ਮਾਂ ਦਾ ਪਹਿਲਾ ਦੁੱਧ ਬੱਚੇ ਲਈ ਅੰਮ੍ਰਿਤ ਹੈ: ਐਸਐਮਓ ਡਾ: ਗਾਂਧੀ

  • ਬੱਚੇ ਨੂੰ ਉਪਰੀ ਖੁਰਾਕ ਛੇ ਮਹੀਨੇ ਬਾਅਦ ਸ਼ੁਰੂ ਕਰਨੀ ਚਾਹੀਦੀ ਹੈ: ਬੀਈਈ ਸੁਸ਼ੀਲ ਕੁਮਾਰ

ਫਾਜ਼ਿਲਕਾ, 3 ਅਗਸਤ : ਸਿਹਤ ਵਿਭਾਗ ਵੱਲੋਂ ਮਨਾਏ ਜਾ ਰਹੇ ਅਜ਼ਾਦੀ ਦੇ ਅੰਮ੍ਰਿਤ ਮੋਹਤਸਵ ਤਹਿਤ ਅਤੇ ਸਿਵਲ ਸਰਜਨ ਫਾਜ਼ਿਲਕਾ ਡਾ: ਸਤੀਸ਼ ਗੋਇਲ, ਸਹਾਇਕ ਸਿਵਲ ਸਰਜਨ ਡਾ: ਬਬੀਤਾ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਵਿਕਾਸ ਗਾਂਧੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਸ਼ਵ ਛਾਤੀ ਦਾ ਦੁੱਧ ਚੁੰਘਾਉਣ ਸਪਤਾਹ ਦੇ ਸਬੰਧ ਵਿੱਚ ਅੱਜ ਸੀ.ਐਚ.ਸੀ ਖੂਈਖੇੜਾ ਅਧੀਨ ਪੈਂਦੇ ਪਿੰਡਾਂ ਵਿੱਚ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਦੌਰਾਨ ਬਲਾਕ ਖੂਈਖੇੜਾ ਅਧੀਨ ਪੈਂਦੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਮਾਵਾਂ ਨੂੰ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ। ਇਸ ਸਬੰਧੀ ਐਸ.ਐਮ.ਓ ਡਾ.ਗਾਂਧੀ ਨੇ ਦੱਸਿਆ ਕਿ ਜਨਮ ਤੋਂ ਤੁਰੰਤ ਬਾਅਦ ਮਾਂ ਦਾ ਪਹਿਲਾ ਪੀਲਾ ਗਾੜ੍ਹਾ ਦੁੱਧ ਨਵਜੰਮੇ ਬੱਚੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਜਨਮ ਤੋਂ ਬਾਅਦ ਛੇ ਮਹੀਨਿਆਂ ਤੱਕ ਬੱਚੇ ਨੂੰ ਕੋਈ ਹੋਰ ਭੋਜਨ ਜਾਂ ਪਾਣੀ ਵੀ ਨਹੀਂ ਦੇਣਾ ਚਾਹੀਦਾ। ਕਿਉਂਕਿ ਬੱਚੇ ਨੂੰ ਮਾਂ ਦੇ ਦੁੱਧ ਤੋਂ ਹੀ ਪੂਰਾ ਪੋਸ਼ਣ ਮਿਲਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਕੁਝ ਔਰਤਾਂ ਜਨਮ ਤੋਂ ਬਾਅਦ ਬੱਚੇ ਨੂੰ ਗਾਂ ਜਾਂ ਬੱਕਰੀ ਆਦਿ ਦਾ ਦੁੱਧ ਪਿਲਾਉਂਦੀਆਂ ਹਨ। ਜੋ ਕਿ ਬਿਲਕੁਲ ਗਲਤ ਹੈ, ਕਿਉਂਕਿ ਮਾਂ ਦਾ ਦੁੱਧ ਬੱਚੇ ਲਈ ਸਭ ਤੋਂ ਜ਼ਰੂਰੀ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਬਲਾਕ ਦੇ ਸਮੂਹ ਸਬ-ਸੈਂਟਰਾਂ ਵਿੱਚ 7 ਅਗਸਤ ਤੱਕ ਮਾਂ ਦਾ ਦੁੱਧ ਪਿਲਾਉਣ ਵਾਲਾ ਹਫ਼ਤਾ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਮਾਸ ਮੀਡੀਆ ਇੰਚਾਰਜ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਵੱਖ-ਵੱਖ ਪਿੰਡਾਂ ਵਿੱਚ ਲਗਾਏ ਜਾਗਰੂਕਤਾ ਕੈਂਪਾਂ ਦੌਰਾਨ ਵਿਭਾਗ ਦੇ ਸੀਐਚਓ ਅਤੇ ਏ.ਐਨ.ਐਮ ਨੇ ਹਾਜ਼ਰ ਔਰਤਾਂ ਨੂੰ ਦੱਸਿਆ ਕਿ ਮਾਂ ਦਾ ਦੁੱਧ ਬੱਚੇ ਲਈ ਸੰਪੂਰਨ ਖੁਰਾਕ ਹੈ, ਜੋ ਕਿ ਬੱਚੇ ਲਈ ਸਹਾਈ ਹੁੰਦਾ ਹੈ ਅਤੇ ਹੋਣ ਵਾਲੀਆਂ ਕਈ ਬਿਮਾਰੀਆਂ ਨਾਲ ਲੜਨ ਦੀ ਤਾਕਤ ਪ੍ਰਦਾਨ ਕਰਦਾ ਹੈ। ਬੱਚੇ ਨੂੰ ਛੇ ਮਹੀਨਿਆਂ ਬਾਅਦ ਉਪਰੀ ਖੁਰਾਕ ਦੇਣੀ ਸ਼ੁਰੂ ਕਰ ਦੇਣਾ ਚਾਹੀਦਾ ਹੈ, ਪਰ ਇਸ ਦੌਰਾਨ ਮਾਂ ਦਾ ਦੁੱਧ ਬੰਦ ਨਹੀਂ ਕਰਨਾ ਚਾਹੀਦਾ। ਜੇਕਰ ਮਾਂ ਦਾ ਦੁੱਧ ਨਾ ਦਿੱਤਾ ਜਾਵੇ ਤਾਂ ਬੱਚਾ ਅਕਸਰ ਬਿਮਾਰ ਰਹਿਣ ਲੱਗ ਪੈਂਦਾ ਹੈ ਅਤੇ ਬੱਚੇ ਦਾ ਮਾਨਸਿਕ ਅਤੇ ਸਰੀਰਕ ਵਿਕਾਸ ਰੁਕ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜੋ ਔਰਤਾਂ ਘਰੋਂ ਬਾਹਰ ਕੰਮ ਲਈ ਜਾਂਦੀਆਂ ਹਨ, ਉਹ ਅਕਸਰ ਬੱਚੇ ਨੂੰ ਡੱਬਾ ਬੰਦ ਦੁੱਧ ਨਾਲ ਸ਼ੁਰੂ ਕਰ ਦਿੰਦੀਆਂ ਹਨ, ਜੋ ਬੱਚੇ ਲਈ ਫਾਇਦੇ ਦੀ ਬਜਾਏ ਨੁਕਸਾਨ ਪਹੁੰਚਾਉਂਦੀਆਂ ਹਨ।