ਸਿਵਲ ਹਸਪਤਾਲ ਵਿਖੇ ਆਧੁਨਿਕ ਮਸ਼ੀਨਾਂ ਦਾ ਹੋਇਆ ਉਦਘਾਟਨ

  • ਮਰੀਜਾਂ ਨੂੰ ਖੱਜਲ ਖੁਆਰੀ ਤੋਂ ਮਿਲੇਗੀ ਨਿਜ਼ਾਤ : ਵਿਧਾਇਕ ਸੇਖੋਂ

ਫਰੀਦਕੋਟ, 31 ਅਗਸਤ : ਅੱਜ ਸਿਵਲ ਹਸਪਤਾਲ ਫਰੀਦਕੋਟ ਵਿਖੇ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਅਤੇ ਡਿਪਟੀ ਕਮਿਸ਼ਨਰ ਫਰੀਦਕੋਟ ਸ਼੍ਰੀ ਵਿਨੀਤ ਕੁਮਾਰ ਵੱਲੋਂ ਮਰੀਜਾਂ ਦੇ ਟੈਸਟਾਂ ਲਈ ਆਈਆਂ ਆਧੁਨਿਕ ਤਕਨੀਕ ਨਾਲ ਲੈਸ ਮਸ਼ੀਨਾਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਫਰੀਦਕੋਟ ਡਾ. ਅਨਿਲ ਗੋਇਲ, ਡਾ. ਚੰਦਰ ਸ਼ੇਖਰ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਫਰੀਦਕੋਟ ਅਤੇ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਕਮੇਟੀ ਸੁਖਜੀਤ ਸਿੰਘ ਢਿੱਲਵਾਂ, ਚੇਅਰਮੈਨ ਇੰਮਪਰੂਵਮੈਂਟ ਟਰੱਸਟ ਸ. ਗੁਰਤੇਜ ਸਿੰਘ ਖੋਸਾ ਵੀ ਮੌਜੂਦ ਸਨ। ਇਸ ਮੌਕੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਫਰੀਦਕੋਟ ਡਾ. ਅਨਿਲ ਗੋਇਲ ਨੇ ਦੱਸਿਆ ਕਿ ਟਰਾਂਸਏਸ਼ੀਆ ਕੰਪਨੀ ਵੱਲੋਂ ਸਿਵਲ ਹਸਪਤਾਲ ਫਰੀਦਕੋਟ ਨੂੰ ਸੀ.ਐਸ.ਆਰ. ਦੇ ਤਹਿਤ ਲਗਭਗ 30 ਲੱਖ ਦੀ ਕੀਮਤ ਦੀਆਂ ਤਿੰਨ ਆਧੁਨਿਕ ਮਸ਼ੀਨਾਂ ਭੇਂਟ ਕੀਤੀਆਂ ਗਈਆਂ ਹਨ ਜਿਹਨਾਂ ਰਾਹੀਂ ਮਰੀਜਾਂ ਦੇ ਵੱਖ-ਵੱਖ ਬਿਮਾਰੀਆਂ ਦੇ ਟੈਸਟ ਹੁਣ ਬਹੁਤ ਘੱਟ ਸਮੇਂ ਵਿੱਚ ਹੋਇਆ ਕਰਨਗੇ। ਉਹਨਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੰਪਨੀ ਵੱਲੋਂ ਦਿੱਤੀਆਂ ਮਸ਼ੀਨਾਂ ਵਿੱਚ ਫੁਲੀ ਆਟੋਮੈਟਿਕ ਬਾਇਓ ਕੈਮਿਸਟਰੀ ਐਨਾਲਾਈਜਰ ਮਸ਼ੀਨ ਵਿੱਚ ਇੱਕੋ ਸਮੇਂ 50 ਮਰੀਜਾਂ ਦੇ ਸੈਂਪਲ ਲਗਾਏ ਜਾ ਸਕਦੇ ਹਨ, ਇਸ ਤੋਂ ਇਲਾਵਾ ਇਲੈਕਟ੍ਰੋਲਾਈਟ ਐਨਾਲਾਈਜਰ ਦੁਆਰਾ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਮਰੀਜਾਂ ਦੇ ਟੈਸਟ ਕੀਤੇ ਜਾਂਦੇ ਹਨ ਅਤੇ ਫੁਲੀ ਆਟੋਮੈਟਿਕ ਸੈੱਲ ਕਾਉਂਟਰ ਵਿੱਚ ਇੱਕੋ ਸਮੇਂ 60 ਮਰੀਜਾਂ ਦੇ ਸੈਂਪਲ ਲਗਾਏ ਜਾ ਸਕਦੇ ਹਨ। ਇਹ ਸਾਰੀਆਂ ਮਸ਼ੀਨਾਂ ਫੁਲੀ ਕੰਪਿਊਟਰਾਈਜਡ ਹਨ ਅਤੇ ਇਹਨਾਂ ਰਾਹੀਂ ਰਿਪੋਰਟਾਂ ਵੀ ਬਹੁਤ ਘੱਟ ਸਮੇਂ ਵਿੱਚ ਤਿਆਰ ਹੋ ਜਾਂਦੀਆਂ ਹਨ ਜਿਸ ਨਾਲ ਮਰੀਜ ਦਾ ਇਲਾਜ ਛੇਤੀ ਸ਼ੁਰੂ ਕੀਤਾ ਜਾ ਸਕਦਾ ਹੈ। ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜਿਲ੍ਹਾ ਹਸਪਤਾਲ ਫਰੀਦਕੋਟ ਵਿਖੇ ਮਿਲਣ ਵਾਲੀਆਂ ਸਿਹਤ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ ਤਾਂ ਜੋ ਪ੍ਰਾਈਵੇਟ ਤੌਰ ਤੇ ਮਹਿੰਗੇ ਇਲਾਜ ਤੋਂ ਬਚਿਆ ਜਾ ਸਕੇ।