ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪ੍ਰਤੀ ਦਿਨ ਆਯੋਜਿਤ ਕੀਤੇ ਜਾ ਰਹੇ ਮੈਡੀਕਲ ਰਾਹਤ ਕੈਂਪ : ਐਸਡੀਐਮ 

  • ਮਦਾਰਪੁਰ, ਸੰਘੇੜਾ ਤੋਂ ਇਲਾਵਾ ਰਾਉਵਾਲ ਕੈਂਪ ਵਿੱਚ ਸ਼ੱਕੀ ਵਿਅਕਤੀਆਂ ਦੇ ਮਲੇਰੀਆ ਸੈਂਪਲ ਕੀਤੇ ਇਕੱਤਰ

ਧਰਮਕੋਟ, 27 ਜੁਲਾਈ : ਧਰਮਕੋਟ ਖੇਤਰ ਦੇ ਸਤਲੁਜ਼ ਦਰਿਆ ਦੇ ਨਜ਼ਦੀਕ ਵਾਲੇ ਪਿੰਡ ਹੜ੍ਹਾਂ ਕਾਰਣ ਪ੍ਰਭਾਵਿਤ ਹੋਏ ਹਨ ਜਿੰਨ੍ਹਾਂ ਨੂ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਲਗਾਤਾਰ ਹੜ੍ਹ ਰਾਹਤ ਸੇਵਾਵਾਂ ਮੁਹੱਈਆ ਕਰਵਾ ਰਿਹਾ ਹੈ। ਕਿਸੇ ਵੀ ਹੜ੍ਹ ਪ੍ਰਭਾਵਿਤ ਪਿੰਡ ਨੂੰ ਕਿਸੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਨਹੀਂ ਪੈ ਰਿਹਾ। ਵੱਖ ਵੱਖ ਸਰਕਾਰੀ ਵਿਭਾਗ ਜਿਵੇਂ ਕਿ ਪਸ਼ੂ ਪਾਲਣ ਵਿਭਾਗ, ਸਿਹਤ ਵਿਭਾਗ ਆਦਿ ਆਪਣੀਆਂ ਸੇਵਾਵਾਂ ਨਿਰੰਤਰ ਲੋਕਾਂ ਤੱਕ ਪਹੁੰਚਾ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਉਪ ਮੰਡਲ ਮੈਜਿਸਟ੍ਰੇਟ ਧਰਮਕੋਟ ਸ੍ਰੀਮਤੀ ਚਾਰੂ ਮਿਤਾ ਨੇ ਦੱਸਿਆ ਕਿ ਆਮ ਲੋਕ, ਸਮਾਜ ਸੇਵੀ ਸੰਸਥਾਵਾਂ ਵੀ ਇਨ੍ਹਾਂ ਇਲਾਕਿਆਂ ਦੀ ਰਾਹਤ ਸਮੱਗਰੀ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਮੱਦਦ ਕਰ ਰਹੀਆਂ ਹਨ। ਲੋਕਾਂ ਦੀ ਸਿਹਤ ਸਹੂਲਤੀਅਤ ਨੂੰ ਮੁੱਖ ਰੱਖਦੇ ਹੋਏ ਲਗਾਤਾਰ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜਿਸਦੀ ਲਗਾਤਾਰਤਾ ਵਿੱਚ ਅੱਜ ਪਿੰਡ ਮਦਾਰਪੁਰ, ਸੰਘੇੜਾ ਤੋਂ ਇਲਾਵਾ ਰਾਉਵਾਲ ਕੈਂਪ ਵਿੱਚ ਸ਼ੱਕੀ ਵਿਅਕਤੀਆਂ ਦੇ ਮਲੇਰੀਆ ਦੇ ਸੈਂਪਲ ਸਿਹਤ ਵਿਭਾਗ ਦੀ ਮਾਹਿਰ ਟੀਮ ਵੱਲੋਂ ਲਏ ਗਏ। ਡੇਂਗੂ, ਮਲੇਰੀਆ ਤੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਰੱਖਿਆ ਲਈ ਸਿਹਤ ਵਿਭਾਗ ਹਮੇਸ਼ਾ ਮੁਸ਼ਤੈਦੀ ਵਿੱਚ ਹੈ। ਇਸ ਤੋਂ ਇਲਾਵਾ ਇਨ੍ਹਾਂ ਲੋਕਾਂ ਨੂੰ ਡੇਂਗੂ ਅਤੇ ਮਲੇਰੀਆ ਤੋਂ ਬਚਾਉ ਦੇ ਤਰੀਕਿਆਂ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਉਕਤ ਪਿੰਡਾਂ ਵਿੱਚ ਸੈਂਪਲ ਇਕੱਤਰ ਕਰਨ ਵਿੱਚ ਸਿਹਤ ਕਰਮਚਾਰੀ ਹਰਮਨਪ੍ਰੀਤ ਕੌਰ, ਗੁਰਨਾਮ ਸਿੰਘ, ਰਾਜਨਪ੍ਰੀਤ ਸਿੰਘ, ਪਰਮਿੰਦਰ ਕੁਮਾਰ, ਅਜੀਤਪਾਲ ਸਿੰਘ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ। ਉਪ ਮੰਡਲ ਮੈਜਿਸਟ੍ਰੇਟ ਸ੍ਰੀਮਤੀ ਚਾਰੂ ਮਿਤਾ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪ੍ਰਤੀਦਿਨ ਮੈਡੀਕਲ ਰਾਹਤ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ ਤਾਂ ਕਿ ਇਨ੍ਹਾਂ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।