ਪਰਾਲੀ ਦੀ ਸਾਂਭ ਸੰਭਾਲ ਸਬੰਧੀ ਕੇ.ਵੀ.ਕੇ. ਹੰਢਿਆਇਆ ਵੱਲੋਂ ਜ਼ਿਲ੍ਹਾ ਪੱਧਰੀ ਸੰਮੇਲਨ ਕਰਵਾਇਆ ਗਿਆ

ਹੰਢਿਆਇਆ, 13 ਅਕਤੂਬਰ : ਗੁਰੂ ਅੰਗਦ ਦੇਵ ਵੈਟਨਰੀ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ, ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਹੰਢਿਆਇਆ (ਬਰਨਾਲਾ) ਵੱਲੋਂ ਡਾ. ਪ੍ਰਹਿਲਾਦ ਸਿੰਘ ਤੰਵਰ, ਐਸੋਸ਼ੀਏਟ ਡਾਇਰੈਕਟਰ ਦੀ ਯੋਗ ਅਗਵਾਈ ਹੇਠ ਪਰਾਲੀ ਪ੍ਰਬੰਧਨ ਉੱਤੇ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਲਗਾਇਆ ਗਿਆ । ਡਾ. ਤੰਵਰ ਵੱਲੋਂ ਪਹੁੰਚੇ ਹੋਏ ਮਹਿਮਾਨਾਂ, ਕਿਸਾਨਾਂ ਅਤੇ ਕਿਸਾਨ ਬੀਬੀਆਂ ਦਾ ਸਵਾਗਤ ਕੀਤਾ ਅਤੇ ਕੇ.ਵੀ.ਕੇ. ਦੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਨੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ, ਲੁਧਿਆਣਾ ਵੱਲੋਂ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਦੀ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੇਲੇ ਵਿੱਚ ਡਿਪਟੀ ਕਮਿਸ਼ਨਰ, ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਇਸ ਮੇਲੇ ਵਿੱਚ ਪਹੁੰਚੇ ਹੋਏ ਮੁੱਖ ਮਹਿਮਾਨ ਵੱਲੋਂ ਮੇਲੇ ਦੀਆਂ ਪ੍ਰਦਰਸ਼ਨੀਆਂ ਦਾ ਦੌਰਾ ਕੀਤਾ ਅਤੇ ਆਪਣੇ ਬਹੁਮੁੱਲੇ ਸੁਝਾਅ ਦਿੱਤੇ। ਇਸ ਮੌਕੇ ਡਿਪਟੀ ਕਮਿਸ਼ਨਰ, ਬਰਨਾਲਾ ਨੇ ਕਿਹਾ ਕਿ ਵੱਧ ਤੋਂ ਵੱਧ ਕਿਸਾਨ ਕੇ. ਵੀ. ਕੇ. ਨਾਲ ਜੁੜਣ ਅਤੇ ਵਿਗਿਆਨਿਕ ਤਰੀਕੇ ਨਾਲ ਖੇਤੀ ਕਰਨ ਨੂੰ ਪਹਿਲ ਦੇਣ ਅਤੇ ਪਰਾਲੀ ਨੂੰ ਅੱਗ ਲਾਉਣ ਤੋਂ ਪ੍ਰਹੇਜ ਕਰਨ। ਇਸ ਮੌਕੇ ਡਾ. ਜਗਦੀਸ਼ ਸਿੰਘ, ਮੁੱਖ ਖੇਤੀਬਾੜੀ ਅਫ਼ਸਰ, ਬਰਨਾਲਾ, ਫਾਰਮ ਕਿਸਾਨ ਭਲਾਈ ਕੇਂਦਰ ਵੱਲੋਂ ਮੌਜੂਦ ਸਨ । ਡਾ. ਸੰਦੀਪ ਸਿੰਘ , ਸਹਾਇਕ ਪ੍ਰੋਫੈਸਰ, ਕਾਲਜ ਓਫ ਵੈਟਰਨਰੀ ਰਾਮਪੁਰਾ ਫੂਲ ਨੇ ਸਾਫ ਸੁਥਰੇ ਦੁੱਧ ਉਤਪਾਦਨ ਬਾਰੇ ਜਾਣਕਾਰੀ ਦਿੱਤੀ ਅਤੇ ਪਰਾਲੀ ਨੂੰ ਯੂਰੀਆ ਨਾਲ ਸੋਧ ਕੇ ਪਸ਼ੂ ਆਹਾਰ ਵਿੱਚ ਵਰਤਣ ਲਈ ਕਿਸਾਨਾਂ ਨੂੰ ਕਿਹਾ ਅਤੇ ਪਰਾਲੀ ਪ੍ਰਬੰਧਨ ਵਿੱਚ ਕੇ.ਵੀ.ਕੇ. ਦੁਆਰਾ ਦੱਸੀ ਗਈ ਤਕਨੀਕਾਂ ਨੂੰ ਅਪਨਾਉਣ ਲਈ ਆਖਿਆ। ਇਸਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਪਸ਼ੂਆਂ ਥੱਲੇ ਪਰਾਲੀ ਦੀ ਵਰਤੋਂ ਕਰਨ ਨਾਲ ਪਸ਼ੂਆਂ ਨੂੰ ਬਿਮਾਰੀ ਘੱਟ ਲੱਗਦੀ ਹੈ ਅਤੇ ਦੁੱਧ ਉਤਪਾਦਨ ਵਿੱਚ ਵਾਧਾ ਦੇਖਣ ਨੂੰ ਮਿਲਦਾ ਹੈ। ਡਾ. ਅਮਨਦੀਪ ਕੌਰ, ਸਹਾਇਕ ਪ੍ਰੋਫੈਸਰ (ਫਸਲ ਵਿਗਿਆਨ), ਫਾਰਮ ਸਲਾਹ ਕੇਂਦਰ, ਬਰਨਾਲਾ ਨੇ ਹਾੜ੍ਹੀ ਦੀਆਂ ਕਿਸਮਾਂ, ਕਣਕ ਦੀਆਂ ਕਿਸਮਾਂ  ਅਤੇ ਇਹਨਾਂ ਵਿੱਚ ਆਉਣ ਵਾਲੇ ਨਦੀਨਾਂ' ਦੀ ਰੋਕਥਾਮ ਬਾਰੇ ਦੱਸਿਆ। ਇਸ ਮੇਲੇ ਦੌਰਾਨ ਡਾ. ਪਰਮਿੰਦਰ ਸਿੰਘ, ਭੂਮੀ ਰੱਖਿਆ ਅਫ਼ਸਰ , ਬਰਨਾਲਾ ਵੱਲੋਂ ਕਿਸਾਨ ਭਲਾਈ ਲਈ  ਦਿੱਤੀਆਂ ਜਾਣ ਵਾਲੀਆਂ  ਮਾਲੀ ਮੱਦਦਾਂ ਬਾਰੇ ਕਿਸਾਨਾਂ ਨੂੰ ਦੱਸਿਆ। ਇਸ ਮੇਲੇ ਵਿੱਚ ਕੇ. ਵੀ. ਕੇ., ਬਰਨਾਲਾ, ਕਾਲਜ ਓਫ ਵੈਟਰਨਰੀ ਰਾਮਪੁਰਾ ਫੂਲ, ਸਵੈ ਸਹਾਇਤਾ ਸਮੂਹ, ਸਰਕਾਰੀ ਅਤੇ ਪ੍ਰਈਵੇਟ ਵਿਭਾਗਾਂ ਵੱਲੋਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਇਸ ਕਿਸਾਨ ਮੇਲੇ ਦਾ ਮੁੱਖ ਮੰਤਵ ਪਰਾਲੀ ਦੀ ਸਾਂਭ ਸੰਭਾਲ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨਾ ਅਤੇ ਤਕਨੀਕੀ ਜਾਣਕਾਰੀ ਦੇਣਾ ਸੀ। ਇਸ ਮੌਕੇ ਪਰਾਲੀ ਦੀ ਸਾਂਭ ਸੰਭਾਲ ਸੰਬੰਧੀ ਕੇ. ਵੀ. ਕੇ.  ਬਰਨਾਲਾ ਵੱਲੋਂ ਚੇਤਨਾ ਯਾਤਰਾ ਕੱਢੀ ਗਈ।  ਇਸ ਚੇਤਨਾ ਯਾਤਰਾ ਵਿੱਚ ਜ਼ਿਲ੍ਹਾ ਬਰਨਾਲਾ ਦੇ ਕਿਸਾਨਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।  ਮਾਹਿਰਾਂ ਵੱਲੋਂ ਪਰਾਲੀ ਦੇ ਪ੍ਰਬੰਧਨ ਲਈ ਵਿਸਤਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ। ਮੇਲੇ ਦੌਰਾਨ ਵੱਖ-ਵੱਖ ਵਿਸ਼ਿਆਂ ਦੇ ਮਾਹਿਰਾਂ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਮੌਕੇ 'ਤੇ ਹੱਲ ਕੀਤਾ। ਮੇਲੇ ਵਿੱਚ ਆਏ ਹੋਏ ਕਿਸਾਨਾਂ ਨੂੰ ਕਣਕ, ਪਿਆਜ, ਮੇਥੀ ਦੇ ਬੀਜ, ਸਬਜ਼ੀਆਂ ਦੀ ਪਨੀਰੀ, ਧਾਤਾਂ ਦਾ ਚੂਰਾ, ਪਸ਼ੂ ਚਾਟ ਅਤੇ ਬਾਈ ਪਾਸ ਫੈਟ ਵੀ ਮੁੱਹਈਆ ਕਰਵਾਇਆ ਗਿਆ। ਇਸ  ਮੇਲੇ ਵਿੱਚ ਪਰਾਲੀ ਪ੍ਰਬੰਧਨ ਉੱਤੇ ਕੰਮ ਕਰਨ  ਵਾਲੇ ਉੱਧਮਸ਼ੀਲ ਕਿਸਾਨ ਜਸਵੀਰ ਸਿੰਘ, ਲਾਲ ਸਿੰਘ, ਬਲਵਿੰਦਰ ਸਿੰਘ, ਵਾਸਦੇਵ, ਗੁਰਪ੍ਰੀਤ ਸਿੰਘ, ਅਰਜਿੰਦਰ ਸਿੰਘ, ਜਗਪ੍ਰੀਤ ਸਿੰਘ, ਗੁਲਜ਼ਾਰ ਸਿੰਘ ਕੱਟੂ ਨੂੰ ਸਰਟੀਫਿਕੇਟ ਦੇ  ਖੇਤੀ ਲਈ ਸਨਮਾਨਿਤ ਕੀਤਾ ਗਿਆ। ਇਸ ਕਿਸਾਨ ਮੇਲੇ ਵਿੱਚ ਬਰਨਾਲਾ ਅਤੇ ਆਸ ਪਾਸ ਦੇ ਜਿਲ੍ਹਿਆਂ ਤੋਂ 300 ਤੋਂ ਵੱਧ ਕਿਸਾਨਾਂ ਅਤੇ ਕਿਸਾਨ ਮਹਿਲਾਵਾਂ ਨੇ ਭਾਗ ਲਿਆ। ਮੇਲੇ ਵਿੱਚ ਆਏ ਹੋਏ ਕਿਸਾਨਾਂ ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰ, ਹੰਢਿਆਇਆ (ਬਰਨਾਲਾ) ਵਿਖੇ ਸਥਾਪਿਤ ਪ੍ਰਦਰਸ਼ਨੀ ਇਕਾਈਆਂ ਦਾ ਬੜੇ ਚਾਅ ਨਾਲ ਦੌਰਾ ਕੀਤਾ ਗਿਆ।