ਜ਼ਿਲ੍ਹਾ ਮੋਗਾ ਵਿੱਚ  ਜੂਨ  ਮਹੀਨੇ ਦੌਰਾਨ 1.16 ਲੱਖ ਲਾਭਪਾਤਰੀਆਂ ਨੂੰ 17.36 ਕਰੋੜ ਤੋਂ ਵਧੇਰੇ ਰੁਪਏ ਪੈਨਸ਼ਨ ਕਰਵਾਈ ਮੁਹੱਈਆ

  • ਲਾਭਪਾਤਰੀਆਂ ਨੂੰ ਨਿਰਵਿਘਨ ਤੇ ਬਿਨ੍ਹਾਂ ਦੇਰੀ ਤੋਂ ਪੈਨਸ਼ਨ ਕਰਵਾਈ ਜਾ ਰਹੀ ਮੁਹੱਈਆ-ਡਿਪਟੀ ਕਮਿਸ਼ਨਰ
  • 78937 ਬੁਢਾਪਾ, 20929 ਵਿਧਵਾ ਔਰਤਾਂ, 6597 ਆਸ਼ਰਿਤ ਬੱਚੇ, 9304 ਦਿਵਿਆਂਗਜਨ ਲੈ ਰਹੇ ਸਰਕਾਰੀ ਪੈਨਸ਼ਨਾਂ ਦਾ ਲਾਹਾ-ਕੁਲਵੰਤ ਸਿੰਘ

ਮੋਗਾ, 24 ਮਈ : ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਮੋਗਾ ਦੇ ਬੁਢਾਪਾ, ਵਿਧਵਾ, ਆਸ਼ਰਤਿ ਬੱਚਿਆਂ ਅਤੇ ਦਿਵਿਆਂਗਜਨਾਂ ਦੀਆਂ ਪੈਂਨਸ਼ਨਾਂ ਅਤੇ ਹੋਰ ਵਿੱਤੀ ਸਹਾਇਤਾ ਸਕੀਮਾਂ ਤਹਿਤ ਮਿਲਣ ਵਾਲੀਆਂ ਵਿੱਤੀ ਰਾਸ਼ੀਆਂ ਉਨ੍ਹਾਂ ਨੂੰ ਬਿਨ੍ਹਾਂ ਕਿਸੇ ਦੇਰੀ ਦੇ ਸਿੱਧੀਆਂ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਪਾਈਆਂ ਜਾ ਰਹੀਆਂ ਹਨ ਤਾਂ ਕਿ ਇਨ੍ਹਾਂ ਲਾਭਪਾਤਰੀਆਂ ਨੂੰ ਕਿਸੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ  ਇਸ ਵੇਲੇ 78937 ਬੁਢਾਪਾ, 20939 ਵਿਧਵਾ, 6697 ਆਸ਼ਰਤਿ ਬੱਚੇ, 9304 ਦਿਵਿਆਂਗਜਨ, ਲਾਭਪਾਤਰੀਆਂ ਦੇ ਰੂਪ ਵਿੱਚ ਇਨ੍ਹਾਂ ਸਰਕਾਰੀ ਪੈਂਨਸ਼ਨਾਂ ਦਾ ਵਿੱਤੀ ਲਾਹਾ ਲੈ ਰਹੇ ਹਨ।  ਇਨ੍ਹਾਂ ਕੁੱਲ 1 ਲੱਖ, 15 ਹਜ਼ਾਰ 767  ਲਾਭਪਾਤਰੀਆਂ ਨੂੰ ਮਹੀਨਾ ਜੂਨ 2023 ਦੌਰਾਨ 17 ਕਰੋੜ 36 ਲੱਖ 50 ਹਜਾਰ 500 ਰੁਪਏ ਦੀ ਪੈਨਸ਼ਨ ਰਾਸ਼ੀ ਬੈਂਕ ਖਾਤਿਆਂ ਵਿੱਚ ਸਿੱਧੀ ਟਰਾਂਸਫਰ ਕੀਤੀ ਜਾ ਚੁੱਕੀ ਹੈ। ਪੈਨਸ਼ਨ ਧਾਰਕਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਪ੍ਰਦਾਨ ਕੀਤੀ ਜਾ ਰਹੀਂ ਹੈ। ਡਿਪਟੀ ਕਮਿਸ਼ਨਰ ਨੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੁਢਾਪਾ ਪੈਨਸ਼ਨ ਸਕੀਮ ਤਹਿਤ 78937 ਲਾਭਪਾਤਰੀਆਂ ਨੂੰ 11 ਕਰੋੜ 84 ਲੱਖ 5 ਹਜਾਰ 500 ਰੁਪਏ,  20929 ਵਿਧਵਾ ਔਰਤਾਂ ਨੂੰ  03 ਕਰੋੜ 13 ਲੱਖ 93 ਹਜਾਰ 500 ਰੁਪਏ ਦੀ ਰਾਸ਼ੀ ਪ੍ਰਤੀ ਮਹੀਨਾ ਵਿਤਰਨ ਕੀਤੀ ਜਾ ਰਹੀ ਹੈ।  ਇਸੇ ਤਰ੍ਹਾਂ  ਜ਼ਿਲ੍ਹੇ ਦੇ ਕਰੀਬ 6697 ਆਸ਼ਰਿਤ ਬੱਚਿਆਂ ਨੂੰ ਸਕੀਮ ਤਹਿਤ 98 ਲੱਖ 95 ਹਜਾਰ 500 ਰੁਪਏ ਅਤੇ 9304 ਦਿਵਿਆਂਗਜਨ ਵਿਅਕਤੀਆਂ ਨੂੰ  1 ਕਰੋੜ 39 ਲੱਖ 56 ਹਜਾਰ ਰੁਪਏ ਦੀ ਰਾਸ਼ੀ ਵੀ ਵੰਡ ਪ੍ਰਤੀ ਮਹੀਨਾ ਕੀਤੀ ਜਾ ਰਹੀਂ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨੂੰ ਹਦਾਇਤ ਕੀਤੀ ਹੈ ਕਿ ਪੰਜਾਬ ਸਰਕਾਰ ਦੀਆਂ ਵੱਖ-ਵੱਖ ਸਮਾਜਿਕ ਸੁਰੱਖਿਆ ਪੈਨਸ਼ਨਾਂ ਦੇ ਲਾਭ ਹਰ ਹਾਲ 'ਚ ਲਾਭਪਾਤਰੀਆਂ ਨੂੰ ਹੇਠਲੇ ਪੱਧਰ ਤੱਕ ਨਿਰਵਿਘਨ ਮਿਲਣੇ ਯਕੀਨੀ ਬਣਾਏ ਜਾਣ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੇਕਰ ਕੋਈ ਯੋਗ ਵਿਅਕਤੀ ਆਪਣੀ ਪੈਨਸ਼ਨ ਲਈ ਅਰਜੀ ਦੇਣਾ ਚਹੁੰਦਾ ਹੈ ਤਾਂ ਉਹ ਆਨਾਈਨ ਈ-ਸੇਵਾ ਮਾਧਿਅਮ ਰਾਹੀਂ ਆਨਲਾਈਨ ਅਪਲਾਈ ਕਰ ਸਕਦਾ ਹੈ ਜਾਂ ਫਿਰ ਬਲਾਕ ਪੱਧਰੀ ਸੀ.ਡੀ.ਪੀ.ਓ. ਦਫ਼ਤਰਾਂ ਨਾਲ ਤਾਲਮੇਲ ਵੀ ਕੀਤਾ ਜਾ ਸਕਦਾ ਹੈ।