‘ਆਪ’ ਸਰਕਾਰ ਵਲੋਂ 29 ਹਜਾਰ ਤੋਂ ਜਿਆਦਾ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ : ਸਪੀਕਰ ਸੰਧਵਾਂ

ਕੋਟਕਪੂਰਾ, 9 ਮਈ : ਬੱਚਿਆਂ ਦੇ ਸਨਮਾਨ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਪੁੱਜੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਸੁਆਗਤ ਲਈ ਜਿੱਥੇ ਸਿੱਖਿਆ ਖੇਤਰ ਦੇ ਜਿਲਾ ਪੱਧਰੀ ਅਧਿਕਾਰੀ ਅਤੇ ਇੱਥੋਂ ਦੇ ਅਨੇਕਾਂ ਪਤਵੰਤੇ ਹਾਜਰ ਸਨ, ਉੱਥੇ ਸਕੂਲ ਮੁਖੀ ਸਮੇਤ ਸਮੂਹ ਸਟਾਫ ਨੇ ਸਪੀਕਰ ਸੰਧਵਾਂ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ। ਆਪਣੇ ਸੰਬੋਧਨ ਦੌਰਾਨ ਡਾ ਹਰੀ ਸਿੰਘ ਸੇਵਕ ਸੀਨੀਅਰ ਸੈਕੰਡਰੀ ਸਕੂਲ ਦੇ ਪਿ੍ਰੰਸੀਪਲ ਮੈਡਮ ਮਨਿੰਦਰ ਕੌਰ ਨੇ ਜਿੱਥੇ ਸਪੀਕਰ ਸੰਧਵਾਂ ਸਮੇਤ ਸਮੁੱਚੀ ‘ਆਪ’ ਸਰਕਾਰ ਦਾ ਅਧਿਆਪਕਾਂ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਭੇਜਣ ਬਦਲੇ ਧੰਨਵਾਦ ਕੀਤਾ, ਉੱਥੇ ਸਿੱਖਿਆ ਖੇਤਰ ਵਿੱਚ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵਲੋਂ ਪਾਏ ਜਾ ਰਹੇ ਯੋਗਦਾਨ ਅਤੇ ਨਵੀਆਂ ਪਿਰਤਾਂ ਦੀ ਭਰਪੂਰ ਪ੍ਰਸੰਸਾ ਕੀਤੀ। ਨੀਲਮ ਕੁਮਾਰੀ ਜਿਲਾ ਸਿੱਖਿਆ ਅਫਸਰ (ਸੈਕੰਡਰੀ) ਫਰੀਦਕੋਟ ਨੇ ਆਪਣੇ ਸੰਬੋਧਨ ਦੌਰਾਨ ਦਾਅਵਾ ਕੀਤਾ ਕਿ ਉਸਦੀ ਨੌਕਰੀ ਦੇ 33 ਸਾਲ ਦੇ ਸੇਵਾ ਕਾਲ ਵਿੱਚ ਇਹ ਪਹਿਲਾ ਮੌਕਾ ਹੈ ਕਿ ਜਦੋਂ ਕਿਸੇ ਸਰਕਾਰ ਨੇ ਸਿੱਖਿਆ ਪ੍ਰਬੰਧਾਂ ਦੇ ਸੁਧਾਰ ਵੱਲ ਇਸ ਤਰਾਂ ਨਿੱਜੀ ਦਿਲਚਸਪੀ ਦਿਖਾਈ ਹੈ, ਜਦੋਂ ਮੈਡਮ ਨੀਲਮ ਕੁਮਾਰੀ ਨੇ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਸਰਕਾਰ ਦਾ ਧੰਨਵਾਦ ਕਰਦਿਆਂ ਆਖਿਆ ਕਿ 4 ਹਜਾਰ ਨਵੇਂ ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਵਿੱਚ ਕਿਸੇ ਨੇ ਵੀ ਸਿਫਾਰਸ਼ ਪੁਆਈ ਜਾਂ ਰਿਸ਼ਵਤ ਦਿੱਤੀ ਤਾਂ ਉਹ ਇਸ ਦੀ ਖੁੱਲੀ ਚੁਣੌਤੀ ਦੇ ਰਹੀ ਹੈ ਕਿ ਇਸ ਤਰਾਂ ਦੀ ਇਕ ਵੀ ਉਦਾਹਰਨ ਸਾਹਮਣੇ ਨਹੀਂ ਆਈ, ਉਸੇ ਸਮੇਂ ਮੰਚ ’ਤੇ ਆਏ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਖਿਆ ਕਿ 29 ਹਜਾਰ ਤੋਂ ਜਿਆਦਾ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ, ਜੇਕਰ ਇਕ ਵੀ ਨੌਕਰੀ ਲਈ ਸਿਫਾਰਸ਼ ਪੁਆਈ ਗਈ, ਰਿਸ਼ਵਤ ਦਿੱਤੀ ਜਾਂ ਮਿੰਨਤ ਤਰਲਾ ਕਰਨਾ ਪਿਆ ਹੋਵੇ, ਤਾਂ ਉਹ ਖੁੱਲੀ ਬਹਿਸ ਕਰਨ ਲਈ ਤਿਆਰ ਹਨ। ਉਹਨਾਂ ਆਖਿਆ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਮਹਿਜ ਇਕ ਸਾਲ ਅੰਦਰ 29 ਹਜਾਰ ਤੋਂ ਜਿਆਦਾ ਬੇਰੁਜਗਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਸੌਂਪੇ ਹਨ ਅਤੇ ਪੰਜ ਸਾਲਾਂ ਵਿੱਚ ਤਾਂ ਉਮੀਦ ਹੈ ਕਿ ਕੋਈ ਵੀ ਬੇਰੁਜਗਾਰ ਨੌਕਰੀਆਂ ਤੋਂ ਵਾਂਝਾ ਨਹੀਂ ਰਹੇਗਾ। ਸਪੀਕਰ ਸੰਧਵਾਂ ਨੇ ਆਖਿਆ ਕਿ ਨੌਜਵਾਨਾ ਨੂੰ ਵਿਦੇਸ਼ ਭੇਜਣ ਤੋਂ ਰੋਕਣ, ਸਮਾਜਿਕ ਕੁਰੀਤੀਆਂ ਅਰਥਾਤ ਨਸ਼ੇ ਵਰਗੀ ਬੁਰਾਈ ਤੋਂ ਬਚਾਉਣ ਲਈ ਰੁਜਗਾਰ ਦੇਣਾ ਜਰੂਰੀ ਹੈ, ਜਿਸ ਲਈ ‘ਆਪ’ ਸਰਕਾਰ ਵਲੋਂ ਪਹਿਲੇ ਦਿਨ ਤੋਂ ਹੀ ਯਤਨ ਆਰੰਭ ਦਿੱਤੇ ਗਏ ਹਨ। ਮੰਚ ਸੰਚਾਲਨ ਕਰਦਿਆਂ ਜਸਬੀਰ ਸਿੰਘ ਜੱਸੀ ਨੇ ਵੀ ਉਕਤ ਬੁਲਾਰਿਆਂ ਦੀਆਂ ਗੱਲਾਂ ਪ੍ਰਤੀ ਸਹਿਮਤੀ ਪ੍ਰਗਟਾਉਂਦਿਆਂ ਆਖਿਆ ਕਿ ਸਰਕਾਰੀ ਸਕੂਲਾਂ ਦੇ ਮੈਰਿਟ ਸੂਚੀ ਵਿੱਚ ਨਾਮ ਦਰਜ ਕਰਵਾਉਣ ਵਾਲੇ ਬੱਚਿਆਂ ਨੂੰ ਮੁੱਖ ਮੰਤਰੀ ਪੰਜਾਬ ਅਤੇ ਸਪੀਕਰ ਪੰਜਾਬ ਵਿਧਾਨ ਸਭਾ ਵਲੋਂ ਐਨੀ ਵੱਡੀ ਰਾਸ਼ੀ ਸਨਮਾਨ ਵਜੋਂ ਦੇ ਕੇ ਸਨਮਾਨਿਤ ਕਰਨ ਦਾ ਇਹ ਵੀ ਪਹਿਲਾ ਮੌਕਾ ਹੈ, ਜੋ ਹੋਰਨਾ ਬੱਚਿਆਂ ਲਈ ਵੀ ਪ੍ਰੇਰਨਾਸਰੋਤ ਬਣੇਗਾ।