ਮਾਂ ਦਾ ਦੁੱਧ ਬੱਚੇ ਲਈ ਸੰਪੂਰਨ ਆਹਾਰ-ਸੁਪਰਵਾਈਜਰ ਸਤਿੰਦਰ ਕੌਰ

  • ਪਿੰਡ ਬਾਧਾ ਦੀਆਂ ਔਰਤਾਂ ਨੂੰ ਮਾਂ ਦੇ ਦੁੱਧ ਦੀ ਮਹੱਤਤਾ ਦੀ ਦਿੱਤੀ ਜਾਣਕਾਰੀ
  • ਆਂਗਣਵਾੜੀ ਸੈਂਟਰ ਵਿੱਚ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਦਿੱਤੀ ਜਾਣਕਾਰੀ

ਫਾਜ਼ਿਲਕਾ 7 ਅਗਸਤ : ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਦੀਆਂ ਹਦਾਇਤਾਂ ਮੁਤਾਬਿਕ ਜ਼ਿਲ੍ਹਾ ਪ੍ਰੋਗਰਾਮ ਅਫਸਰ ਨਵਦੀਪ ਕੌਰ ਦੇ ਦਿਸ਼ਾ ਨਿਰਦੇਸ਼ਾ ਹੇਠ ਪਿੰਡ ਬਾਧਾ ਵਿਖੇ ਸੈਂਟਰ ਕੋਡਰ 507, 508 ਅਤੇ 509 ਵਿੱਚ ਬਰੈਸਟ ਫੀਡਿੰਗ ਹਫਤਾ ਮਨਾਇਆ ਗਿਆ। ਇਸ ਮੌਕੇ ਸੁਪਰਵਾਈਜਰ ਸਤਿੰਦਰ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਂ ਦਾ ਦੁੱਧ ਨਵਜੰਮੇ ਬੱਚੇ ਲਈ ਅੰਮ੍ਰਿਤ ਹੈ। ਨਵ ਜਨਮੇ ਬੱਚੇ ਨੂੰ ਜਨਮ ਦੇ ਇੱਕ ਘੰਟੇ ਅੰਦਰ ਅੰਦਰ ਕੇਵਲ ਮਾਂ ਦਾ ਦੁੱਧ ਪਿਲਾਉਣਾ ਚਾਹੀਦਾ ਹੈ ਕਿਉਂਕਿ ਇਸ ਦੁੱਧ ਦਾ ਮੁਕਾਬਲਾ ਕੋਈ ਹੋਰ ਆਹਾਰ ਨਹੀਂ ਕਰ ਸਕਦਾ ਤੇ ਮਾਂ ਦਾ ਪਹਿਲਾ ਗਾੜਾ ਦੁੱਧ ਬੱਚੇ ਨੂੰ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ। ਉਨ੍ਹਾਂ ਕਿਹਾ ਕਿ ਜੋ ਔਰਤਾਂ ਆਪਣੇ ਨਵਜੰਮੇ ਬੱਚਿਆਂ ਨੂੰ ਛੇ ਮਹੀਨੇ ਤੱਕ ਸਿਰਫ ਆਪਣਾ ਦੁੱਧ ਪਿਲਾਉਂਦੀਆਂ ਹਨ, ਉਨ੍ਹਾਂ ਬੱਚਿਆਂ ਦਾ ਵਿਕਾਸ ਨਿਰੰਤਰ ਹੁੰਦਾ ਹੈ ਅਤੇ ਉਹ ਵਧੇਰੇ ਤੰਦਰੁਸਤ ਵੀ ਰਹਿੰਦੇ ਹਨ। ਬਲਾਕ ਕੋਆਰਡੀਨੇਟਰ ਇੰਦਰਜੀਤ ਕੌਰ ਨੇ ਦੱਸਿਆ ਕਿ ਮਾਂ ਦਾ ਦੁੱਧ ਬੱਚਿਆਂ ਲਈ ਬਹੁਤ ਜ਼ਰੂਰੀ ਹੁੰਦਾ ਹੈ ਤੇ ਔਰਤਾਂ ਨੂੰ ਆਪਣੀ ਜਿੰਮੇਵਾਰੀ ਨਿਭਾਉਂਦਿਆਂ ਛੇ ਮਹੀਨੇ ਤੱਕ ਕੇਵਲ ਆਪਣਾ ਦੁੱਧ ਹੀ ਪਿਲਾਉਣਾ ਚਾਹੀਦਾ ਹੈ ਕਿਉਂਕਿ ਇਹ ਬੱਚਿਆਂ ਨੂੰ ਕੁਪੋਸ਼ਣ ਅਤੇ ਡਾਇਰੀਆਂ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਬਚਾਉਂਦਾ ਹੈ ਅਤੇ ਬੱਚਿਆਂ ਦੇ ਸਰੀਰਕ ਤੇ ਮਾਨਸਿਕ ਵਿੱਚ ਵੀ ਸਹਾਇਕ ਹੁੰਦਾ ਹੈ। ਇਸ ਮੌਕੇ ਸੁਪਰਵਾਈਜਰ ਸਤਿੰਦਰ ਕੌਰ ਤੇ ਮਨਪ੍ਰੀਤ ਕੌਰ, ਪ੍ਰਵੀਨ ਰਾਣੀ, ਬਲਾਕ ਕੋਆਰਡੀਨੇਟਰ ਇੰਦਰਜੀਤ ਕੌਰ, ਸੀਮਾ ਰਾਣੀ, ਰਾਜ ਰਾਣੀ, ਪਰਮਜੀਤ ਕੌਰ, ਕਲਾਸ਼ ਰਾਣੀ ਅਤੇ ਕੁਸੱਲਿਆ ਦੇਵੀ ਸਮੇਤ ਆਦਿ ਹਾਜ਼ਰ ਸਨ।