ਲੋਕਪਾਲ ਪੰਜਾਬ ਨੇ ਇੰਸਟੀਚਿਊਟ ਆਫ਼ ਫੈਸ਼ਨ ਐਂਡ ਕਮਿਊਨੀਕੇਸ਼ਨ ਟੈਕਨਾਲੋਜੀ ਦਾ ਉਦਘਾਟਨ ਕੀਤਾ

  • ਰਿਆਤ ਐਂਡ ਬਾਹਰਾ ਵਿੱਚ ਖੋਲੇ ਗਏ ਇੰਸਟੀਚਿਊਟ ਵਿੱਚ ਡਿਪਲੋਮਾ ਅਤੇ ਡਿਗਰੀ ਕੋਰਸ ਹੋਣਗੇ ਉਪਲਬੱਧ

ਮੋਹਾਲੀ, 17 ਅਕਤੂਬਰ : ਪੰਜਾਬ ਦੇ ਲੋਕਪਾਲ ਜਸਟਿਸ ਵਿਨੋਦ ਕੇ. ਸ਼ਰਮਾ ਨੇ ਮੁਹਾਲੀ ਜ਼ਿਲ੍ਹੇ ਵਿੱਚ ਸਥਿਤ ਰਿਆਤ ਬਾਹਰਾ ਯੂਨੀਵਰਸਿਟੀ (ਆਰਬੀਯੂ) ਵਿੱਚ ਇੰਸਟੀਚਿਊਟ ਆਫ਼ ਫੈਸ਼ਨ ਐਂਡ ਕਮਿਊਨੀਕੇਸ਼ਨ ਟੈਕਨਾਲੋਜੀ (ਆਈਐਫਸੀਟੀ) ਦਾ ਉਦਘਾਟਨ ਕੀਤਾ। ਆਈਐਫ਼ਸੀਟੀ; ਦੀ ਲਾਈਫ਼ਸਟਾਇਲ ਜਰਨਲਿਸਟ ਮੈਗਜ਼ੀਨ ਦੁਆਰਾ ਸ਼ੁਰੂ ਕੀਤਾ ਗਿਆ ਇੱਕ ਫੈਸ਼ਨ ਇੰਸਟੀਚਿਊਟ ਹੈ, ਅਤੇ ਇੱਕ ਉਦਯੋਗ-ਅਕਾਦਮਿਕ ਪ੍ਰੋਜੈਕਟ ਦੇ ਰੂਪ ਵਿੱਚ ਰਿਆਤ ਐਂਡ ਬਾਹਰਾ ਯੂਨੀਵਰਸਿਟੀ ਦੇ ਸਹਿਯੋਗ ਨਾਲ ਸਥਾਪਿਤ ਕੀਤਾ ਗਿਆ ਹੈ। ਸੰਸਥਾਨ ਦੀ ਸਥਾਪਨਾ ਵਿਦਿਆਰਥੀਆਂ ਨੂੰ ਨਵੀਨਤਮ ਉਦਯੋਗਿਕ ਅਭਿਆਸਾਂ ਦੇ ਨਾਲ ਉੱਚ ਪੱਧਰੀ ਫੈਸ਼ਨ ਸਿੱਖਿਆ ਪ੍ਰਦਾਨ ਕਰਨ ਲਈ ਕੀਤੀ ਗਈ ਹੈ। ਜਸਟਿਸ ਵਿਨੋਦ ਕੇ ਸ਼ਰਮਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ, ‘‘ਅੱਜ ਕੱਲ੍ਹ ਬੱਚਿਆਂ ਕੋਲ ਵੀ ਆਪੋ ਆਪਣੀ ਵੱਖਰੀ ਸ਼ੈਲੀ ਹੈ ਅਤੇ ਉਹ ਇਸ ਖੇਤਰ ਵਿੱਚ ਡੂੰਘੀ ਦਿਲਚਸਪੀ ਦਿਖਾਉਂਦੇ ਹਨ। ਸਾਡੇ ਵਿਦਿਆਰਥੀ ਦਿਨਾਂ ਦੌਰਾਨ ਸਾਡੇ ਕੋਲ ਕੈਰੀਅਰ ਦੇ ਸੀਮਤ ਵਿਕਲਪ ਸਨ ਪਰ ਹੁਣ ਕਈ ਕੈਰੀਅਰ ਵਿਕਲਪ ਹਨ। ਖਾਸ ਤੌਰ ’ਤੇ ਫੈਸ਼ਨ ਉਦਯੋਗ ਤੇਜ਼ੀ ਨਾਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਆਈਐਫਸੀਟੀ ਦੇ ਵਿਦਿਆਰਥੀਆਂ ਦਾ ਅੱਗੇ ਭਵਿੱਖ ਸ਼ਾਨਦਾਰ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨ ਅਤੇ ਆਪਣੇ ਲਈ ਇੱਕ ਮੁਕਾਮ ਬਣਾਉਣ ਲਈ ਪ੍ਰੇਰਿਤ ਕੀਤਾ। ਆਈਐਫ਼ਸੀਟੀ ਦੀ ਡਾਇਰੈਕਟਰ ਡਾ ਨੇਹਾ ਮਿਲਕਾਨੀ ਨੇ ਆਖਿਆ ਕਿ ਇਹ ਇੱਕ ਵਿਲੱਖਣ ਪਲੇਟਫਾਰਮ ਹੈ, ਜਿੱਥੇ ਵਿਦਿਆਰਥੀਆਂ ਕੋਲ ਵਧੀਆ ਉਦਯੋਗਿਕ ਅਭਿਆਸਾਂ ਤੱਕ ਪਹੁੰਚ ਹੋਵੇਗੀ ਜੋ ਅਕਾਦਮਿਕ ਵਿੱਚ ਏਕੀਕ੍ਰਿਤ ਹਨ। ਉਨ੍ਹਾਂ ਕਿਹਾ ਸਾਨੂੰ ਇਸ ਸਾਲ ਸਾਡੇ ਪ੍ਰੋਗਰਾਮਾਂ ਲਈ ਸ਼ਾਨਦਾਰ ਹੁੰਗਾਰਾ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਇੰਸਟੀਚਿਊਟ ਕੋਲ ਤਜ਼ਰਬੇਕਾਰ ਫ਼ੈਕਲਟੀ ਮੈਂਬਰ, ਅਤਿ-ਆਧੁਨਿਕ ਬੁਨਿਆਦੀ ਢਾਂਚਾ, ਚੰਗੀ ਤਰ੍ਹਾਂ ਲੈਸ ਲੈਬਾਂ, ਇੱਕ ਮਜ਼ਬੂਤ ਉਦਯੋਗ-ਮੁਖੀ ਪਾਠਕ੍ਰਮ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਲਈ ਫੈਸ਼ਨ ਅਤੇ ਮਾਸ ਕਮਿਊਨੀਕੇਸ਼ਨ ਦੇ ਖੇਤਰਾਂ ਵਿੱਚ ਡਿਗਰੀ ਅਤੇ ਡਿਪਲੋਮਾ ਕੋਰਸ ਮੌਜੂਦ ਹਨ, ਜਿਨ੍ਹਾਂ ਵਿੱਚ ਬੀਐਸਸੀ-ਫੈਸ਼ਨ ਡਿਜ਼ਾਈਨ, ਬੀਐਸਸੀ ਫੈਸ਼ਨ ਮੈਨੇਜਮੈਂਟ, ਬੀਏ (ਮਾਸ ਕਮਿਊਨੀਕੇਸ਼ਨ ਐਂਡ ਜਰਨਲਿਜ਼ਮ), ਡਿਪਲੋਮਾ ਇਨ ਮੇਕਅਪ ਐਂਡ ਬਿਊਟੀ ਥੈਰੇਪੀ, ਡਿਪਲੋਮਾ ਇਨ ਫੋਟੋਗ੍ਰਾਫੀ ਅਤੇ ਫੈਸ਼ਨ ਵਿੱਚ ਪੀਐਚਡੀ ਪ੍ਰੋਗਰਾਮ ਸ਼ਾਮਲ ਹੈ। ਸੰਸਥਾ ਦੇ ਉਦਘਾਟਨ ਮੌਕੇ ਵਿਸ਼ੇਸ਼ ਮਹਿਮਾਨਾਂ ਵਿੱਚ ਸਾਬਕਾ ਮੇਅਰ ਅਤੇ ਚੰਡੀਗਡ਼੍ਹ ਭਾਜਪਾ ਦੇ ਪ੍ਰਧਾਨ ਅਰੁਣ ਸੂਦ, ਨਗਰ ਨਿਗਮ ਚੰਡੀਗਡ਼੍ਹ ਦੇ ਕੌਂਸਲਰ ਸ਼ਾਮਿਲ ਸਨ। ਇਸ ਮੌਕੇ ਰਿਆਤ ਐਂਡ ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਤੋਂ ਇਲਾਵਾ ਯੂਨੀਵਰਸਿਟੀ ਦੇ ਡੀਨ ਅਤੇ ਡਾਇਰੈਕਟਰਾਂ ਅਤੇ ਫੈਸ਼ਨ ਵਿਭਾਗ ਦੇ ਵਿਦਿਆਰਥੀ ਵੀ ਹਾਜ਼ਰ ਸਨ।