ਲੁਧਿਆਣਾ ਦੇ ਪਾਇਲ ਵਿੱਚ ਰਾਵਣ ਨੂੰ ਸਾੜਿਆ ਨਹੀਂ ਜਾਂਦਾ, ਸਗੋਂ ਪੂਜਿਆ ਜਾਂਦਾ ਹੈ।

ਪਾਇਲ, 24 ਅਕਤੂਬਰ : ਭਾਰਤ ਵਿੱਚ ਜਿੱਥੇ ਅੱਜ ਦੇ ਦਿਨ ਰਾਵਣ, ਕੁੰਭ ਕਰਨ ਅਤੇ ਮੇਘਨਾਦ ਦੇ ਪੁਤਲੇ ਫੂਕੇ ਜਾਂਦੇ ਹਨ, ਉੱਥੇ ਪੰਜਾਬ ਦੇ ਜਿਲ੍ਹਾਂ ਲੁਧਿਆਣਾ ਦੇ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਪਾਇਲ ਵਿੱਚ ਰਾਵਣ ਨੂੰ ਸਾੜਿਆ ਨਹੀਂ ਜਾਂਦਾ, ਸਗੋਂ ਉਸਦੀ ਪੂਜਾ ਕੀਤੀ ਜਾਂਦੀ ਹੈ। ਪਾਇਲ ਵਿੱਚ ਲੰਕਾਪਤੀ ਰਾਵਣ ਦਾ ਇੱਕ ਤਕਰੀਬਨ 178 ਸਾਲ ਪੁਰਾਣਾ ਇੱਕ ਮੰਦਰ ਬਣਿਆ ਹੋਇਆ ਹੈ। ਜਾਣਕਾਰੀ ਅਨੁਸਾਰ ਇਹ ਪੂਜਾ 1835 ਤੋਂ ਕਰਨੀ ਸ਼ੁਰੂ ਹੋਈ ਸੀ। ਇਸ ਪਰੰਪਰਾ ਨੂੰ ਦੂਬੇ ਪਰਿਵਾਰ ਹਰ ਸਾਲ ਦੁਸਹਿਰੇ ਮੌਕੇ ਪਾਇਲ ਆ ਕੇ ਪਿਛਲੀਆਂ ਸੱਤ ਪੁਸ਼ਤਾਂ ਤੋਂ ਨਿਭਾਅ ਰਿਹਾ ਹੈ। ਇਸ ਬਿਰਾਦਰੀ ਦੇ ਲੋਕ ਦੇਸ਼-ਵਿਦੇਸ਼ ਤੋਂ ਇਥੇ ਆ ਕੇ ਰਾਮਲੀਲਾ ਤੇ ਦੁਸਹਿਰਾ ਮੇਲੇ ਦਾ ਆਯੋਜਨ ਕਰਦੇ ਹਨ। ਰਾਵਨ ਦੀ ਪੂਜਾ ਕਰਦੇ ਹਨ, ਇਸ ਦੇ ਨਾਲ ਇਥੇ ਬਣੇ 178 ਸਾਲ ਪੁਰਾਣੇ ਮੰਦਰ ਵਿਚ ਭਗਵਾਨ ਸ਼੍ਰੀਰਾਮ ਚੰਦਰ ਤੇ ਲਕਸ਼ਮਣ, ਹਨੂੰਮਾਨ ਤੇ ਸੀਤਾ ਮਾਤਾ ਦੀ ਪੂਜਾ ਵੀ ਕੀਤੀ ਜਾਂਦੀ ਹੈ। ਦੂਬੇ ਪਰਿਵਾਰ ਦੇ ਮੈਂਬਰ ਵਿਨੋਦ ਦੂਬੇ ਤੇ ਅਖਿਲ ਪ੍ਰਕਾਸ਼ ਦੂਬੇ ਨੇ ਦੱਸਿਆ ਕਿ ਸਾਡੇ ਪੁਰਖੇ ਬੀਰਬਲ ਦਾਸ ਦੇ ਸੰਤਾਨ ਨਹੀਂ ਸੀ, ਜਿਨ੍ਹਾਂ ਪਾਇਲ ਸ਼ਹਿਰ ਛੱਡ ਕੇ ਹਰਿਦੁਆਰ ਵੱਲ ਕੂਚ ਕਰ ਦਿੱਤਾ। ਰਸਤੇ ਵਿੱਚ ਇੱਕ ਸਾਧੂ ਨੇ ਸੰਤਾਨ ਦੀ ਇੱਛਾ ਪ੍ਰਾਪਤੀ ਦਾ ਹੱਲ ਦੱਸਦੇ ਕਿਹਾ ਕਿ ਜਾ ਕੇ ਰਾਮਲੀਲਾ ਕਰੋ ਤੇ ਦੁਸਹਿਰਾ ਮਨਾਓ। ਉਨ੍ਹਾਂ ਪਾਇਲ ਆ ਕੇ ਰਾਮਲੀਲਾ ਕਰਵਾਈ ਤੇ ਅਗਲੇ ਸਾਲ ਦੇ ਦੁਸਹਿਰੇ ਤੋਂ ਪਹਿਲਾਂ ਪਹਿਲੀ ਸੰਤਾਨ ਦੀ ਪ੍ਰਾਪਤੀ ਹੋਈ। ਇਸੇ ਤਰ੍ਹਾਂ ਉਨ੍ਹਾਂ ਦੇ ਚਾਰ ਪੁੱਤਰ ਪੈਦਾ ਹੋਏ ਜਿਨ੍ਹਾਂ ਦਾ ਨਾਮ ਹਕੀਮ ਅੱਛਰੂਦਾਸ ਦੂਬੇ, ਤੁਲਸੀਦਾਸ ਦੂਬੇ, ਪ੍ਰਭੂਦਿਆਲ ਦੂਬੇ ਤੇ ਨਰੈਣਦਾਸ ਦੂਬੇ ਸੀ ਜਿਨ੍ਹਾਂ ਨੂੰ ਅਸੀਂ ਰਾਮ, ਲਸ਼ਮਣ, ਸ਼ਤਰੂਘਣ ਤੇ ਭਰਤ ਵਜੋਂ ਮੰਨਦੇ ਹਾਂ। ਦੂਜਾ ਪੁਰਖਿਆਂ ਦੇ ਘਰ ਸੰਤਾਨ ਦਾ ਪੈਦਾ ਹੋਣਾ ਸਾਡੇ ਦੂਬੇ ਪਰਿਵਾਰ ਲਈ ਦੁਸਹਿਰੇ ਮੌਕੇ ਪੂਜਾ ਅਰਚਨਾ ਕਰਨ ਦਾ ਜਰੀਆ ਬਣਿਆ, ਜੋ ਅੱਜ ਤੱਕ ਨਿਰਵਿਘਨ ਕੀਤੀ ਜਾ ਰਹੀ ਹੈ। ਪਾਇਲ ਵਿਚ ਰਾਵਣ ਦੀ 25 ਫੁੱਟ ਦੀ ਵਿਸ਼ਾਲ ਮੂਰਤੀ ਸਥਾਪਤ ਹੈ ਜਿਥੇ 1835 ਤੋਂ ਦੁਬੇ ਵੰਸ਼ਜਾਂ ਵੱਲੋਂ ਵਿਜੇ ਦਸ਼ਮੀ ‘ਤੇ ਰਾਵਣ ਦੀ ਪੂਜਾ ਕੀਤੀ ਜਾਂਦੀ ਹੈ। ਲੋਕ ਖੂਨ ਦਾ ਤਿਲਕ ਲਗਾ ਕੇ ਮੱਥਾ ਟੇਕਦੇ ਹਨ। ਦੁਸਹਿਰੇ ਤੋਂ ਪਹਿਲਾਂ ਵਿਧੀਪੂਰਵਕ ਰਾਮਲੀਲਾ ਵੀ ਕੀਤੀ ਜਾਂਦੀ ਹੈ। ਲੋਕ ਦੁਸਹਿਰੇ ਨੂੰ ਇਥੇ ਆ ਕੇ ਰਾਵਣ ਦੀ ਪੂਜਾ ਕਰਦੇ ਹਨ। ਰਾਵਣ ਭਾਵੇਂ ਹੀ ਬੁਰਾਈ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਤੇ ਦੁਸਹਿਰੇ ‘ਤੇ ਉਸਦੇ ਪੁਤਲੇ ਸਾੜੇ ਜਾਂਦੇ ਹਨ ਪਰ ਇਥੇ ਅੱਜ ਦੇ ਦਿਨ ਭਗਵਾਨ ਸ਼੍ਰੀਰਾਮ ਦੇ ਨਾਲ ਰਾਵਣ ਨੂੰ ਵੀ ਪੂਜਿਆ ਜਾਂਦਾ ਹੈ।