ਵਿਧਾਇਕ ਗੋਗੀ ਨੇ ਨਹਿਰੂ ਰੋਜ਼ ਗਾਰਡਨ ਵਿਖੇ ਦੋ ਦਿਨਾਂ 'ਫਲਾਵਰ ਐਂਡ ਬੇਬੀ ਸ਼ੋਅ' ਦਾ ਕੀਤਾ ਉਦਘਾਟਨ

  • ਐਤਵਾਰ ਨੂੰ ਬੇਬੀ ਸ਼ੋਅ, ਕੱਟ ਫਲਾਵਰ ਮੁਕਾਬਲੇ, ਰੰਗੋਲੀ, ਪੇਂਟਿੰਗ ਸਮੇਤ ਹੋਰ ਮੁਕਾਬਲੇ ਕਰਵਾਏ ਜਾਣਗੇ

ਨਗਰ ਨਿਗਮ ਦੂਜੇ ਦਿਨ ਮੁਕਾਬਲਿਆਂ ਦੇ ਜੇਤੂਆਂ ਦਾ ਸਨਮਾਨ ਵੀ ਕਰੇਗੀ
ਲੁਧਿਆਣਾ, 24 ਫਰਵਰੀ : ਨਗਰ ਨਿਗਮ ਲੁਧਿਆਣਾ ਦੇ ਦੋ ਰੋਜ਼ਾ 'ਫਲਾਵਰ ਐਂਡ ਬੇਬੀ ਸ਼ੋਅ' ਦਾ ਉਦਘਾਟਨ ਸ਼ਨੀਵਾਰ ਨੂੰ ਨਹਿਰੂ ਰੋਜ਼ ਗਾਰਡਨ ਵਿਖੇ ਲੁਧਿਆਣਾ ਪੱਛਮੀ ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਵੱਲੋਂ ਕੀਤਾ ਗਿਆ। ਪਹਿਲੇ ਦਿਨ ਵੱਡੀ ਗਿਣਤੀ ਵਿੱਚ ਸ਼ਹਿਰ ਨਿਵਾਸੀਆਂ ਨੇ ਸ਼ੋਅ ਵਿੱਚ ਸ਼ਿਰਕਤ ਕੀਤੀ ਅਤੇ ਮੁਕਾਬਲਿਆਂ ਵਿੱਚ ਭਾਗ ਲਿਆ। ਸ਼ੋਅ ਦੇ ਪਹਿਲੇ ਦਿਨ 'ਗਮਲੇ ਦੇ ਫੁੱਲ' ਮੁਕਾਬਲਿਆਂ ਅਤੇ ਹੋਰਾਂ ਲਈ ਸੌ ਦੇ ਕਰੀਬ ਐਂਟਰੀਆਂ ਪ੍ਰਾਪਤ ਹੋਈਆਂ। ਮੁਕਾਬਲਿਆਂ ਵਿੱਚ ਸਕੂਲੀ ਵਿਦਿਆਰਥੀਆਂ, ਸਰਕਾਰੀ ਵਿਭਾਗਾਂ, ਸੰਸਥਾਵਾਂ ਆਦਿ ਨੇ ਭਾਗ ਲਿਆ। 'ਫਲਾਵਰ ਐਂਡ ਬੇਬੀ ਸ਼ੋਅ' ਐਤਵਾਰ ਨੂੰ ਵੀ ਜਾਰੀ ਰਹੇਗਾ ਅਤੇ ਸ਼ੋਅ ਦੇ ਦੂਜੇ ਦਿਨ ਬੇਬੀ ਸ਼ੋਅ (ਵੱਖ-ਵੱਖ ਉਮਰ ਵਰਗਾਂ ਲਈ), 'ਕੱਟ ਫਲਾਵਰ' ਮੁਕਾਬਲੇ, ਰੰਗੋਲੀ, ਪੇਂਟਿੰਗ ਮੁਕਾਬਲੇ ਆਦਿ ਸਮੇਤ ਵੱਖ-ਵੱਖ ਮੁਕਾਬਲੇ ਕਰਵਾਏ ਜਾਣਗੇ। ਨਗਰ ਨਿਗਮ ਨਿਗਰਾਨ ਇੰਜਨੀਅਰ ਸੰਜੇ ਕੰਵਰ ਨੇ ਦੱਸਿਆ ਕਿ ਸ਼ੋਅ ਅਤੇ ਐਂਟਰੀਆਂ ਜਮ੍ਹਾਂ ਕਰਵਾਉਣ ਬਾਰੇ ਵਧੇਰੇ ਜਾਣਕਾਰੀ ਲਈ ਨਿਵਾਸੀ ਨਗਰ ਨਿਗਮ ਲੈਂਡਸਕੇਪ ਅਫਸਰ ਰਜਿੰਦਰ ਸਿੰਘ (95010-23480) ਅਤੇ ਜੂਨੀਅਰ ਇੰਜੀਨੀਅਰ (ਬਾਗਬਾਨੀ) ਕਿਰਪਾਲ ਸਿੰਘ (94174-69579) ਨਾਲ ਸੰਪਰਕ ਕਰ ਸਕਦੇ ਹਨ। ਸ਼ਨੀਵਾਰ ਨੂੰ ਸ਼ੋਅ ਦਾ ਉਦਘਾਟਨ ਕਰਨ ਤੋਂ ਬਾਅਦ ਵਿਧਾਇਕ ਗੋਗੀ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲੈਣ ਆਏ ਸ਼ਹਿਰ ਵਾਸੀਆਂ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਨੇ ਸ਼ੋਅ ਦਾ ਆਯੋਜਨ ਕਰਨ ਲਈ ਨਗਰ ਨਿਗਮ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਸ਼ਹਿਰ ਵਾਸੀਆਂ ਨੂੰ ਉਤਸ਼ਾਹਿਤ ਕੀਤਾ। ਵਿਧਾਇਕ ਗੋਗੀ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਲੇ-ਦੁਆਲੇ ਵੱਧ ਤੋਂ ਵੱਧ ਰੁੱਖ ਲਗਾ ਕੇ ਹਰਿਆਲੀ ਨੂੰ ਪ੍ਰਫੁੱਲਤ ਕਰਨ ਲਈ ਸਹਿਯੋਗ ਕਰਨ। ਉਨ੍ਹਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੀ ਅਗਵਾਈ ਵਾਲੀ ਸੂਬਾ ਸਰਕਾਰ ਵੀ ਇਨ੍ਹਾਂ ਲੀਹਾਂ 'ਤੇ ਕੰਮ ਕਰ ਰਹੀ ਹੈ ਅਤੇ ਵਸਨੀਕਾਂ ਅਤੇ ਅਧਿਕਾਰੀਆਂ ਦੇ ਸਾਂਝੇ ਯਤਨਾਂ ਨਾਲ ਕੁਦਰਤ ਦੀ ਸੰਭਾਲ ਦੇ ਸਾਡੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ। ਦੂਜੇ ਦਿਨ (ਐਤਵਾਰ) ਨੂੰ ਇਨਾਮ ਵੰਡ ਸਮਾਰੋਹ ਵੀ ਹੋਵੇਗਾ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਕਰਨਗੇ। ਜੇਤੂਆਂ ਨੂੰ ਟਰਾਫੀਆਂ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਸ਼ਨੀਵਾਰ ਨੂੰ ਸ਼ੋਅ ਵਿੱਚ ਨਗਰ ਨਿਗਮ ਕਾਰਜਕਾਰੀ ਇੰਜਨੀਅਰ ਮਨਜੀਤਇੰਦਰ ਸਿੰਘ, ਕਾਰਜਕਾਰੀ ਇੰਜਨੀਅਰ ਸੁਰਿੰਦਰ ਸਿੰਘ, ਜੇ.ਈ ਕਿਰਪਾਲ ਸਿੰਘ, ਸਿਹਤ ਅਫ਼ਸਰ ਵਿਪਲ ਮਲਹੋਤਰਾ ਸਮੇਤ ਹੋਰਾਂ ਨੇ ਵੀ ਸ਼ਿਰਕਤ ਕੀਤੀ।