ਲੁਧਿਆਣਾ ਪੁਲਿਸ ਨੇ 3 ਬਦਮਾਸ਼ਾਂ ਨੂੰ ਕੀਤਾ ਕਾਬੂ, 11 ਨਾਜਾਇਜ਼ ਪਿਸਤੌਲ ਅਤੇ 7 ਕਾਰਤੂਸ ਬਰਾਮਦ 

ਲੁਧਿਆਣਾ, 05 ਅਗਸਤ : ਲੁਧਿਆਣਾ ਪੁਲਿਸ ਨੇ 3 ਬਦਮਾਸ਼ਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਦੇ ਕਬਜ਼ੇ ‘ਚੋਂ 11 ਨਾਜਾਇਜ਼ ਪਿਸਤੌਲ ਅਤੇ 7 ਕਾਰਤੂਸ ਬਰਾਮਦ ਕੀਤੇ ਗਏ ਹਨ। CIA-2 ਦੇ ਇੰਚਾਰਜ ਬੇਅੰਤ ਜੁਨੇਜਾ ਦੀ ਅਗਵਾਈ ਹੇਠ ਇਨ੍ਹਾਂ ਬਦਮਾਸ਼ਾਂ ਨੂੰ ਫੜਿਆ ਗਿਆ ਹੈ। ਫੜੇ ਗਏ ਵਿਅਕਤੀਆਂ ਦੀ ਪਛਾਣ ਗੁਰਬੀਰ ਸਿੰਘ ਗੁਰੀ, ਰਾਜਾ ਸਿੰਘ ਅਤੇ ਕੁਨਾਲ ਸ਼ਰਮਾ ਵਜੋਂ ਹੋਈ ਹੈ। ਫਿਲਹਾਲ ਪੁਲਿਸ ਤਿੰਨੋਂ ਨਜਾਇਜ਼ ਹਥਿਆਰਾਂ ਦੇ ਸਮੱਗਲਰਾਂ ਤੋਂ ਪੁੱਛਗਿੱਛ ਕਰਨ ‘ਚ ਲੱਗੀ ਹੋਈ ਹੈ। ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਗੁਰਬੀਰ ਸਿੰਘ ਗੁਰੀ ਨੂੰ 30 ਮਈ ਨੂੰ ਪੁਲਿਸ ਥਾਣਾ ਸਟੇਟ ਕਰਾਈਮ SAI ਨਗਰ ਨੇ ਅਸਲਾ ਐਕਟ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ। ਜਦੋਂ 28 ਜੁਲਾਈ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਉਸ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ 29 ਜੁਲਾਈ ਨੂੰ ਉਸ ਕੋਲੋਂ 32 ਬੋਰ ਦੀ ਮੈਗਜ਼ੀਨ ਸਮੇਤ 1 ਦੇਸੀ ਪਿਸਤੌਲ, 2 ਜਿੰਦਾ ਰੌਂਦ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਗੁਰਵੀਰ ਸਿੰਘ ਖ਼ਿਲਾਫ਼ ਪਹਿਲਾਂ ਵੀ 11 ਕੇਸ ਦਰਜ ਹਨ। ਮੁਲਜ਼ਮ ਨੇ ਪੁਲਿਸ ਨੂੰ ਦੱਸਿਆ ਕਿ ਇਹ ਅਸਲਾ ਉਸ ਨੇ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਰਾਜਾ ਸਿੰਘ ਤੋਂ ਖਰੀਦਿਆ ਸੀ। ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਰਾਜਾ ਸਿੰਘ ਨੂੰ ਨਾਮਜ਼ਦ ਕੀਤਾ ਅਤੇ 2 ਅਗਸਤ ਨੂੰ ਮੱਧ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤਾ। ਪੁਲਿਸ ਨੇ ਰਾਜਾ ਕੋਲੋਂ 6 ਪਿਸਤੌਲ 32 ਬੋਰ ਮੈਗਜ਼ੀਨ ਸਮੇਤ, 2 ਪਿਸਤੌਲ 30 ਬੋਰ, ਦੇਸੀ ਸਮੇਤ ਮੈਗਜ਼ੀਨ ਬਰਾਮਦ ਕੀਤੇ ਹਨ। ਮੁਲਜ਼ਮ ਰਾਜਾ ਦਾ ਟ੍ਰਾਂਜੈਕਸ਼ਨ ਰਿਮਾਂਡ ਹਾਸਲ ਕਰਕੇ 5 ਅਗਸਤ ਨੂੰ ਲੁਧਿਆਣਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਰਾਜਾ ਗੋਲਾ ਬਾਰੂਦ ਬਣਾਉਣ ਅਤੇ ਸਪਲਾਈ ਕਰਨ ਦਾ ਕਾਰੋਬਾਰ ਕਰਦਾ ਹੈ। ਥਾਣਾ CIA-1 ਦੀ ਟੀਮ ਨੇ ਸ਼ੁਭਮ ਮੋਟਾ ਗਿਰੋਹ ਦੇ ਸਰਗਨਾ ਕੁਨਾਲ ਸ਼ਰਮਾ ਕੈਂਬੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਕਾਫੀ ਸਮੇਂ ਤੋਂ ਫਰਾਰ ਸੀ। ਬਦਮਾਸ਼ ਗੈਰ-ਕਾਨੂੰਨੀ ਹਥਿਆਰ ਸਪਲਾਈ ਕਰਨ ਦਾ ਕੰਮ ਕਰਦੇ ਹਨ। ਪੁਲਿਸ ਨੇ ਮੁਲਜ਼ਮਾਂ ਕੋਲੋਂ 2 ਪਿਸਤੌਲ ਅਤੇ 5 ਕਾਰਤੂਸ ਬਰਾਮਦ ਕੀਤੇ ਹਨ। ਦੱਸਿਆ ਜਾ ਰਿਹਾ ਹੈ ਕਿ ਕੈਂਬੀ ਨੇ DMC ਹਸਪਤਾਲ ਵਿੱਚ ਐਂਬੂਲੈਂਸ ਡਰਾਈਵਰ ਦੀ ਕੁੱਟਮਾਰ ਕਰਨ ਤੋਂ ਬਾਅਦ ਇੱਕ ਵੀਡੀਓ ਵੀ ਬਣਾਈ ਸੀ। ਪੁਲਿਸ ਮੁਲਜਮਾਂ ਤੋਂ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਹੋਰ ਖੁਲਾਸੇ ਕੀਤੇ ਜਾ ਸਕਣ।