ਸਹਿਕਾਰੀ ਸਭਾਵਾਂ ਦੇ ਸੈਕਟਰੀਆਂ ਨਾਲ ਪਰਾਲੀ ਅਤੇ ਖਾਦ ਪ੍ਰਬੰਧਨ ਸਬੰਧੀ ਮੀਟਿੰਗ

ਫਰੀਦਕੋਟ 12 ਅਕਤੂਬਰ : ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਝੋਨੇ ਦੀ ਪਰਾਲੀ ਨੂੰ ਨਾ ਸਾੜਣ ਦੀ ਮੁਹਿੰਮ ਨੂੰ ਅੱਗੇ ਤੋਰਦਿਆਂ ਡਾ. ਕਰਨਜੀਤ ਸਿੰਘ ਗਿੱਲ, ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਦੀ ਪ੍ਰਧਾਨਗੀ ਹੇਠ ਜਿਲ੍ਹਾ ਫਰੀਦਕੋਟ ਦੀਆਂ ਸਮੂਹ ਸਹਿਕਾਰੀ ਸਭਾਵਾਂ ਦੇ ਸੈਕਟਰੀਆਂ ਨਾਲ ਆਤਮਾ ਹਾਲ ਫਰੀਦਕੋਟ ਵਿਖੇ ਮੀਟਿੰਗ ਕੀਤੀ ਗਈ।ਮੀਟਿੰਗ ਵਿੱਚ ਡਾ. ਗਿੱਲ ਨੇ ਦੱਸਿਆ ਕਿ ਪੰਜਾਬ ਦੀ ਕਿਸਾਨੀ ਨੂੰ ਮਜ਼ਬੂਤ ਕਰਨ ਲਈ ਸੂਬੇ ਦੀਆਂ ਸਾਰੀਆਂ ਸਹਿਕਾਰੀ ਸਭਾਵਾਂ ਨੂੰ ਦਰੁਸਤ ਕਰਨਾ ਸਮੇਂ ਦੀ ਲੋੜ ਹੈ ਕਿਉਂਕਿ ਸਹਿਕਾਰੀ ਸਭਾਵਾਂ ਨਾਲ ਹਰ ਪਿੰਡ ਦੇ ਕਿਸਾਨਾਂ ਦਾ ਸਿੱਧਾ ਸਬੰਧ ਹੈ। ਡਾ. ਗਿੱਲ ਨੇ ਦੱਸਿਆ ਕਿ ਸਹਿਕਾਰੀ ਸਭਾਵਾਂ ਛੋਟੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਵਾਲੀਆਂ ਮਸ਼ੀਨਾਂ ਜਾਇਜ਼ ਰੇਟਾਂ ਤੇ ਕਿਰਾਏ ਤੇ ਦੇ ਕੇ ਇਸ ਮੁਹਿੰਮ ਵਿੱਚ ਅਹਿਮ ਯੋਗਦਾਨ ਪਾ ਸਕਦੀਆਂ ਹਨ। ਉਨ੍ਹਾਂ ਕਿਸਾਨਾਂ ਨੂੰ ਸਹੀ ਸਮੇਂ ਤੇ ਖਾਦਾਂ ਉਪਲੱਬਧ ਕਰਵਾ ਕੇ ਪ੍ਰਾਈਵੇਟ ਡੀਲਰਾਂ ਵੱਲੋਂ ਹੋਣ ਵਾਲੇ ਸ਼ੋਸ਼ਨ ਤੋਂ ਬਚਾਅ ਕਰਨ ਵਿੱਚ ਵੀ ਸੁਸਾਇਟੀਆਂ ਦੇ ਰੋਲ ਬਾਰੇ ਦੱਸਿਆ। ਡਾ. ਗੁਰਪ੍ਰੀਤ ਸਿੰਘ, ਬਲਾਕ ਖੇਤੀਬਾੜੀ ਅਫਸਰ, ਕੋਟਕਪੂਰਾ ਨੇ ਵੀ ਪਰਾਲੀ ਅਤੇ ਖਾਦ ਪ੍ਰਬੰਧਨ ਵਿੱਚ ਸੁਸਾਇਟੀਆਂ ਦੇ ਰੋਲ ਬਾਰੇ ਵਿਚਾਰ ਸਾਂਝੇ ਕੀਤੇ। ਇੰਜੀਨੀਅਰ ਹਰਚਰਨ ਸਿੰਘ ਨੇ ਦੱਸਿਆ ਕਿ ਸਾਰੀਆਂ ਸੁਸਾਇਟੀਆਂ ਵਿੱਚ ਪਿੰਡਾਂ ਵਿੱਚ ਉਪਲੱਬਧ ਮਸ਼ੀਨਰੀ ਦਾ ਵੇਰਵਾ ਦਰਸਾਉਂਦੇ ਹੋਏ ਫਲੈਕਸ ਬੋਰਡ ਲਗਾਏ ਜਾ ਰਹੇ ਹਨ। ਡਾ. ਰੁਪਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫਸਰ (ਬੀਜ) ਨੇ ਕਣਕ ਦੇ ਬੀਜ ਦੀ ਸਬਸਿਡੀ ਅਪਲਾਈ ਕਰਨ ਬਾਰੇ ਜਾਣਕਾਰੀ ਦਿੱਤੀ।