ਲੁਧਿਆਣਾ 'ਚ ਕੱਚੇ ਅਧਿਆਪਕ ਪਾਣੀ ਵਾਲੀ ਟੈਂਕੀ ਉੱਪਰ ਚੜ੍ਹ ਚੜ੍ਹੇ, ਪੰਜਾਬ ਸਰਕਾਰ ਤੋਂ ਪੱਕੇ ਕਰਨ ਦੀ ਕੀਤੀ ਮੰਗ 

ਲੁਧਿਆਣਾ, 22 ਜਨਵਰੀ : ਪੰਜਾਬ ਸਰਕਾਰ ਤੋਂ ਪੱਕੇ ਕਰਨ ਦੀ ਮੰਗ ਕਰ ਰਹੇ ਲੁਧਿਆਣਾ ਦੇ ਜਵਾਹਰ ਨਗਰ ਵਿੱਚ ਕੱਚੇ ਅਧਿਆਪਕ ਪਾਣੀ ਵਾਲੀ ਟੈਂਕੀ ਉੱਪਰ ਚੜ੍ਹ ਗਏ ਹਨ। ਸੂਚਨਾ ਮਿਲਦੇ ਹੀ ਮੌਕੇ ਉਤੇ ਪਹੁੰਚੇ ਪੁਲਿਸ ਤੇ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਉਨ੍ਹਾਂ ਨੂੰ ਸਮਝਾਇਆ ਜਾ ਰਿਹਾ ਹੈ। ਹਾਲਾਂਕਿ ਇਸ ਵਿਚਾਲੇ ਉਹ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਏ ਜਾਣ ਦੀ ਮੰਗ ਉਤੇ ਅੜੇ ਹੋਏ ਹਨ। ਇਸ ਮੌਕੇ ਅਧਿਆਪਕਾਂ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੂੰ ਸਰਕਾਰ ਨੇ ਵਾਅਦੇ ਮੁਤਾਬਕ ਪੱਕਾ ਨਹੀਂ ਕੀਤਾ ਤੇ ਹਾਲੇ ਵੀ ਉਹ 6000 ਰੁਪਏ ਦੀ ਮਾਮੂਲੀ ਜਿਹੀ ਤਨਖਾਹ ਉਤੇ ਕੰਮ ਕਰਨ ਲਈ ਮਜਬੂਰ ਹਨ। ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਕਿ ਉਹ ਕਈ ਵਾਰ ਵਿਭਾਗੀ ਪੱਧਰ ਉਤੇ ਸੀਨੀਅਰ ਅਫਸਰਾਂ ਨਾਲ ਮਿਲ ਚੁੱਕੇ ਹਨ ਪਰ ਹਰ ਵਾਰ ਉਨ੍ਹਾਂ ਨੂੰ ਲਾਅਰੇ ਲਗਾ ਦਿੱਤੇ ਜਾਂਦੇ ਹਨ। ਇਸ ਮੌਕੇ ਅਧਿਆਪਕਾਂ ਨੇ ਆਖਿਆ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ, ਉਹ ਟੈਂਕੀ ਤੋਂ ਥੱਲੇ ਨਹੀਂ ਆਉਣਗੇ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਹੋਰ ਅਧਿਆਪਕ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਇਸੇ ਜਗ੍ਹਾ ਉਤੇ ਪਹੁੰਚ ਰਹੇ ਹਨ।