਲ ਡੀ.ਐਮ. ਕਾਲਜ ਐਸ.ਕੇ. ਸ਼ਰਮਾ ਆਦਿ ਹਾਜ਼ਰ ਸਨ।--