ਭਾਸ਼ਾ ਵਿਭਾਗ ਪੰਜਾਬੀਅਤ ਅਤੇ ਪੰਜਾਬ ਦੀ ਰੂਹ : ਹਰਜੋਤ ਬੈਂਸ

  • ਅਮੀਰ ਵਿਰਾਸਤ ਅਤੇ ਸੱਭਿਆਚਾਰ ਨੂੰ ਸੰਭਾਲਣ ਲਈ ਸਹਿਤਕਾਰ, ਕਵੀ, ਢਾਡੀ, ਲੇਖਕ ਨਿਭਾ ਰਹੇ ਹਨ ਵੱਡੀ ਭੂਮਿਕਾ- ਭਾਸ਼ਾ ਮੰਤਰੀ
  • ਪੰਜਾਬੀ ਗਾਇਕੀ ਦੀ ਪਰੰਪਰਾਗਤ ਤੇ ਸੁਰਮਈ ਸ਼ਾਮ ਵਿਰਾਸਤ-ਏ-ਖਾਲਸਾ ਦੇ ਆਡੀਟੋਰੀਅਮ ਵਿੱਚ ਆਯੋਜਿਤ 

ਸ੍ਰੀ ਅਨੰਦਪੁਰ ਸਾਹਿਬ 25 ਨਵੰਬਰ : ਸਾਡੇ ਅਮੀਰ ਸੱਭਿਆਚਾਰ ਤੇ ਵਿਰਸੇ ਨੂੰ ਸੰਭਾਲਣ ਵਿੱਚ ਸਾਡੇ ਕਵੀਆਂ, ਲੇਖਕਾਂ, ਸਾਹਿਤਕਾਰਾ ਤੇ ਢਾਡੀਆਂ ਨੇ ਵਡਮੁੱਲਾ ਯੋਗਦਾਨ ਪਾਇਆ ਹੈ। ਪੰਜਾਬ ਦਾ ਭਾਸ਼ਾ ਵਿਭਾਗ ਪੰਜਾਬੀਅਤ ਦੀ ਰੂਹ ਹੈ, ਜਿਸ ਨੇ ਇਨ੍ਹਾਂ ਸਾਰੇ ਫਨਕਾਰਾ ਨੂੰ ਇੱਕ ਲੜੀ ਵਿੱਚ ਪਿਰੋਕੇ ਰੱਖਣ ਦਾ ਉਪਰਾਲਾ ਕੀਤਾ ਹੈ। ਅੱਜ ਸ੍ਰੀ ਅਨੰਦਪੁਰ ਸਾਹਿਬ ਦੇ ਧਰਤੀ ਤੇ ਵਿਰਾਸਤ-ਏ-ਖਾਲਸਾ ਦੇ ਆਡੀਟੋਰੀਅਮ ਵਿੱਚ ਆਯੋਜਿਤ ਪੰਜਾਬੀ ਗਾਇਕੀ ਦੀ ਪਰੰਪਰਾਗਤ ਤੇ ਸੁਰਮਈ ਸ਼ਾਮ ਨੇ ਜੋ ਰੰਗ ਬੰਨਿਆ ਹੈ, ਉਸ ਨਾਲ ਸਾਨੂੰ ਆਪਣੇ ਪੰਜਾਬੀ ਹੋਣ ਤੇ ਫਕਰ ਮਹਿਸੂਸ ਹੋ ਰਿਹਾ ਹੈ। ਇਹ ਪ੍ਰਗਟਾਵਾ ਹਰਜੋਤ ਸਿੰਘ ਬੈਂਸ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਪੰਜਾਬ ਨੇ ਅੱਜ ਵਿਰਾਸਤ ਏ ਖਾਲਸਾ ਆਡੀਟੋਰੀਅਮ ਵਿੱਚ ਆਯੋਜਿਤ ਪੰਜਾਬੀ ਗਾਇਕੀ ਦੀ ਪਰੰਪਰਾਗਤ ਤੇ ਸੁਰਮਈ ਸ਼ਾਮ ਮੌਕੇ ਜੁੜੇ ਫਨਕਾਰਾ ਤੇ ਪਤਵੰਤਿਆਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਨੇ ਕਿਹਾ ਕਿ ਬਹੁਤ ਜਨ ਸੰਭਾਵਾ ਨੂੰ ਸੰਬੋਧਨ ਕਰਨ ਦਾ ਮੌਕਾ ਮਿਲਦਾ ਹੈ, ਹਜ਼ਾਰਾ ਲੋਕਾਂ ਦੇ ਇਕੱਠ ਵਿੱਚ ਅਕਸਰ ਹੀ ਆਪਣੀ ਗੱਲ ਰੱਖਦੇ ਹਾਂ, ਪ੍ਰੰਤੂ ਇਨ੍ਹਾਂ ਬੁੱਧੀਜੀਵੀਆਂ ਤੇ ਹੁਨਰ ਮੰਦ ਸਖਸੀਅਤਾ ਨੂੰ ਸੰਬੋਧਨ ਕਰਨ ਮੌਕੇ ਅੱਜ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਵਿਰਸੇ ਤੇ ਸੱਭਿਆਚਾਰ ਨੂੰ ਸੰਭਾਲਣ ਵਿੱਚ ਸਭ ਤੋ ਵੱਡੀ ਭੂਮਿਕਾ ਇੱਥੇ ਮੋਜੂਦ ਸਖਸੀਅਤਾ ਦੀ ਹੈ ਅਤੇ ਭਾਸ਼ਾ ਵਿਭਾਗ ਇਨ੍ਹਾਂ ਦਾ ਹਮੇਸ਼ਾ ਬਣਦਾ ਮਾਣ ਸਨਮਾਨ ਰੱਖ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਸ਼ਾ ਵਿਭਾਗ ਪੰਜਾਬ ਵੱਲੋਂ ਮਨਾਏ ਜਾ ਰਹੇ ਪੰਜਾਬੀ ਮਾਹ ਦੇ ਸਮਾਗਮਾਂ ਦੀ ਲੜੀ ਤਹਿਤ ਅੱਜ ਵਿਰਾਸਤ-ਏ-ਖਾਲਸਾ ਦੇ ਆਡੀਟੋਰੀਅਮ ਵਿਖੇ ਪਰੰਪ੍ਰਾਗਤ ਅਤੇ ਅਜੋਕੀ ਗਾਇਕੀ ਦੀ ਸੁਰਮਈ ਸ਼ਾਮ ਦਾ ਆਯੋਜਨ ਕੀਤਾ ਗਿਆ ਹੈ। ਜਿਸ ਵਿੱਚ ਸ੍ਰੋਮਣੀ ਪੰਜਾਬੀ ਕਵੀ ਪ੍ਰੋ.ਗੁਰਭਜਨ ਸਿੰਘ ਗਿੱਲ ਅਤੇ ਬਲਦੇਵ ਸਿੰਘ ਸੜਕਨਾਮਾ ਸ੍ਰੋਮਣੀ ਸਾਹਿਤਕਾਰ, ਦੇਸ ਰਾਜ ਲਚਕਾਣੀ ਸ੍ਰੋਮਣੀ ਢਾਡੀ ਤੇ ਬੀਰ ਸਿੰਘ, ਦਰਸ਼ਨ ਸਿੰਘ ਬੁੱਟਰ ਸਮੇਤ ਵੱਡੀਆ ਸਖਸ਼ੀਅਤਾਂ ਸਾਡੇ ਰੂਬਰੂ ਹਨ, ਜੋ ਪੰਜਾਬ ਦਾ ਮਾਣ ਹਨ। ਬੈਂਸ ਨੇ ਕਿਹਾ ਕਿ ਲੇਖਕਾਂ ਨੇ ਸਾਡੇ ਸਾਹਿਤ, ਸੱਭਿਆਚਾਰ ਅਤੇ ਅਮੀਰ ਵਿਰਸੇ ਨੂੰ ਸੰਭਾਲ ਕੇ ਰੱਖਿਆ ਹੈ। ਅੱਜ ਕਿਤਾਬਾ ਦਾ ਮਹੱਤਵ ਲਗਾਤਾਰ ਵੱਧ ਰਿਹਾ ਹੈ, ਲਾਈਬਰੇਰੀਆਂ ਵਿੱਚ ਲੋਕ ਜੁੜ ਰਹੇ ਹਨ। ਉਨ੍ਹਾਂ ਦੱਸਿਆ ਕਿ ਮੇਰਾ ਆਪਣਾ ਅਨੁਭਵ ਹੈ ਕਿ ਲਾਈਬਰੇਰੀ ਆਉਣ ਜਾਣ ਨਾਲ ਅਤੇ ਕਿਤਾਬਾ ਦੇ ਅੰਗ ਸੰਗ ਰਹਿਣ ਨਾਲ ਹਰ ਵਿਅਕਤੀ ਦਾ ਮਾਨਸਿਕ ਵਿਕਾਸ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਪੰਜਾਬ ਦਾ ਭਾਸ਼ਾ ਵਿਭਾਗ ਕਈ ਵੱਡੇ ਆਯਾਮ ਸਥਾਪਿਤ ਕਰਨ ਜਾ ਰਿਹਾ ਹੈ। ਸਾਡੇ ਅਧਿਕਾਰੀ ਕਈ ਨਿਵੇਕਲੇ ਉਪਰਾਲੇ ਕਰ ਰਹੇ ਹਨ, ਅਸੀ ਆਪਣੇ ਸੂਬੇ ਦੇ ਮਾਨ ਇਨ੍ਹਾਂ ਸਾਹਿਤਕਾਰਾ, ਕਵੀਆਂ, ਢਾਡੀਆਂ ਨੂੰ ਬਣਦਾ ਮਾਨ ਸਨਮਾਨ ਦੇਣ ਲਈ ਵਿਆਪਕ ਯੋਜਨਾ ਉਲੀਕ ਰਹੇ ਹਾਂ।