ਪੀ.ਏ.ਯੂ ਦੁਆਰਾ ਵਿਕਸਿਤ “ਸਰਫੇਸ ਸੀਡਰ ਮਸ਼ੀਨ ਦੀ ਵੱਧ ਤੋਂ ਵੱਧ ਵਰਤੋਂ ਕਰਾਉਣ ਸਬੰਧੀ ਬਹੁ ਵਿਭਾਗੀ ਮੀਟਿੰਗ

ਫਰੀਦਕੋਟ 6 ਸਤੰਬਰ : ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ, ਡਾ. ਕਰਨਜੀਤ ਸਿੰਘ ਗਿੱਲ, ਮੁੱਖ ਖੇਤੀਬਾੜੀ ਅਫਸਰ, ਫਰੀਦਕੋਟ ਦੀ ਪ੍ਰਧਾਨਗੀ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਦਫਤਰ ਵਿਖੇ ਆਉਂਦੇ ਝੋਨੇ ਦੀ ਵਾਢੀ ਦੇ ਸੀਜ਼ਨ ਮੌਕੇ ਪੀ.ਏ.ਯੂ ਦੁਆਰਾ ਵਿਕਸਿਤ ਸਰਫੇਸ ਸੀਡਰ ਮਸ਼ੀਨ ਦੀ ਵਰਤੋਂ ਵਧਾਉਣ ਸਬੰਧੀ ਮੀਟਿੰਗ ਕੀਤੀ ਗਈ ਜਿਸ ਵਿੱਚ ਜਿਲ੍ਹਾ ਵਿਕਾਸ ਅਤੇ ਪੰਚਾਇਤ ਦਫਤਰ, ਕ੍ਰਿਸ਼ੀ ਵਿਗਿਆਨ ਕੇਂਦਰ, ਸਹਿਕਾਰਤਾ ਵਿਭਾਗ, ਡੀ.ਸੀ.ਦਫਤਰ ਅਤੇ ਖੇਤੀਬਾੜੀ ਅਤੇ ਵਿਭਾਗ ਦੇ ਅਧਿਕਾਰੀਆਂ ਨੇ ਹਿੱਸਾ ਲਿਆ। ਮੀਟਿੰਗ ਵਿੱਚ ਡਾ. ਗਿੱਲ ਨੇ ਇਹਨਾਂ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਰਫੇਸ ਸੀਡਰ ਸਬਸਿਡੀ ਤੇ ਲੈਣ ਲਈ ਵੱਧ ਤੋਂ ਵੱਧ ਅਪਲਾਈ ਕਰਨ ਲਈ ਕਿਹਾ ਕਿਉਂ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਇਹ ਮਸ਼ੀਨ ਤੇ ਕਿਸਾਨ ਲਈ 50 ਪ੍ਰਤੀਸ਼ਤ ਅਤੇ ਸਹਿਕਾਰੀ ਸਭਾਵਾਂ ਜਾਂ ਪੰਚਾਇਤਾਂ ਜਾਂ ਕਿਸਾਨ ਗਰੁੱਪਾਂ ਲਈ 80 ਪ੍ਰਤੀਸ਼ਤ ਸਬਸਿਡੀ ਦੀ ਹੈ। ਇਸ ਮੌਕੇ ਇੰਜੀਨੀਅਰ ਅਕਸ਼ਿਤ ਜੈਨ ਨੇ ਸਰਫੇਸ਼ ਸੀਡਰ ਦੇ ਫਾਇਦੇ ਦੱਸਦਿਆਂ ਕਿਹਾ ਕਿ ਇਹ ਮਸ਼ੀਨ ਹੋਰਨਾਂ ਮਸ਼ੀਨਾਂ ਨਾਲੋਂ ਸਸਤੀ ਹੈ ਤੇ 45 ਹਾਰਸਪਾਵਰ ਵਾਲੇ ਟਰੈਕਟਰ ਤੇ ਨਾਲ ਵੀ ਚੱਲਦੀ ਹੈ ਅਤੇ ਇਸ ਮਸ਼ੀਨ ਨਾਲ ਕਣਕ ਦੀ ਬਿਜਾਈ ਤੇ ਪ੍ਰਤੀ ਏਕੜ ਕੇਵਲ 700 ਤੋਂ 800 ਰੁਪਏ ਦਾ ਹੀ ਖਰਚਾ ਆਉਂਦਾ ਹੈ। ਮੀਟਿੰਗ ਵਿੱਚ ਮੌਜੂਦ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਇਸ ਮਸ਼ੀਨ ਦੀ ਪਹੁੰਚ ਕਿਸਾਨ ਤੱਕ ਵੱਧ ਤੋਂ ਵੱਧ ਵਧਾਉਣ ਸਬੰਧੀ ਵਿਉਂਤਬੰਦੀ ਕੀਤੀ ਗਈ।