ਕਮਿਸ਼ਨਰ ਨਗਰ ਨਿਗਮ ਜਗਵਿੰਦਰਜੀਤ ਸਿੰਘ ਗਰੇਵਾਲ ਵੱਲੋਂ ਸ਼ਹਿਰ ਵਿੱਚ ਚੱਲ ਰਹੀ ਸਫ਼ਾਈ ਦਾ ਲਿਆ ਜਾਇਜਾ

  • ਸਵੇਰੇ 7 ਤੋਂ 10 ਵਜੇ ਤੱਕ ਫੀਲਡ ਵਿੱਚ ਰਹਿ ਕੇ ਵੱਖ ਵੱਖ ਸਥਾਨਾਂ ਉੱਪਰ ਚੈੱਕ ਕੀਤੀ ਸਫ਼ਾਈ ਵਿਵਸਥਾ
  • ਨਗਰ ਨਿਗਮ ਵੱਲੋਂ ਸ਼ਹਿਰ ਨੂੰ ਸਾਫ਼ ਸੁਥਰਾ ਤੇ ਹਰਿਆ ਭਰਿਆ ਰੱਖਣ ਦੇ ਖੇਤਰ ਵਿੱਚ ਦਿੱਤੀ ਜਾ ਰਹੀ ਵਿਸ਼ੇਸ਼ ਤਰਜੀਹ-ਕਮਿਸ਼ਨਰ ਨਗਰ ਨਿਗਮ

ਮੋਗਾ, 4 ਅਕਤੂਬਰ : ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਸ਼ਹਿਰ ਮੋਗਾ ਦੀ ਸਾਫ਼ ਸਫ਼ਾਈ ਅਤੇ ਇਸਨੂੰ ਗੰਦਗੀ ਮੁਕਤ ਰੱਖਣ ਲਈ ਨਗਰ ਨਿਗਮ ਮੋਗਾ ਯਤਨਸ਼ੀਲ ਹੈ। ਨਗਰ ਨਿਗਮ ਮੋਗਾ ਦੀ ਹਦੂਦ ਅੰਦਰ 400 ਸਫ਼ਾਈ ਕਰਮਚਾਰੀ ਰੋਜ਼ਾਨਾ ਸ਼ਹਿਰ ਦੀ ਸਫ਼ਾਈ ਲਈ ਸਵੇਰੇ ਹੀ ਆਪਣੀ ਡਿਊਟੀ ਨਿਭਾਉਣ ਲੱਗ ਪੈਂਦੇ ਹਨ ਤਾਂ ਕਿ ਸ਼ਹਿਰ ਵਾਸੀ ਸਫ਼ਾਈ ਵਾਲੇ ਮਹੌਲ ਵਿੱਚ ਵਿਚਰ ਸਕਣ। ਕਮਿਸ਼ਨਰ ਨਗਰ ਨਿਗਮ ਮੋਗਾ ਸ੍ਰ.  ਜਗਵਿੰਦਰਜੀਤ  ਸਿੰਘ ਗਰੇਵਾਲ ਵੱਲੋਂ ਅੱਜ ਸਵੇਰੇ 7 ਵਜੇ ਤੋਂ 10 ਵਜੇ ਤੱਕ ਨਗਰ ਨਿਗਮ ਮੋਗਾ ਦੀ ਹਦੂਦ ਦੇ ਵੱਖ ਵੱਖ ਸਥਾਨਾਂ ਉੱਪਰ ਚੱਲ ਰਹੀ ਸਫ਼ਾਈ ਦਾ ਜਾਇਜਾ ਲਿਆ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਸ਼ਹਿਰ ਵਿੱਚ ਪਾਣੀ ਦੀ ਸਮੱਸਿਆ ਜਾਂ ਹੋਰ ਸਮੱਸਿਆਵਾਂ ਜਾਣਨ ਲਈ ਸ਼ਹਿਰ ਦਾ ਦੌਰਾ ਕੀਤਾ। ਉਨ੍ਹਾਂ 7 ਤੋਂ 10 ਵਜੇ ਤੱਕ ਦਾ ਸਾਰਾ ਸਮਾਂ ਸ਼ਹਿਰ ਵਾਸੀਆਂ ਨੁੂੰ ਨਗਰ ਨਿਗਮ ਮੋਗਾ ਵੱਲੋਂ ਮਿਲ ਰਹੀਆਂ ਸੇਵਾਵਾਂ ਅਤੇ ਸਫ਼ਾਈ ਵਿਵਸਥਾ ਦਾ ਜਾਇਜਾ ਲੈਂਦਿਆਂ ਹੀ ਬਤੀਤ ਕੀਤਾ। ਉਨ੍ਹਾਂ ਸਫ਼ਾੲ ਕਾਮਿਆਂ ਨੂੰ ਆਪਣਾ ਕੰਮ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕਰਨ ਲਈ ਪ੍ਰੇਰਿਆ। ਉਨ੍ਹਾਂ ਸ਼ਹਿਰ ਦੇ ਪਾਰਕਾਂ ਅਤੇ ਹੋਰ ਵੱਖ ਵੱਖ ਸਥਾਨਾਂ ਦੀ ਚੈਕਿੰਗ ਕੀਤੀ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਮੋਗਾ ਵੱਲੋਂ ਸ਼ਹਿਰ ਵਾਸੀਆਂ ਨੂੰ ਮੁਹੱਈਆ ਕਰਵਾਈਆਂ ਜਾਂਦੀਆਂ ਸਾਰੀਆਂ ਸਹੂਲਤਾਂ ਲੋਕਾਂ ਨੂੰ ਬਿਨ੍ਹਾਂ ਕਿਸੇ ਪ੍ਰੇਸ਼ਾਨੀ ਦੇ ਮੁਹੱਈਆ ਕਰਵਾਉਣੀਆਂ ਯਕੀਨੀ ਬਣਾਈਆਂ ਜਾ ਰਹੀਆਂ ਹਨ। ਸ਼ਹਿਰ ਦੀ ਸਾਫ਼ ਸਫ਼ਾਈ ਅਤੇ ਇਸਨੂੰ ਹਰਿਆ ਭਰਿਆ ਰੱਖਣ ਦੇ ਖੇਤਰ ਵਿੱਚ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ। ਕਮਿਸ਼ਨਰ ਸ੍ਰ. ਜਗਵਿੰਦਰਜੀਤ ਸਿੰਘ ਗਰੇਵਾਲ ਨੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਸ਼ਹਿਰ ਦੀ ਸਫ਼ਾਈ ਰੱਖਣ ਲਈ ਆਪਣਾ ਨਿੱਜੀ ਯੋਗਦਾਨ ਪਾਉਣ। ਗਿੱਲਾ ਕੂੜਾ ਅਤੇ ਸੁੱਕਾ ਕੂੜਾ ਅਲੱਗ ਅਲੱਗ ਸਟੋਰ ਕੀਤਾ ਜਾਵੇ ਤਾਂ ਕਿ ਇਸਦੀ ਸਹੀ ਤਰੀਕੇ ਨਾਲ ਸੈਗਰੀਗੇਸ਼ਨ ਹੋ ਸਕੇ। ਇਸ ਮੌਕੇ ਉਨ੍ਹਾਂ ਨਾਲ ਨਗਰ ਨਿਗਮ ਮੋਗਾ ਦੀ ਟੀਮ ਦੇ ਮੈਂਬਰ ਵੀ ਮੌਜੂਦ ਸਨ।