ਲੁਧਿਆਣਾ ਪੁਲਿਸ ਨੇ 25 ਲੱਖ ਰੁਪਏ ਦੀ ਲੁੱਟ ਦੇ ਮਾਮਲੇ ਨੂੰ ਕੁਝ ਘੰਟਿਆਂ ਵਿੱਚ ਹੀ ਸੁਲਝਾਇਆ

ਲੁਧਿਆਣਾ 29 ਨਵੰਬਰ : ਲੁਧਿਆਣਾ ਪੁਲਿਸ ਨੇ ਬੀਤੇ ਦਿਨ ਹੋਈ 25 ਲੱਖ ਰੁਪਏ ਦੀ ਲੁੱਟ ਦੇ ਮਾਮਲੇ ਨੂੰ ਕੁਝ ਘੰਟਿਆਂ ਵਿੱਚ ਹੀ ਸੁਲਝਾ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਜਦੋਂ ਪੈਟਰੋਲ ਪੰਪ ਦੇ ਮੈਨੇਜਰ ਅਤੇ ਇੱਕ ਮੁਲਾਜ਼ਮ ਬੈਂਕ ਵਿੱਚ 25 ਲੱਖ ਰੁਪਏ ਜਮ੍ਹਾਂ ਕਰਵਾਉਣ ਜਾ ਰਹੇ ਸਨ ਤਾਂ ਰਸਤੇ ਵਿੱਚ ਬੈਂਕ ਨੇੜੇ ਉਨ੍ਹਾਂ ਕੋਲੋਂ 25 ਲੱਖ ਰੁਪਏ ਖੋਹ ਲਏ ਗਏ। ਇਸ ਮਾਮਲੇ ਵਿੱਚ ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਕੁਝ ਹੀ ਸਮੇਂ ਵਿੱਚ ਮਾਮਲਾ ਸੁਲਝਾ ਲਿਆ। ਪੁਲਿਸ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਮੁਲਜ਼ਮ ਪਹਿਲਾਂ ਪੈਟਰੋਲ ਪੰਪ 'ਤੇ ਕੰਮ ਕਰਦੇ ਸਨ ਅਤੇ ਪੁਰਾਣੇ ਭੇਤੀ ਸਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਰੀਬ 25 ਲੱਖ ਰੁਪਏ ਦੀ ਲੁੱਟ ਵਿੱਚੋਂ 23 ਲੱਖ 41 ਹਜ਼ਾਰ ਰੁਪਏ ਬਰਾਮਦ ਕਰ ਲਏ ਗਏ ਹਨ। ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।