ਲੌਂਗੋਵਾਲ ਪੁਲਿਸ ਵੱਲੋਂ 18 ਕਿਸਾਨਾਂ ਅਤੇ 35 ਅਣਪਛਾਤੇ ਵਿਅਕਤੀਆਂ ਖਿਲਾਫ ਕਈ ਸੰਗੀਨ ਧਰਾਵਾਂ ਤਹਿਤ ਮੁਕੱਦਮਾਂ ਦਰਜ

ਲੌਂਗੋਵਾਲ, 22 ਅਗਸਤ : ਸੰਗਰੂਰ ਦੇ ਲੌਂਗੋਵਾਲ ‘ਚ ਪੁਲਿਸ ਅਤੇ ਕਿਸਾਨਾਂ ਵਿੱਚ ਹੋਈ ਝੜਪ ਤੋਂ ਬਾਅਦ ਅੱਜ ਲੌਂਗੋਵਾਲ ਪੁਲਿਸ ਵੱਲੋਂ 18 ਕਿਸਾਨਾਂ ਅਤੇ 35 ਅਣਪਛਾਤੇ ਵਿਅਕਤੀਆਂ ਖਿਲਾਫ ਇਰਾਦਾ ਏ ਕਤਲ, ਡਿਊਟੀ ਵਿੱਚ ਵਿਘਨ ਪਾਉਣ ਅਤੇ ਕੁੱਟਮਾਰ ਕਰਨ ਤੇ ਇਲਜ਼ਾਮਾਂ ਤਹਿਤ ਪਰਚਾ ਦਰਜ ਕੀਤਾ ਹੈ। ਇਸ ਝੜਪ ਦੌਰਾਨ ਇੱਕ ਕਿਸਾਨ ਪ੍ਰੀਤਮ ਸਿੰਘ ਦੀ ਮੌਤ ਹੋ ਗਈ ਸੀ, ਜਿਸ ਲਈ ਕਿਸਾਨ ਪੁਲਿਸ ਪ੍ਰਸ਼ਾਸ਼ਨ ਨੂੰ ਜਿੰਮੇਦਾਰ ਠਹਿਰਾ ਰਹੇ ਹਨ। ਥਾਣਾ ਲੌਂਗੋਵਾਲ ਦੇ ਐਸ.ਐਚ.ਓ. ਗਗਨਦੀਪ ਸਿੱਧੂ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਨੇ ਸੁੱਖਾ ਸਿੰਘ, ਬਲਜਿੰਦਰ ਸਿੰਘ, ਪ੍ਰਦੀਪ ਸਿੰਘ, ਅਮਰ ਸਿੰਘ, ਅਮਰ ਪੁੱਤਰ ਮਹਿੰਦਰ ਸਿੰਘ, ਕੁਲਵਿੰਦਰ, ਭੁਪਿੰਦਰ ਸਿੰਘ, ਰਾਜਪਾਲ, ਪ੍ਰੀਰਥੀ ਸਿੰਘ, ਜੁਝਾਰ, ਹੈਪੀ, ਲਖਬੀਰ, ਕਮਲਜੀਤ, ਬਲਦੇਵ, ਬਾਰਾ ਸਿੰਘ, ਦਰਵਾਰਾ ਸਿੰਘ, ਗੁਰਮੇਲ, ਪੀਟਰ ਰੇਹੜੇ ਦੇ ਅਣਪਛਾਤੇ ਡਰਾਈਵਰ ਅਤੇ 35 ਅਣਪਛਾਤੇ ਵਿਅਕਤੀਆਂ ਵਿਰੁਧ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਅਪਣੇ ਬਿਆਨ ਵਿਚ ਲਿਖਿਆ ਕਿ ਕਈ ਕਿਸਾਨਾਂ ਵਲੋਂ ਚੰਡੀਗੜ੍ਹ ਜਾਣ ਦਾ ਪ੍ਰੋਗਰਾਮ ਬਣਾਇਆ ਗਿਆ। ਵੱਡੀ ਗਿਣਤੀ ਵਿਚ ਕਿਸਾਨ ਵੱਖ-ਵੱਖ ਸਾਧਨਾਂ ਉਤੇ ਪੁੱਜੇ ਹੋਏ ਸਨ। ਉਦੋਂ ਪੁਲਿਸ ਮੌਕੇ ’ਤੇ ਮੌਜੂਦ ਸੀ। ਇਸ ਦੌਰਾਨ ਕੁੱਝ ਕਿਸਾਨ ਲੋਕਾਂ ਨੂੰ ਨਾਕਾ ਤੋੜ ਕੇ ਬਠਿੰਡਾ-ਚੰਡੀਗੜ੍ਹ ਰੋਡ ’ਤੇ ਲੱਗੇ ਟੋਲ ਪਲਾਜ਼ਾ ਨੂੰ ਬੰਦ ਕਰਵਾਉਣ ਲਈ ਉਕਸਾਉਂਦੇ ਨਜ਼ਰ ਆਏ, ਜਿਸ ਤੋਂ ਬਾਅਦ ਇਕ ਟਰੈਕਟਰ-ਟਰਾਲੀ ਨਾਕਾ ਤੋੜ ਕੇ ਅੱਗੇ ਨਿਕਲ ਗਈ। ਇਸ ਘਟਨਾ 'ਚ ਕਈ ਕਰਮਚਾਰੀ ਜ਼ਖਮੀ ਹੋ ਗਏ, ਜਿਸ ਕਾਰਨ ਇਹ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਮੁਲਜ਼ਮਾਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। 

ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਮੁਆਵਜ਼ਾ, ਸਰਕਾਰੀ ਨੌਕਰੀ, ਦੋਸ਼ੀ ਪੁਲਿਸ ਮੁਲਾਜ਼ਮਾਂ 'ਤੇ ਕਾਰਵਾਈ ਕਰਨ ਦੀ ਕੀਤੀ ਮੰਗ 
ਲੌਂਗੋਵਾਲ 'ਚ ਕਿਸਾਨਾਂ ਅਤੇ ਪੁਲਿਸ ਦਰਮਿਆਨ ਹੋਈ ਝੜਪ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੇ ਝੰਡੇ ਹੇਠ 32 ਕਿਸਾਨ ਜਥੇਬੰਦੀਆਂ ਦੀ ਅੱਜ ਮੀਟਿੰਗ ਹੋਈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸੰਯੁਕਤ ਕਿਸਾਨ ਮੋਰਚਾ ਲੌਂਗੋਵਾਲ ਵਿਚ ਚੱਲ ਰਹੀ ਹੜਤਾਲ ਵਿਚ ਬੀਕੇਯੂ ਆਜ਼ਾਦ ਦਾ ਸਾਥ ਦੇਵੇਗਾ। ਲੌਂਗੋਵਾਲ ਵਿਚ ਕਿਸਾਨਾਂ ਦਾ ਇਹ ਮੋਰਚਾ ਪੱਕੇ ਤੌਰ 'ਤੇ ਜਾਰੀ ਰਹੇਗਾ। ਕਿਸਾਨਾਂ ਨੇ ਮ੍ਰਿਤਕ ਕਿਸਾਨ ਪ੍ਰੀਤਮ ਸਿੰਘ ਦੇ ਪਰਿਵਾਰ ਨੂੰ ਮੁਆਵਜ਼ਾ ਤੇ ਸਰਕਾਰੀ ਨੌਕਰੀ, ਲੌਂਗੋਵਾਲ ਹਿੰਸਾ ਮਾਮਲੇ ਦੇ ਦੋਸ਼ੀ ਪੁਲਿਸ ਮੁਲਾਜ਼ਮਾਂ 'ਤੇ ਕਾਰਵਾਈ, ਪੁਲਿਸ ਵੱਲੋਂ ਗ੍ਰਿਫ਼ਤਾਰ ਕਿਸਾਨ ਆਗੂਆਂ ਦੀ ਰਿਹਾਈ ਦੀ ਮੰਗ ਕੀਤੀ ਹੈ ਤੇ ਹੁਣ ਇਨ੍ਹਾਂ ਮੰਗਾਂ ਨੂੰ ਲੈ ਕੇ ਧਰਨਾ ਜਾਰੀ ਰਹੇਗਾ। ਇਸ ਮੀਟਿੰਗ ਵਿਚ ਕਿਹਾ ਗਿਆ ਕਿ 2 ਸਤੰਬਰ ਨੂੰ ਚੰਡੀਗੜ੍ਹ ਵਿਚ ਸੰਯੁਕਤ ਕਿਸਾਨ ਮੋਰਚੇ ਦੀ ਇੱਕ ਵੱਡੀ ਮੀਟਿੰਗ ਹੋਵੇਗੀ। ਜਿਸ ਵਿਚ ਲੌਂਗੋਵਾਲ ਹਿੰਸਾ ਮਾਮਲੇ ਨੂੰ ਲੈ ਕੇ ਅਗਲੀ ਰਣਨੀਤੀ ਉਲੀਕੀ ਜਾਵੇਗੀ।