ਪਿਛਲੇ 18 ਸਾਲਾਂ ਤੋਂ ਫ਼ਸਲਾਂ ਦੀ ਰਹਿੰਦ ਖੂੰਹਦ ਨਾ ਸਾੜ ਕੇ ‘ਵਾਤਾਵਰਣ ਦਾ ਰਾਖਾ’ ਬਣਿਆ ਹਰਵਿੰਦਰ ਸਿੰਘ ਭੱਦਲਵੱਡ

  • ਡਿਪਟੀ ਕਮਿਸ਼ਨਰ ਵੱਲੋਂ ਅਗਾਂਹਵਧੂ ਕਿਸਾਨਾਂ ਦੀ ਸ਼ਲਾਘਾ, ਹੋਰਨਾਂ ਨੂੰ ਵੀ ਸੇਧ ਲੈਣ ਲਈ ਕੀਤਾ ਪ੍ਰੇਰਿਤ

ਸੰਗਰੂਰ, 15 ਸਤੰਬਰ : ਜ਼ਿਲ੍ਹਾ ਸੰਗਰੂਰ ਦੀ ਸਬ ਡਵੀਜ਼ਨ ਧੂਰੀ ਦੇ ਪਿੰਡ ਭੱਦਲਵੱਡ ਦਾ ਅਗਾਂਹਵਧੂ ਕਿਸਾਨ ਹਰਵਿੰਦਰ ਸਿੰਘ ਪਿਛਲੇ ਕਰੀਬ 18 ਸਾਲਾਂ ਤੋਂ ਆਪਣੇ ਖੇਤਾਂ ਵਿੱਚ ਫਸਲਾਂ ਦੀ ਰਹਿੰਦ ਖੂੰਹਦ ਸਾੜਨ ਦੀ ਬਜਾਏ ਵਾਤਾਵਰਣ ਦੇ ਰਾਖੇ ਵਜੋਂ ਹੋਰਨਾਂ ਕਿਸਾਨਾਂ ਲਈ ਚਾਨਣ ਮੁਨਾਰਾ ਬਣਿਆ ਹੋਇਆ ਹੈ। ਇਸ ਕਿਸਾਨ ਦੀ ਪ੍ਰੇਰਨਾ ਸਦਕਾ ਨੇੜਲੇ ਪਿੰਡਾਂ ਦੇ ਕਈ ਕਿਸਾਨ ਇਸੇ ਰਾਹ ’ਤੇ ਤੁਰ ਪਏ ਹਨ ਅਤੇ ਹਰਵਿੰਦਰ ਸਿੰਘ ਸਰਕਾਰੀ ਪੱਧਰ ’ਤੇ ਲਗਾਏ ਜਾਂਦੇ ਵੱਖ-ਵੱਖ ਕਿਸਾਨ ਮੇਲਿਆਂ ਤੇ ਅਜਿਹੇ ਹੀ ਹੋਰ ਖੇਤੀ ਪੱਖੀ ਪਲੇਟਫਾਰਮਾਂ ’ਤੇ ਜਾ ਕੇ ਫਸਲਾਂ ਦੇ ਨਾੜ ਨੂੰ ਸਾੜਨ ਤੋਂ ਰੋਕਣ ਦੀ ਮੁਹਿੰਮ ਵਿੱਚ ਸਰਗਰਮ ਯੋਗਦਾਨ ਪਾਉਂਦਾ ਨਜ਼ਰ ਆ ਰਿਹਾ ਹੈ। ਹਰਵਿੰਦਰ ਸਿੰਘ ਭੱਦਲਵੱਡ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਫਸਲਾਂ ਦੇ ਯੋਗ ਪ੍ਰਬੰਧਨ ਲਈ ਪੁੱਟੇ ਜਾ ਰਹੇ ਕਦਮਾਂ ’ਤੇ ਖੁਸ਼ੀ ਦਾ ਪ੍ਰਗਟਾਵਾ ਜ਼ਾਹਿਰ ਕਰਦਿਆਂ ਕਹਿੰਦਾ ਹੈ ਕਿ ਜ਼ਹਿਰੀਲੇ ਧੂੰਏ ਕਾਰਨ ਪਲੀਤ ਹੋ ਰਹੇ ਵਾਤਾਵਰਣ ਨੂੰ ਸੰਭਾਲਣ ਲਈ ਸਰਕਾਰ ਦੀ ਇਹ ਚੇਤਨਾ ਮੁਹਿੰਮ ਹਰ ਪੱਧਰ ’ਤੇ ਢੁਕਵੇਂ ਉਪਰਾਲਿਆਂ ਦੀ ਲੜੀ ਵਿੱਚ ਅਹਿਮ ਯਤਨ ਹੈ। ਬੀਤੇ ਦਿਨੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਲੱਗੇ ਕਿਸਾਨ ਮੇਲੇ ਵਿੱਚ ਸ਼ਾਮਲ ਹੋ ਕੇ ਪਰਤਣ ਮਗਰੋਂ ਹਰਵਿੰਦਰ ਸਿੰਘ ਨੇ ਕਿਹਾ ਕਿ ਆਧੁਨਿਕ ਖੇਤੀ ਤਕਨੀਕਾਂ ਤੇ ਮਸ਼ੀਨਾਂ ਦੀ ਵਰਤੋਂ ਕਰਕੇ ਕਿਸਾਨ ਵੀਰ ਖੇਤਾਂ ਦੀ ਸਿਹਤ ਵਿੱਚ ਵੀ ਸੁਧਾਰ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਉਹ ਪਿਛਲੇ 18 ਸਾਲ ਤੋਂ ਕਣਕ ਤੇ ਝੋਨੇ ਦੇ ਨਾੜ ਨੂੰ ਅੱਗ ਨਹੀਂ ਲਗਾ ਰਿਹਾ ਅਤੇ ਇਨ੍ਹਾਂ ਵਰਿ੍ਹਆਂ ਵਿੱਚ ਖੇਤੀਬਾੜੀ ਵਿਭਾਗ ਤੇ ਪੀ.ਏ.ਯੂ ਦੇ ਮਾਹਿਰਾਂ ਤੋਂ ਸਮੇਂ ਸਮੇਂ ’ਤੇ ਸੇਧ ਲੈ ਕੇ ਐਮ.ਬੀ ਪਲੋਅ, ਸੁਪਰਸੀਡਰ, ਸਮਾਰਟ ਸੀਡਰ ਆਦਿ ਮਸ਼ੀਨਾਂ ਦੀ ਵਰਤੋਂ ਨਾਲ ਉਸਨੂੰ ਵੱਡਾ ਵਿੱਤੀ ਲਾਭ ਹੋਇਆ ਹੈ। ਹਰਵਿੰਦਰ ਸਿੰਘ ਨੇ ਕਿਹਾ ਕਿ ਖੇਤਾਂ ਦੀ ਸਿਹਤ ਸੁਧਰਨ ਲਈ ਓਹ ਸਮੇਂ ਸਮੇਂ ਤੇ ਖੇਤੀਬਾੜੀ ਯੂਨੀਵਰਸਿਟੀ ਅਤੇ ਕਿਸਾਨ ਭਲਾਈ ਅਤੇ ਖੇਤੀਬਾੜੀ ਵਿਭਾਗ ਸੰਗਰੂਰ ਦੀਆਂ ਸਿਫਾਰਸ਼ਾਂ ਨੂੰ ਵੀ ਅਪਣਾਉਂਦੇ ਰਹਿੰਦੇ ਹਨ। ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਫ਼ਸਲਾਂ ਦੀ ਰਹਿੰਦ ਖੂੰਹਦ ਨਾ ਸਾੜਨ ਵਾਲੇ ਜ਼ਿਲ੍ਹੇ ਦੇ ਅਗਾਂਹਵਧੂ ਕਿਸਾਨਾਂ ਦੇ ਵਾਤਾਵਰਣ ਪੱਖੀ ਉਪਰਾਲਿਆਂ ਦੀ ਸ਼ਲਾਘਾ ਕੀਤੀ ਹੈ। ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਕਿਹਾ ਕਿ ਜਿਹੜੇ ਅਗਾਂਹਵਧੂ ਕਿਸਾਨ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ, ਮਿੱਤਰ ਕੀੜਿਆਂ ਨੂੰ ਨਸ਼ਟ ਹੋਣ ਤੋਂ ਬਚਾਉਣ ਲਈ, ਧਰਤੀ ਦੀ ਉਪਜਾਊ ਸ਼ਕਤੀ ਵਧਾਉਣ ਲਈ ਅਤੇ ਜ਼ਹਿਰੀਲੇ ਧੂੰਏ ਕਾਰਨ ਮਨੁੱਖਾਂ, ਜੀਵ ਜੰਤੂਆਂ ’ਤੇ ਪੈਦਾ ਹੋਣ ਵਾਲੇ ਖ਼ਤਰਿਆਂ ਤੋਂ ਬਚਾਅ ਲਈ ਫ਼ਸਲੀ ਰਹਿੰਦ ਖੂੰਹਦ ਦਾ ਖੇਤਾਂ ਵਿੱਚ ਹੀ ਯੋਗ ਪ੍ਰਬੰਧਨ ਕਰਨ ਵਿੱਚ ਸਰਗਰਮ ਭੂਮਿਕਾ ਨਿਭਾਅ ਰਹੇ ਹਨ ਉਹ ਵਧਾਈ ਦੇ ਪਾਤਰ ਹਨ ਅਤੇ ਉਨ੍ਹਾਂ ਤੋਂ ਹੋਰਨਾਂ ਕਿਸਾਨਾਂ ਨੂੰ ਵੀ ਸੇਧ ਲੈਂਦੇ ਹੋਏ ਮਨੁੱਖਤਾ ਦੀ ਸੇਵਾ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ।