ਸਿੱਖਿਆ ਤੇ ਸਿਹਤ ਮੁੱਖ ਮੰਤਰੀ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੀਆਂ ਮੁੱਖ ਤਰਜੀਹਾਂ : ਵਿਧਾਇਕ  ਕੋਹਲੀ

  • ਪਟਿਆਲਾ ਵੈਲਫੇਅਰ ਸੁਸਾਇਟੀ ਵੱਲੋਂ ਸਰਕਾਰੀ ਸਕੂਲ ਮਾਡਲ ਟਾਊਨ ਦੇ ਮੈਰੀਟੋਰੀਅਸ ਵਿਦਿਆਰਥੀਆਂ ਦਾ ਸਨਮਾਨ

ਪਟਿਆਲਾ, 23 ਜੁਲਾਈ : ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਡਲ ਟਾਊਨ ਦੀਆਂ ਵੱਖ-ਵੱਖ ਜਮਾਤਾਂ ਵਿਚੋਂ ਮੈਰਿਟ ਪ੍ਰਾਪਤ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਦਾ ਪਟਿਆਲਾ ਵੈਲਫੇਅਰ ਸੁਸਾਇਟੀ ਵਲੋਂ ਨਗ਼ਦ ਇਨਾਮ, ਮੋਮੈਂਟੋ ਅਤੇ ਸਟੇਸ਼ਨਰੀ ਦਾ ਸਾਮਾਨ ਦੇਕੇ ਅਤੇ ਉਨ੍ਹਾਂ ਦੇ ਮੈਂਟਰ ਅਧਿਆਪਕਾਂ ਦਾ ਵੀ ਵਿਸ਼ੇਸ਼ ਤੌਰ ਉਤੇ ਸਨਮਾਨ ਕੀਤਾ। ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਸਿੱਖਿਆ ਅਤੇ ਸਿਹਤ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੀਆਂ ਮੁੱਖ ਤਰਜੀਹਾਂ ਹਨ। ਉਨ੍ਹਾਂ ਨੇ ਕਿਹਾ ਕਿ ਪਟਿਆਲਾ ਵੈਲਫੇਅਰ ਸੁਸਾਇਟੀ ਵਲੋਂ ਵਿਦਿਆਰਥੀਆਂ ਦਾ ਸਨਮਾਨ ਕਰਕੇ ਹੌਂਸਲਾ ਵਧਾਉਣਾ ਸ਼ਲਾਘਾਯੋਗ ਹੈ। ਇਸ ਸਮਾਗਮ ਦੀ ਪ੍ਰਧਾਨਗੀ ਏ.ਡੀ.ਸੀ (ਜ) ਜਗਜੀਤ ਸਿੰਘ ਨੇ ਕੀਤੀ ਅਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਇਸ ਮਾਣਮੱਤੀ ਪ੍ਰਾਪਤੀ ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਆਖਿਆ ਕਿ ਵਿਦਿਆਰਥੀ ਜੀਵਨ ਦੀਆਂ  ਅਜਿਹੀਆਂ ਪ੍ਰਾਪਤੀਆਂ ਭਵਿੱਖ ਦੀਆਂ ਮੰਜਿਲਾਂ ਹੋ ਨਿੱਬੜਦੀਆਂ ਹਨ। ਪ੍ਰਿੰਸੀਪਲ ਬਲਵੀਰ ਸਿੰਘ ਜੌੜਾ ਨੇ ਜੀ ਆਇਆਂ ਆਖਦਿਆਂ ਮਹਿਮਾਨਾਂ ਦਾ ਸਨਮਾਨ ਕੀਤਾ। ਸੁਸਾਇਟੀ ਪ੍ਰਧਾਨ ਵਿਜੇ ਕੁਮਾਰ ਗੋਇਲ ਨੇ ਧੰਨਵਾਦ ਕਰਦਿਆਂ ਸੁਸਾਇਟੀ ਦੇ ਸਮਾਜ ਸੇਵੀ ਕੰਮਾਂ ਦਾ ਵਰਨਣ ਕੀਤਾ। ਸਮਾਰੋਹ ਮੌਕੇ ਪਦਮਸ਼੍ਰੀ  ਡਾ. ਆਰ.ਐਲ. ਮਿਤ੍ਲ, ਜੈ ਕਿਸਨ ਗੋਇਲ, ਪਰਸ਼ੋਤਮ  ਗੋਇਲ, ਨਰੇਸ਼ ਕੁਮਾਰ ਕਾਕਾ ਆਦਿ ਮੈਂਬਰਾਂ ਨੇ ਆਪਣਾ ਭਰਵਾਂ ਯੋਗਦਾਨ ਪਾਇਆ। ਅੰਤ ਵਿੱਚ ਸੁਸਾਇਟੀ ਵੱਲੋਂ ਹਾਜ਼ਰੀਨ ਨੂੰ ਜੂਟ ਦੇ ਥੈਲੇ ਵੰਡ ਕੇ  ਪ੍ਰਦੂਸ਼ਨ ਮੁਕਤ ਸਮਾਜ ਸਿਰਜਣ ਦਾ ਸੰਦੇਸ਼ ਦਿੱਤਾ ਗਿਆ।ਮੰਚ ਸੰਚਾਲਨ ਲੈਕਚਰਾਰ ਰਜਿੰਦਰ ਸਿੰਘ ਨੇ ਕੀਤਾ।