ਜ਼ਿਲ੍ਹੇ ਦੀਆਂ ਮੰਡੀਆਂ 'ਚੋਂ ਕਣਕ ਦੀ ਲਿਫਟਿੰਗ 100 ਫੀਸਦੀ ਮੁਕੰਮਲ : ਡਿਪਟੀ ਕਮਿਸ਼ਨਰ ਸਾਹਨੀ

ਪਟਿਆਲਾ, 08 ਮਈ : ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹੇ ਦੀਆਂ 51 ਮੰਡੀਆਂ ਵਿੱਚ 100 ਫ਼ੀਸਦੀ ਲਿਫਟਿੰਗ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ ਜਦਕਿ ਬਾਕੀ ਮੰਡੀਆਂ 'ਚ ਵੀ ਲਿਫਟਿੰਗ ਦਾ ਕੰਮ ਤੇਜੀ ਨਾਲ ਜਾਰੀ ਹੈ। ਉਨ੍ਹਾਂ ਦੱਸਿਆ ਕਿ ਪਾਤੜਾਂ ਸੈਂਟਰ ਦੀਆਂ 14 ਮੰਡੀਆਂ ਵਿੱਚੋਂ ਵੀ 100 ਫੀਸਦੀ ਕਣਕ ਦੀ ਲਿਫਟਿੰਗ ਮੁਕੰਮਲ ਹੋ ਚੁੱਕੀ ਹੈ। ਲਿਫਟਿੰਗ ਦਾ ਜਾਇਜ਼ਾ ਲੈਣ ਰੋਜ਼ਾਨਾ ਕੀਤੀ ਜਾਂਦੀ ਮੀਟਿੰਗ 'ਚ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ 'ਚ ਹੁਣ ਤੱਕ 889705 ਮੀਟ੍ਰਿਕ ਟਨ ਦੀ ਆਮਦ ਹੋਈ ਹੈ ਅਤੇ ਇਸ 'ਚੋਂ 777732 ਮੀਟ੍ਰਿਕ ਟਨ ਕਣਕ ਦੀ ਮੰਡੀਆਂ 'ਚੋਂ ਲਿਫਟਿੰਗ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਬਹੁਤੇ ਖਰੀਦ ਕੇਂਦਰ ਹੁਣ ਬੰਦ ਹੋ ਚੁੱਕੇ ਹਨ ਅਤੇ ਬਾਕੀ ਦੀਆਂ ਮੰਡੀਆਂ 'ਚੋਂ ਕਣਕ ਦੀ ਚੁਕਾਈ ਦਾ ਕੰਮ ਵੀ ਜਲਦ ਹੀ ਮੁਕੰਮਲ ਕਰ ਲਿਆ ਜਾਵੇਗਾ। ਮੀਟਿੰਗ ਮੌਕੇ ਏ.ਡੀ.ਸੀ. ਗੁਰਪ੍ਰੀਤ ਸਿੰਘ ਥਿੰਦ, ਐਸ.ਡੀ.ਐਮ. ਕਿਰਪਾਲਵੀਰ ਸਿੰਘ, ਵੀਡੀਓ ਕਾਨਫਰੰਸਿੰਗ ਰਾਹੀਂ ਬਾਕੀ ਐਸ.ਡੀ.ਐਮਜ਼ ਤੋਂ ਇਲਾਵਾ ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈਜ਼ ਕੰਟਰੋਲਰ ਡਾ. ਰਵਿੰਦਰ ਕੌਰ, ਏ.ਸੀ.ਐਫ.ਏ. ਰਕੇਸ਼ ਕੁਮਾਰ, ਡੀ.ਐਮ. ਪਨਸਪ ਅਮਿਤ ਲੂਥਰਾ, ਡੀ.ਐਮ. ਮਾਰਕਫੈਡ ਮਨੀਸ਼ ਗਰਗ, ਡੀ.ਐਮ. ਪੰਜਾਬ ਵੇਅਰਹਾਊਸ ਨਿਰਮਲ ਸਿੰਘ ਤੇ ਮੈਨੇਜਰ ਐਫ.ਸੀ.ਆਈ. ਸ਼ਲੀਨ ਅਗਰਵਾਲ ਵੀ ਮੌਜੂਦ ਸਨ।