ਮੁੱਲਾਂਪੁਰ ਦਾਖਾ 21 ਦਸੰਬਰ (ਸਤਵਿੰਦਰ ਸਿੰਘ ਗਿੱਲ) : ਦਸਮੇਸ਼ ਕਿਸਾਨ - ਮਜ਼ਦੂਰ ਯੂਨੀਅਨ (ਰਜਿ:)ਜਿਲ੍ਹਾ ਲੁਧਿਆਣਾ ਦੀ ਜਿਲ੍ਹਾ ਕਾਰਜਕਾਰੀ ਕਮੇਟੀ ਦੀ ਇੱਕ ਵਿਸ਼ੇਸ਼ ਮੀਟਿੰਗ ਅੱਜ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਬੁਢੇਲ ਚੌੰਕ (ਸੁਧਾਰ) ਵਿਖੇ ਹੋਈ ,ਜਿਸ ਵਿੱਚ ਵੱਖ-ਵੱਖ ਅਹਿਮ ਮੁੱਦਿਆਂ ਤੇ ਗੰਭੀਰ ਤੇ ਭਰਵੀੰ ਵਿਚਾਰ ਚਰਚਾ ਹੋਈ ਅਤੇ ਅੰਤ ਵਿੱਚ ਸਰਵਸੰਮਤੀ ਨਾਲ ਮਤੇ ਪਾਸ ਕੀਤੇ ਗਏ। ਅੱਜ ਦੀ ਮੀਟਿੰਗ ਵਿੱਚ ਜਥੇਬੰਦੀ ਦੇ ਆਗੂਆਂ ਜਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ, ਸਹਾਇਕ ਸਕੱਤਰ ਰਣਜੀਤ ਸਿੰਘ ਗੁੜੇ ,ਡਾ. ਗੁਰਮੇਲ ਸਿੰਘ ਕੁਲਾਰ, ਖਜ਼ਾਨਚੀ ਸੁਖਦੇਵ ਸਿੰਘ ਤਲਵੰਡੀ, ਗੁਰਸੇਵਕ ਸਿੰਘ ਸੋਨੀ ਸਵੱਦੀ ਨੇ ਉਚੇਚੇ ਤੌਰ ਤੇ ਵਿਚਾਰ ਪੇਸ਼ ਕੀਤੇ। ਪਹਿਲੇ ਮਤੇ ਰਾਹੀਂ ਤਹਿਸੀਲਦਾਰ ਦਫਤਰ ਜਗਰਾਉਂ ਮੂਹਰੇ ਕੀਤੇ ਤਿੱਖੇ ਰੋਸ ਪ੍ਰਦਰਸ਼ਨ ਦੇ ਸਿੱਟੇ ਵਜੋਂ, ਪਰਾਲੀ ਮੁੱਦੇ ਸਬੰਧੀ ਵੱਖ-ਵੱਖ ਪਿੰਡਾਂ ਦੇ ਦਰਜਨਾਂ ਕਿਸਾਨਾਂ ਸਿਰ ਮੜ੍ਹੇ ਸਰਕਾਰੀ ਜੁਰਮਾਨਿਆਂ ਦੀ ਉਗਰਾਹੀ ਤੇ ਰੋਕ ਲਗਾਉਣ ਦੀ ਮੁਢਲੀ ਜਿੱਤ 'ਤੇ ਤਸੱਲੀ ਅਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਜੁਝਾਰੂ ਕਿਸਾਨਾਂ, ਮਜ਼ਦੂਰਾਂ ਦਾ ਧੰਨਵਾਦ ਕੀਤਾ ਗਿਆ। ਦੂਜੇ ਮਤੇ ਰਾਹੀਂ ਐਸ.ਡੀ.ਓ. ਪਾਵਰ ਕਾਮ ਸਬ-ਡਿਵੀਜ਼ਨ ਮੁੱਲਾਂਪੁਰ ਨੂੰ ਚੇਤਾਵਨੀ ਦਿੱਤੀ ਗਈ ਕਿ ਉਹ ਐਕਸੀਅਨ ਸਾਹਿਬ ਦਾ ਹੁਕਮ ਮੰਨ ਕੇ ਸਵੱਦੀ ਕਲਾਂ ਟਰਾਂਸਫਾਰਮਰ ਮੁੱਦੇ ਦਾ ਹੱਕੀ ਤੇ ਵਾਜਬ ਹੱਲ ਬਿਨਾਂ ਕਿਸੇ ਹੋਰ ਦੇਰੀ ਤੋਂ ਯਕੀਨੀ ਬਣਾਵੇ। ਤੀਜੇ ਮਤੇ ਰਾਹੀਂ ਆਲੂਆਂ ਦੀ ਫਸਲ ਦੀ ਆਮਦ ਦੇ ਮੱਦੇ ਨਜ਼ਰ ਇਸ ਦਾ ਭਾਅ ਬੇਹੱਦ ਥੱਲੇ ਡਿੱਗਣ 'ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ, ਕਿਸਾਨਾਂ ਵੱਲੋਂ ਕੀਤੇ ਭਾਰੀ ਖਰਚਿਆਂ ਦੇ ਅਨੁਸਾਰ ਆਲੂਆਂ ਦੀ ਹੱਕੀ ਤੇ ਜਾਇਜ ਐਮ.ਐਸ. ਪੀ. ਜਾਰੀ ਕਰੇ ਅਤੇ ਇਸ ਅਨੁਸਾਰ ਖਰੀਦ ਨੂੰ ਯਕੀਨੀ ਬਣਾਵੇ। ਚੌਥੇ ਮਤੇ ਰਾਹੀਂ ਸੰਸਦ ਵਿੱਚ ਪੜ੍ਹੇ ਲਿਖੇ ਦੇਸ਼-ਪ੍ਰੇਮੀ ਬੇਰੁਜ਼ਗਾਰ ਨੌਜਵਾਨਾਂ ਵੱਲੋਂ (ਜਿਹੜੇ ਇੰਜੀਨੀਅਰਿੰਗ ਸਮੇਤ ਵੱਖ-ਵੱਖ ਅਕੈਡਮਿਕ ਲਾਈਨਾਂ ਦੇ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਸਨ )ਵੱਲੋਂ ਕੈਨਿਸਟਰਾਂ ਰਾਹੀਂ ਪੀਲਾ ਧੂਆਂ ਛੱਡ ਕੇ ਤੇ ਤਾਨਾਸ਼ਾਹ ਹਕੂਮਤ ਵਿਰੁੱਧ ਨਾਅਰੇ ਬੁਲੰਦ ਕਰਕੇ, ਰੋਸ ਪ੍ਰਗਟਾਵਾ ਕਰਨ ਦੀ ਹੱਕੀ ਤੇ ਰਵਾਇਤੀ (ਇਨਕਲਾਬੀ ਦੇਸ਼ ਭਗਤਾਂ ਦੀ ਰਿਵਾਇਤ ਅਨੁਸਾਰ) ਆਵਾਜ਼ ਨੂੰ ਦਬਾਉਣ- ਕੁਚਲਣ ਲਈ ਯੂ.ਏ.ਪੀ.ਏ. ਤੱਕ ਲਾ ਕੇ ਪੁਲਿਸ ਤਸ਼ੱਦਦ ਕਰਨ ਤੇ ਜੇਲ੍ਹੀੰ ਡੱਕਣ ਦੀ ਸਖਤ ਤੋਂ ਸਖਤ ਨਿਖੇਧੀ ਕਰਦਿਆਂ, ਉਹਨਾਂ ਨੂੰ ਫੌਰੀ ਰਿਹਾ ਕਰਨ ਦੀ ਜੋਰਦਾਰ ਮੰਗ ਕੀਤੀ ਹੈ । ਮੀਟਿੰਗ ਉਪਰੰਤ 6 ਬੇਰੋਜ਼ਗਾਰ ਨੌਜਵਾਨਾਂ ਸਿਰ ਮੜ੍ਹੇ ਕੇਸਾਂ ਦੀ ਵਾਪਸੀ ਤੇ ਬਿਨਾਂ ਸ਼ਰਤ ਰਿਹਾਈ ਅਤੇ ਢੁਕਵੀਆਂ ਪੱਕੀਆਂ ਸਰਕਾਰੀ ਨੌਕਰੀਆਂ ਦਾ ਪ੍ਰਬੰਧ ਕਰਨ ਲਈ ਜ਼ੋਰਦਾਰ ਨਾਅਰੇ ਬੁਲੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਅੱਜ ਦੀ ਮੀਟਿੰਗ 'ਚ ਹੋਰਨਾਂ ਤੋਂ ਇਲਾਵਾ ਜਸਵੰਤ ਸਿੰਘ ਮਾਨ, ਗੁਰਚਰਨ ਸਿੰਘ ਤਲਵੰਡੀ, ਮਲਕੀਤ ਸਿੰਘ, ਹਰਦੇਵ ਸਿੰਘ, ਅਵਤਾਰ ਸਿੰਘ ਤਾਰ, ਸੁਖਚੈਨ ਸਿੰਘ ਨੰਬਰਦਾਰ, ਕੁਲਦੀਪ ਸ. ਸਵੱਦੀ, ਕੁਲਜੀਤ ਸਿੰਘ ਵਿਰਕ, ਬੂਟਾ ਸਿੰਘ ਬਰਸਾਲ, ਹਰਪਾਲ ਸਿੰਘ ਸੰਗਤਪੁਰਾ, ਜੱਥੇਦਾਰ ਗੁਰਮੇਲ ਸਿੰਘ ਢੱਟ, ਵਿਜੈ ਕੁਮਾਰ ਪੰਡੋਰੀ, ਗੁਰਦੀਪ ਸ. ਮੰਡਿਆਣੀ, ਬਲਤੇਜ ਸ. ਤੇਜੂ ਸਿੱਧਵਾਂ, ਅਮਰਜੀਤ ਸ. ਖੰਜਰਵਾਲ , ਸਰਵਿੰਦਰ ਸਿੰਘ ਉਚੇਚੇ ਤੌਰ ਤੇ ਹਾਜ਼ਰ ਸਨ।