ਡਿਪਟੀ ਕਮਿਸ਼ਨਰ ਨੂੰ ਹੜ੍ਹ ਪ੍ਰਭਾਵਿਤ ਲੋਕਾਂ ਦੀ ਰਾਹਤ ਵਾਸਤੇ ਮੁਨਸ਼ੀ ਰਾਮ ਟਰੱਸਟ ਵੱਲੋਂ 31 ਹਜਾਰ ਦਾ ਚੈਕ ਭੇਂਟ

ਫਾਜ਼ਿਲਕਾ, 23 ਅਗਸਤ : ਜ਼ਿਲ੍ਹਾ ਪ੍ਰਸ਼ਾਸਨ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਦਿਨ ਰਾਤ ਕਾਰਜ ਵਿਚ ਜੁਟਿਆ ਹੋਇਆ ਹੈ।ਲੋਕਾਂ ਨੂੰ ਹਰ ਤਰ੍ਹਾਂ ਨਾਲ ਰਾਹਤ ਸਮੱਗਰੀ ਪਹੁੰਚਾਉਣ ਵਿਚ ਅਧਿਕਾਰੀ ਲਗਾਤਾਰ ਆਪਣੀਆਂ ਸੇਵਾਵਾਂ ਦੇ ਰਹੇ ਹਨ। ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਲਈ ਕੀਤੇ ਜਾ ਰਹੇ ਉਪਰਾਲਿਆਂ ਸਦਕਾ ਵੱਖ—ਵੱਖ ਸਮਾਜ ਸੇਵੀ ਸੰਸਥਾਵਾਂ ਵੀ ਮੋਹਰੀ ਹੋ ਕੇ ਲੋੜ ਅਨੁਸਾਰ ਸੁਵਿਧਾਵਾਂ ਮੁਹੱਈਆ ਕਰਵਾ ਰਹੀਆਂ ਹਨ। ਇਸੇ ਤਹਿਤ ਲਾਲਾ ਮੁਨਸ਼ੀ ਰਾਮ ਅਗਰਵਾਲ ਚੈਰੀਟੇਬਲ ਟਰੱਸਟ ਵੱਲੋਂ ਡਿਪਟੀ ਕਮਿਸ਼ਨਰ ਨੂੰ ਹੜ੍ਹ ਪ੍ਰਭਾਵਿਤ ਲੋਕਾਂ ਦੀ ਰਾਹਤ ਲਈ 31 ਹਜ਼ਾਰ ਰੁਪਏ ਦਾ ਚੈਕ ਭੇਂਟ ਕੀਤਾ ਗਿਆ ਜ਼ੋ ਕਿ ਇਸ ਔਖੀ ਘੜੀ ਵਿਚ ਲੋਕਾਂ ਲਈ ਰਾਹਤ ਦਾ ਕੰਮ ਕਰੇਗਾ। ਉਨ੍ਹਾਂ ਟਰੱਸਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਮੁਸ਼ਕਿਲ ਘੜੀ ਵਿਚ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਲਈ ਮਦਦ ਕਰਨਾ ਸਾਡਾ ਸਭ ਦਾ ਨੈਤਿਕ ਫਰਜ ਬਣਦਾ ਹੈ। ਉਨ੍ਹਾਂ ਕਿਹਾ ਕਿ ਕੁਦਰਤੀ ਕਰੋਪੀ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦੀ ਪੂਰਤੀ ਲਈ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਤੇ ਸਮਾਜ ਸੇਵੀ ਸੰਸਥਾਵਾਂ ਲਗਾਤਾਰ ਰਾਹਤ ਸੇਵਾਵਾਂ ਮੁਹੱਈਆ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਜਾਨ—ਮਾਲ ਦੀ ਸੁਰੱਖਿਆ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਤਰ੍ਹਾ ਨਾਲ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਲਾਲਾ ਮੁਨਸ਼ੀ ਰਾਮ ਅਗਰਵਾਲ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਸ੍ਰੀ ਸੁਰਿੰਦਰ ਕੁਮਾਰ ਆਹੁਜਾ ਨੇ ਕਿਹਾ ਕਿ ਇਹ ਟਰੱਸਟ ਪਹਿਲਾਂ ਵੀ ਲੋੜਵੰਦ ਲੋਕਾਂ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਫਾਜ਼ਿਲਕਾ ਦੇ ਵਿਦਿਆਰਥੀਆਂ ਨੂੰ ਐਮ.ਆਰ. ਸਰਕਾਰੀ ਕਾਲਜ ਇਸ ਟਰੱਸਟ ਦੀ ਦੇਣ ਹੈ ਜਿਸ ਵਿਚ ਅਨੇਕਾ ਵਿਦਿਆਰਥੀਆਂ ਨੇ ਆਪਣਾ ਭਵਿੱਖ ਸਵਾਰਿਆ ਹੈ। ਉਨ੍ਹਾਂ ਕਿਹਾ ਕਿ ਟਰੱਸਟ ਵੱਲੋਂ ਸੁੰਦਰ ਆਸ਼ਰਮ ਧਰਮਸ਼ਾਲਾ ਤੇ ਮੰਦਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਧੋਬੀ ਘਾਟ ਵਿਚ ਆਰ.ਓ ਪਲਾਂਟ, ਅੱਖਾਂ ਦੇ ਕੈਂਪ, ਲੋੜਵੰਦ ਬਚਿਆਂ ਨੂੰ ਉਚੇਰੀ ਸਿਖਿਆ ਲਈ ਵਿਤੀ ਸਹਾਇਤਾ, ਮਰੀਜਾਂ ਨੂੰ ਮੁਫਤ ਦਵਾਈਆਂ, ਗਰੀਬ ਵਿਦਿਆਰਥੀਆ ਲਈ ਮੁਫਤ ਪੜ੍ਹਾਈ ਦੇ ਨਾਲ—ਨਾਲ ਹੋਰ ਵੀ ਸੇਵਾ ਦੇ ਕੰਮ ਟਰੱਸਟ ਵੱਲੋਂ ਕੀਤੇ ਜਾ ਰਹੇ ਹਨ ਤੇ ਜਾਰੀ ਰਹਿਣਗੇ। ਇਸ ਮੌਕੇ ਗਿਰਧਾਰੀ ਲਾਲ ਅਗਰਵਾਲ ਸਕੱਤਰ ਤੇ ਵਿਨੋਦ ਕੁਮਾਰ ਬਾਂਸਲ ਕੈਸ਼ੀਅਰ ਮੌਜੂਦ ਸਨ।