ਭਾਸ਼ਾ ਵਿਭਾਗ ਫ਼ਾਜ਼ਿਲਕਾ ਵੱਲੋਂ ਲੇਖਕ ਮਿਲਣੀ ਦਾ ਕੀਤਾ ਗਿਆ ਆਯੋਜਨ

ਫਾਜ਼ਿਲਕਾ, 24 ਜੁਲਾਈ : ਭਾਸ਼ਾ ਵਿਭਾਗ ਪੰਜਾਬ ਦੀ ਅਗਵਾਈ ਵਿੱਚ ਭਾਸ਼ਾ ਵਿਭਾਗ ਫ਼ਾਜ਼ਿਲਕਾ ਵੱਲੋਂ ਪ੍ਰਸਿੱਧ ਵਿਅੰਗਕਾਰ ਸ. ਹਰਦੀਪ ਢਿੱਲੋਂ ਨਾਲ ਰੂ-ਬ-ਰੂ ਅਤੇ ਲੇਖਕ ਮਿਲਣੀ ਦਾ ਆਯੋਜਨ ਸਕਾਊਟ ਹਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਅਬੋਹਰ ਵਿਖੇ ਕੀਤਾ। ਜ਼ਿਲ੍ਹਾ ਭਾਸ਼ਾ ਅਫ਼ਸਰ ਭੁਪਿੰਦਰ ਉਤਰੇਜਾ ਨੇ ਮਹਿਮਾਨ ਨੂੰ ਜੀ ਆਇਆਂ ਨੂੰ ਕਿਹਾ ਅਤੇ ਭਾਸ਼ਾ ਵਿਭਾਗ ਫ਼ਾਜ਼ਿਲਕਾ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਸ਼੍ਰੀ ਆਤਮਾ ਰਾਮ ਰੰਜਨ ਨੇ ਸ਼੍ਰੀ ਹਰਦੀਪ ਢਿੱਲੋਂ ਦੀ ਰਚਨਾ ਪ੍ਰਕਿਰਿਆ ਅਤੇ ਕਵਿਤਾ ਵਿਚਲੇ ਸਮਾਜਿਕ ਪੱਖਾਂ ਤੇ ਬਾਰੇ ਦੱਸਿਆ। ਪ੍ਰੋਫ਼ੈਸਰ ਗੁਰਰਾਜ ਚਹਿਲ ਅਤੇ ਡਾ. ਤਰਸੇਮ ਸ਼ਰਮਾ ਨੇ ਹਰਦੀਪ ਢਿੱਲੋਂ ਦੀ ਵਿਅੰਗਕਾਰੀ, ਵਿਲੱਖਣਤਾ ਅਤੇ ਸੰਖੇਪਤਾ ਵਿੱਚ ਗਹਿਰੀ ਗੱਲ ਕਹਿਣ ਦੇ ਹੁਨਰ ਬਾਰੇ ਵਿਚਾਰ ਰੱਖੇ । ਇਸ ਉਪਰੰਤ ਸ. ਹਰਦੀਪ ਢਿਲੋਂ ਵੱਲੋਂ ਆਪਣੇ ਜੀਵਨ ਅਤੇ ਰਚਨਾ ਦੇ ਪੜਾਵਾਂ ਬਾਰੇ ਗੱਲ ਕੀਤੀ ਅਤੇ ਹਾਜ਼ਰੀਨ ਵੱਲੋਂ ਪੁੱਛੇ ਪ੍ਰਸ਼ਨਾਂ ਦੇ ਉੱਤਰ ਦਿੱਤੇ। ਇਸ ਸਮਾਗਮ ਦੇ ਵਿਸ਼ੇਸ਼ ਮਹਿਮਾਨ ਸ਼੍ਰੀ ਰਾਜੇਸ਼ ਸਚਦੇਵਾ ਪ੍ਰਿੰਸੀਪਲ  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਅਬੋਹਰ ਨੇ ਭਾਸ਼ਾ ਵਿਭਾਗ ਦੇ ਕਾਰਜਾਂ ਦੀ ਸ਼ਲਾਘਾ ਕੀਤੀ। ਡਾ. ਸੰਦੇਸ਼ ਤਿਆਗੀ ਨੇ ਕਿਹਾ ਸਾਹਿਤ ਦੀ ਕਿਸੇ ਵੀ ਵਿਧਾ ਲਈ ਕਾਰਜ ਕਰਕੇ ਸਾਹਿਤਕਾਰ ਸਮਾਜ ਨੂੰ ਸ਼ੀਸ਼ਾ ਵਿਖਾਉਂਦਾ ਹੈ। ਖੋਜ ਅਫ਼ਸਰ ਪਰਮਿੰਦਰ ਸਿੰਘ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਇਸ ਮੌਕੇ ਸਾਰਿਆਂ ਵੱਲੋਂ ਸ. ਹਰਦੀਪ ਢਿੱਲੋਂ ਦੀ ਨਵ-ਪ੍ਰਕਾਸ਼ਿਤ ਪੁਸਤਕ "ਜ਼ਖ਼ਮੀ ਤਲ਼ੀਆਂ ਦੀਆਂ ਤਾੜੀਆਂ" ਦਾ ਲੋਕ ਅਰਪਣ ਵੀ ਕੀਤਾ ਗਿਆ। ਸਮਾਗਮ ਵਿੱਚ ਸ਼੍ਰੀ ਵਿਜੇਅੰਤ ਜੁਨੇਜਾ ਜੀ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਸ੍ਰੀ ਹਰਮਿੰਦਰ ਸਿੰਘ ਲੋਕਬਾਣੀ, ਡਾ. ਚੰਦਰ ਅਦੀਬ, ਰੇਸ਼ਮ ਸਿੰਘ ਸੰਧੂ, ਤਜਿੰਦਰ ਸਿੰਘ  ਖਾਲਸਾ, ਨਵਤੇਜ ਸਿੰਘ ਚਹਿਲ, ਹੈਡਮਾਸਟਰ ਭੁਪਿੰਦਰ ਸਿੰਘ, ਗਨਪਤ ਰਾਮ, ਸੁਰਿੰਦਰ ਨਿਮਾਣਾ, ਸੁਰਿੰਦਰ ਕੰਬੋਜ, ਪ੍ਰੇਮ ਸਿਡਾਨਾ, ਸੰਦੀਪ ਸ਼ਰਮਾ, ਮਹਿੰਦਰ ਮੀਤ, ਪਾਲ ਪਤਰੇਵਾਲਾ, ਵਜੀਰ ਚੰਦ, ਸੰਜੀਵ ਗਿਲਹੋਤਰਾ, ਹਰਜਿੰਦਰ ਬਹਾਵਾਲੀਆ ਅਤੇ ਹੋਰ ਸਾਹਿਤਕਾਰ ਮੌਜੂਦ ਸਨ।