ਵਿਧਾਇਕ ਭੋਲਾ ਗਰੇਵਾਲ ਵਲੋਂ ਵਾਰਡ ਨੰ: 3 'ਚ ਨਵੇਂ ਟਿਊਬਵੈਲ ਦਾ ਉਦਘਾਟਨ 

  • ਕਿਹਾ! 16.32 ਲੱਖ ਰੁਪਏ ਦੀ ਲਾਗਤ ਵਾਲੇ ਟਿਊਬਵੈਲ ਨਾਲ ਪੀਣ ਵਾਲੇ ਪਾਣੀ ਦੀ ਕਿੱਲਤ ਹੋਵੇਗੀ ਖ਼ਤਮ 
  • ਸੂਬੇ  'ਚ 'ਆਪ' ਸਰਕਾਰ ਦੀ ਅਗਵਾਈ 'ਚ ਹਲਕਾ ਪੂਰਬੀ ਵਿਕਾਸ ਤੇ ਤਰੱਕੀ ਦੀਆਂ ਲੀਹਾਂ 'ਤੇ ਤੁਰਿਆ, ਹਰ ਵਾਰਡ ਮਾਡਰਨ ਵਾਰਡ ਵਜੋਂ ਕੀਤਾ ਜਾਵੇਗਾ ਵਿਕਸਤ : ਗਰੇਵਾਲ

ਲੁਧਿਆਣਾ, 21 ਅਗਸਤ : ਵਿਧਾਨ ਸਭਾ ਹਲਕਾ ਲੁਧਿਆਣਾ (ਪੂਰਬੀ) ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਵਾਰਡ ਨੰਬਰ 3 ਦੇ ਮੁਹੱਲਾ ਗੁਰਪ੍ਰੀਤ ਨਗਰ ਵਿਖੇ ਕਰੀਬ 16.32 ਲੱਖ ਰੁਪਏ ਦੀ ਲਾਗਤ ਵਾਲੇ ਨਵੇਂ ਲੱਗੇ ਟਿਊਬਵੈਲ ਦਾ ਉਦਘਾਟਨ ਕੀਤਾ ਗਿਆ । ਇਸ ਮੌਕੇ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਗਰੇਵਾਲ ਨੇ ਕਿਹਾ ਕਿ ਪਿਛਲੇ ਦਿਨਾਂ ਤੋਂ ਵਾਰਡ ਨੰਬਰ ਤਿੰਨ ਦੇ ਵਸਨੀਕਾਂ ਵੱਲੋਂ ਪੀਣ ਵਾਲੇ ਪਾਣੀ ਦੀ ਚੱਲ ਰਹੀ ਕਿੱਲਤ ਨੂੰ ਦੇਖਦੇ ਹੋਏ ਇੱਕ ਨਵੇਂ ਟਿਊਬਵੈਲ  ਲਗਾਉਣ ਦੀ ਮੰਗ ਕੀਤੀ ਗਈ ਸੀ , ਸੋ ਉਨ੍ਹਾਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਅੱਜ ਇਲਾਕੇ ਨੂੰ ਇੱਕ ਨਵਾਂ ਟਿਊਬਵੈਲ ਸਮਰਪਿਤ ਕੀਤਾ ਗਿਆ। ਵਿਧਾਇਕ ਗਰੇਵਾਲ ਨੇ ਕਿਹਾ ਕਿ ਇਸ ਟਿਊਬਵੈਲ ਦੇ ਲੱਗਣ ਨਾਲ ਆਸ-ਪਾਸ ਦੇ ਮੁਹੱਲਿਆਂ ਨੂੰ ਆ ਰਹੀ ਪਾਣੀ ਦੀ ਪਰੇਸ਼ਾਨੀ ਤੋਂ ਨਿਜਾਤ ਮਿਲੇਗੀ। ਉਨ੍ਹਾਂ ਅੱਗੇ ਕਿਹਾ ਕਿ ਸੂਬੇ ਦੀਆਂ ਪਿਛਲੀਆਂ ਸਰਕਾਰਾਂ ਦੇ ਨੁਮਾਇੰਦਿਆਂ ਨੇ ਵਿਕਾਸ ਦੇ ਨਾਂ ਤੇ ਹਲਕਾ ਪੂਰਬੀ ਦੇ ਲੋਕਾਂ ਨੂੰ ਸਿਰਫ ਗੁੰਮਰਾਹ ਕੀਤਾ ਜਦਕਿ ਦੂਜੇ ਪਾਸੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਜੋ ਕਿ ਕੰਮ ਕਰਵਾਉਣ ਵਿੱਚ ਵਿਸ਼ਵਾਸ਼ ਰੱਖਦੀ ਹੈ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਹੁਣ ਹਲਕਾ ਪੂਰਬੀ ਵੀ ਵਿਕਾਸ ਦੀਆਂ ਲੀਹਾਂ ਤੇ ਤੁਰ ਪਿਆ ਹੈ ਤੇ ਆਉਣ ਵਾਲੇ ਸਮੇਂ ਵਿੱਚ ਹਲਕਾ ਪੂਰਬੀ ਦੇ ਹਰ ਵਾਰਡ ਨੂੰ ਵਿਕਾਸ ਪੱਖੋਂ ਮਾਡਰਨ ਰੂਪ ਦਿੱਤਾ ਜਾਵੇਗਾ। ਵਿਧਾਇਕ ਗਰੇਵਾਲ ਵਲੋਂ ਹਲਕਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ 'ਤੁਸੀਂ ਭਰੋਸਾ ਰੱਖੋ ਕਿਉਂਕਿ ਤੁਹਾਡਾ ਭਰੋਸਾ ਹੀ ਸਾਡਾ ਹੌਂਸਲਾ ਹੈ ਅਤੇ ਹਲਕਾ ਪੂਰਬੀ ਅੰਦਰ ਵਿਕਾਸ ਪੱਖੋਂ ਕਿਸੇ ਤਰ੍ਹਾਂ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ'। ਇਸ ਮੌਕੇ ਹਾਜ਼ਰ ਇਲਾਕਾ ਵਾਸੀਆਂ ਨੇ ਵਿਧਾਇਕ ਗਰੇਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਲਾਕਾ ਵਾਸੀਆਂ ਨੂੰ ਪੀਣ ਵਾਲੇ ਪਾਣੀ ਲਈ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇਸ ਟਿਊਬਵੈਲ ਦੇ ਚਾਲੂ ਹੋਣ ਨਾਲ ਇਲਾਕੇ ਦੇ  ਲੋਕਾਂ ਨੂੰ ਵੱਡੀ ਰਾਹਤ ਮਿਲੇਗੀ । ਇਸ ਮੌਕੇ ਜਸਵਿੰਦਰ ਸਿੰਘ ਸੰਧੂ, ਸ਼ਿੰਦੀ ਬਜਾਜ, ਸਾਗਰ ਕਵਾਤਰਾ, ਬਿੱਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ।