ਲੁਧਿਆਣਾ ਪੁਲਿਸ ਨੇ ਸੁਨਿਆਰੇ ਦੀ ਦੁਕਾਨ ਤੋਂ ਗਹਿਣੇ ਲੁੱਟਣ ਵਾਲੇ ਦੋ ਬਦਮਾਸ਼ ਕੀਤੇ ਗ੍ਰਿਫ਼ਤਾਰ

ਲੁਧਿਆਣਾ, 10 ਅਕਤੂਬਰ : ਜਮਾਲਪੁਰ ਇਲਾਕੇ ਵਿੱਚ ਆਲੂਵਾਲੀਆ ਕਲੋਨੀ ਦੇ ਗਹਿਣਾ ਸ਼ੋਅ ਰੂਮ ਵਿਚ 5 ਅਕਤੂਬਰ ਨੂੰ ਹੋਈ ਲੁੱਟ ਦੀ ਵਾਰਦਾਤ ਅੰਜਾਮ ਦੇਣ ਵਾਲਿਆਂ 'ਚੋਂ ਦੋ ਬਦਮਾਸ਼ਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਪੁਲਿਸ ਨੇ ਲੁੱਟੇ ਹੋਏ ਗਹਿਣੇ ਵਿੱਚੋਂ ਦਸ ਤੋਲੇ ਤੋਂ ਵੱਧ ਸੋਨੇ ਅਤੇ 27 ਤੋਲੇ ਤੋਂ ਵੱਧ ਚਾਂਦੀ ਦੇ ਗਹਿਣਿਆਂ ਤੋਂ ਇਲਾਵਾ ਸੋਨੇ ਦੀ ਨਕਲੀ ਚੈਨ ਵੀ ਬਰਾਮਦ ਕੀਤੀ ਹੈ।ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਗੁਰਜੀਤ ਸਿੰਘ ਤੇ ਬਿਕਰਮਜੀਤ ਸਿੰਘ ਦੇ ਰੂਪ ਵਿੱਚ ਹੋਈ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਅਗਲੇਰੀ ਪੜਤਾਲ ਦੌਰਾਨ ਸਾਹਮਣੇ ਆਵੇਗਾ ਕਿ ਲੁੱਟ ਦੀ ਵਾਰਦਾਤ ਵਿੱਚ ਦੋਨਾਂ ਮੁਲਜ਼ਮਾਂ ਤੋਂ ਇਲਾਵਾ ਹੋਰ ਕਿੰਨੇ ਲੋਕ ਸ਼ਾਮਲ ਸਨ। ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਇਸ ਮਾਮਲੇ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜ ਅਕਤੂਬਰ ਨੂੰ ਆਲੂਵਾਲੀਆ ਕਲੋਨੀ ਵਿੱਚ ਜਿਊਲਰਜ ਸ਼ੋਅ ਰੂਮ 'ਤੇ ਮੋਟਰਸਾਈਕਲ ਸਵਾਰ ਦੋ ਬਦਮਾਸ਼ਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਬਦਮਾਸ਼ਾਂ ਨੇ ਸ਼ੋਅ ਰੂਮ ਅੰਦਰ ਜਾ ਕੇ ਪਸਤੌਲ ਦੇ ਜ਼ੋਰ ਤੇ ਸ਼ੋਅ ਰੂਮ ਮਾਲਕ ਦੇ ਹੱਥ ਵਿੱਚ ਪਾਈਆਂ ਪੰਜ ਅੰਗੂਠੀਆਂ, ਦੁਕਾਨ ਵਿੱਚੋਂ ਕਈ ਤੋਲੇ ਸੋਨੇ ਦੇ ਗਹਿਣੇ ਤੇ ਚਾਂਦੀ ਲੁੱਟ ਲਈ ਸੀ। ਉਕਤ ਵਾਰਦਾਤ ਦੀ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਜਮਾਲਪੁਰ ਪੁਲਿਸ ਸਮੇਤ ਵੱਖ ਵੱਖ ਟੀਮਾਂ ਬਣਾ ਕੇ ਲੁਧਿਆਣਾ ਪੁਲਿਸ ਵੱਲੋਂ ਲੁਟੇਰਿਆਂ ਦੀ ਭਾਲ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਸੀ। ਪੁਲਿਸ ਦੀ ਭੱਜ ਦੌੜ ਨੂੰ ਬੂਰ ਪਿਆ ਜਦ ਪੁਲਿਸ ਨੇ ਜਮਾਲਪੁਰ ਦੇ ਹੀ ਰਹਿਣ ਵਾਲੇ ਵਿਕਰਮਜੀਤ ਸਿੰਘ ਵਿੱਕੀ ਤੇ ਗੁਰਜੀਤ ਸਿੰਘ ਦੀ ਸ਼ਨਾਖਤ ਕਰਕੇ ਦੋਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਕਮਿਸ਼ਨਰ ਮੁਤਾਬਕ ਜਦ ਬਦਮਾਸ਼ਾਂ ਦੀ ਸ਼ਨਾਖਤ ਬਿਕਰਮਜੀਤ ਸਿੰਘ ਵਿਕੀ ਤੇ ਗੁਰਜੀਤ ਸਿੰਘ ਦੇ ਰੂਪ ਵਿੱਚ ਹੋ ਗਈ ਤਾਂ ਪੁਲਿਸ ਨੇ ਦੋਨਾਂ ਬਦਮਾਸ਼ਾਂ ਦੀਆਂ ਪੈੜਾਂ ਨੱਪਣ ਦੀ ਮੁਹਿੰਮ ਸ਼ੁਰੂ ਕੀਤੀ। ਜਦ ਬਦਮਾਸ਼ਾਂ ਨੂੰ ਪੁਲਿਸ ਪਿੱਛੇ ਲੱਗੇ ਹੋਣ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਪੁਲਿਸ ਦੇ ਘੇਰੇ ਤੋਂ ਫਰਾਰ ਹੋਣ ਲਈ ਮੋਟਰਸਾਈਕਲ ਭਜਾਈ। ਡਰ ਤੇ ਘਬਰਾਹਟ ਕਾਰਨ ਮੋਟਰਸਾਈਕਲ ਦਾ ਸੰਤੁਲਨ ਵਿਗੜਿਆ ਅਤੇ ਦੋਨੋਂ ਸੜਕ ਤੇ ਡਿੱਗ ਗਏ। ਇਸ ਹਾਦਸੇ ਵਿੱਚ ਗੁਰਜੀਤ ਸਿੰਘ ਦੀ ਬਾਂਹ ਤੇ ਵਿਕਰਮਜੀਤ ਸਿੰਘ ਦੀ ਲੱਤ ਵੀ ਟੁੱਟ ਗਈ। ਦੋਨੋ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਮੁਢਲੀ ਮੈਡੀਕਲ ਸਹਾਇਤਾ ਦਿੱਤੀ ਜਾ ਰਹੀ ਹੈ।।