ਪਿਛਲੇ 4-5 ਸਾਲਾਂ ਤੋ ਝੋਨੇ ਦੀ ਪਰਾਲੀ ਨੂੰ ਬਿਨਾ ਅੱਗ ਲਗਾਏ ਕਣਕ ਦੀ ਬਿਜਾਈ ਕਰ ਰਿਹਾ ਕਿਸਾਨ ਪ੍ਰੀਤਮ ਸਿੰਘ

ਫਰੀਦਕੋਟ 18 ਅਕਤੂਬਰ : ਜਿਲੇ ਦੇ ਪਿੰਡ ਚੰਦਬਾਜਾ ਦਾ ਅਗਾਂਹ ਵਧੂ ਕਿਸਾਨ ਸ. ਪ੍ਰੀਤਮ ਸਿੰਘ ਪਿਛਲੇ 4-5 ਸਾਲਾਂ ਤੋ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਵਾਹ ਕੇ ਦੂਸਰੇ ਕਿਸਾਨਾਂ ਨੂੰ ਮਿਸਾਲ ਬਣ ਕੇ ਸੁਚੰਜਾ ਪਰਾਲੀ ਪ੍ਰਬੰਧਨ ਸਬੰਧੀ ਜਾਗਰੂਕ ਕਰ ਰਿਹਾ ਹੈ।ਕਿਸਾਨ ਪ੍ਰੀਤਮ ਸਿੰਘ ਨੇ ਦੱਸਿਆ ਕਿ ਉਹ ਪਿਛਲੇ 4-5 ਸਾਲਾਂ ਤੋ ਝੋਨੇ ਦੀ ਪਰਾਲੀ ਸੁਪਰਸੀਡਰ ਦੀ ਮਦਦ ਨਾਲ ਖੇਤ ਵਿੱਚ ਗਾਲ ਰਿਹਾ ਹੈ। ਉਸਨੇ ਦੱਸਿਆ ਕਿ ਉਹ ਪਿਛਲੇ ਪੰਜ ਸਾਲ ਤੋ ਲਗਭਗ 7 ਏਕੜ ਵਿੱਚ ਕਣਕ, ਬਾਸਮਤੀ, ਝੋਨੇ ਦੀ ਖੇਤੀ ਇੰਨਸਿਟੂ ਮੈਨੇਜਮੈਂਟ ਦੁਆਰਾ ਕਰ ਰਿਹਾ ਹੈ। ਕਿਸਾਨ ਮੁਤਾਬਿਕ ਇਸ ਵਿਧੀ ਰਾਹੀ ਉਹ 20-25 ਕਿਲੋ ਯੂਰੀਆ, 10-15 ਕਿਲੋ ਡੀ.ਏ.ਪੀ. ਦੀ ਬੱਚਤ ਪ੍ਰਤੀ ਏਕੜ ਕਰਦਾ ਹੈ। ਕਿਸਾਨ ਨੇ ਦੱਸਿਆ ਕਿ ਉਹ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਵੀ ਵਰਤਦਾ ਹੈ ਅਤੇ ਸਰਕਾਰ ਦੇ  ਡਵਰਾਸੀਫਕੇਸ਼ਨ ਦੇ ਸੱਦੇ ਉਪਰ ਵੀ ਅਮਲ ਕਰਦਾ ਹੈ ਅਤੇ ਨਰਮੇ ਦੀ ਬਿਜਾਈ ਵੀ ਕਰਦਾ ਹੈ। ਬਿਨਾ ਅੱਗ ਲਗਾਏ ਕਣਕ ਦੀ ਬਿਜਾਈ ਕਰਕੇ ਸਫਲ ਕਿਸਾਨ ਵੱਜੋ ਉਭਰ ਰਿਹਾ ਹੈ। ਪ੍ਰੀਤਮ ਸਿੰਘ ਨੇ ਹੋਰਾਂ ਕਿਸਾਨ ਵੀਰਾਂ ਨੂੰ ਅਪੀਲ ਵੀ ਕੀਤੀ ਕਿ ਉਹ ਪਰਾਲੀ ਨੂੰ ਅੱਗ ਲਗਾਉਣ ਦੀ ਗਲਤੀ ਨਾ ਕਰਨ ਅਤੇ ਇਸਨੂੰ ਖੇਤ ਵਿੱਚ ਹੀ ਗਾਲਣ ਤਾਂ ਜੋ ਖੇਤੀ ਦੇ ਖਰਚੇ ਵੀ ਘੱਟ ਸਕਣ ਅਤੇ ਖੇਤ ਦੀ ਉਪਜਾਊ ਸ਼ਕਤੀ ਵੀ ਵਧ ਸਕੇ। ਬਲਾਕ ਖੇਤੀਬਾੜੀ ਅਫਸਰ ਡਾ.ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕਿਸਾਨ ਪ੍ਰੀਤਮ ਸਿੰਘ ਨੂੰ ਵੱਖ-ਵੱਖ ਕਿਸਾਨ ਮੇਲਿਆਂ ਦੌਰਾਨ ਸਨਮਾਨਿਤ ਵੀ ਕੀਤਾ ਗਿਆ ਹੈ ਅਤੇ ਇਹ ਕਿਸਾਨ ਹੋਰਨਾਂ ਕਿਸਾਨਾਂ ਲਈ ਪ੍ਰੇਰਨਾ ਸਰੋਤ ਬਣਿਆ ਹੈ। ਮੁੱਖ ਖੇਤੀਬਾੜੀ ਅਫਸਰ ਡਾ.ਕਰਨਜੀਤ ਸਿੰਘ ਗਿੱਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੀ ਕਿਸਾਨ ਹਰਜਿੰਦਰ ਸਿੰਘ ਦੀ ਤਰ੍ਹਾਂ ਆਪਣੇ ਖੇਤਾਂ ਵਿੱਚ ਝੋਨੇ ਦੀ ਫਸਲ ਦੀ ਰਹਿਦ ਖੂੰਦ ਨੂੰ ਅੱਗ ਨਾ ਲਗਾਉਣ ਤਾ ਜ਼ੋ ਜਮੀਨ ਦੀ ਉਪਜਾਊ ਸ਼ਕਤੀ ਬਣੀ ਰਹੇ।