ਖੇਲੋ ਇੰਡੀਆ ਸਿਲੈਕਸ਼ਨ ਟਰਾਇਲ ਮੁਕੰਮਲ, ਮੋਗਾ ਵਿੱਚ 75 ਤੋਂ ਵਧੇਰੇ ਖਿਡਾਰੀਆਂ ਨੇ ਦਿੱਤੇ ਟਰਾਇਲ

  • 22 ਖਿਡਾਰੀਆਂ ਦੀ ਖੇਲੋ ਇੰਡੀਆ ਸੈਂਟਰ ਲਈ ਹੋਈ ਚੋਣ-ਜ਼ਿਲ੍ਹਾ ਖੇਡ ਅਫ਼ਸਰ
  • ਹੁਣ ਇਹ ਖਿਡਾਰੀ ਮਾਹਿਰ ਕੋਚਾਂ ਦੀ ਕੋਚਿੰਗ ਨਾਲ ਬਣਨਗੇ ਆਪਣੀ ਖੇਡ ਵਿੱਚ ਹੋਰ ਨਿਪੁੰਨ-ਬਲਜਿੰਦਰ ਸਿੰਘ

ਮੋਗਾ, 4 ਅਗਸਤ : ਖੇਡਾਂ ਸਾਡੇ ਦੇਸ਼ ਦੇ ਸਰਵਪੱਖੀ ਵਿਕਾਸ ਲਈ ਖੇਡਾਂ ਮਹੱਤਵਪੂਰਨ ਭੂਮਿਕਾ ਅਦਾ ਕਰਦੀਆਂ ਹਨ।ਖੇਡਾਂ ਪ੍ਰਤੀ ਨੌਜਵਾਨਾਂ ਨੂੰ ਪ੍ਰੇਰਿਤ ਕਰਨ, ਉਨ੍ਹਾਂ ਨੂੰ ਉੱਚ ਪੱਧਰੀ ਬੁਨਿਆਦੀ ਢਾਂਚਾ ਅਤੇ ਉੱਚ ਪੱਧਰੀ ਸਿਖਲਾਈ ਦੇਣ ਲਈ ਖੇਲੋ ਇੰਡੀਆ ਪ੍ਰੋਗਰਾਮ ਚਲਾਇਆ ਗਿਆ ਹੈ। ਇਸ ਨਾਲ ਭਾਰਤ ਵਿੱਚ ਜ਼ਮੀਨੀ ਪੱਧਰ ਤੇ ਖੇਡ ਸੱਭਿਆਚਾਰ ਨੂੰ ਮੁੜ ਸੁਰਜੀਤ ਕੀਤਾ ਜਾ ਸਕੇਗਾ। ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਇਸ ਖੇਤਰ ਵਿੱਚ ਮਿਲ ਕੇ ਸ਼ਲਾਘਾਯੋਗ ਕਦਮ ਚੁੱਕ ਰਹੀਆਂ ਹਨ। ਪੂਰੇ ਪੰਜਾਬ ਵਿੱਚ ਖੇਲੋ ਇੰਡੀਆ ਦੇ 23 ਖੇਡ ਸੈਂਟਰ ਬਣਾਏ ਗਏ ਹਨ ਜਿੰਨ੍ਹਾਂ ਵਿੱਚ ਵੱਖ ਵੱਖ ਖੇਡਾਂ ਲਈ ਖਿਡਾਰੀਆਂ ਦੇ ਸਿਲੈਕਸ਼ਨ ਟਰਾਇਲ 1 ਤੋਂ 3 ਅਗਸਤ ਤੱਕ ਚਲਾਏ ਗਏ ਸਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਖੇਡ ਅਫ਼ਸਰ ਮੋਗਾ ਬਲਜਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ ਖੇਲੋ ਇੰਡੀਆ ਦਾ ਸੈਂਟਰ ਅਮੋਲ ਅਕੈਡਮੀ ਪਿੰਡ ਖੋਸਾ ਕੋਟਲਾ ਵਿਖੇ ਬਣਾਇਆ ਗਿਆ ਹੈ। ਇਸ ਵਿੱਚ ਵੀ 1 ਤੋਂ 3 ਅਗਸਤ ਤੱਕ ਸਿਲੈਕਸ਼ਨ ਟਰਾਇਲ ਖੇਡ ਫੁੱਟਬਾਲ ਲਈ ਆਯੋਜਿਤ ਕਰਵਾਏ ਗਏ ਸਨ। ਇਨ੍ਹਾਂ ਸਿਲੈਕਸ਼ਨ ਟਰਾਇਲਾਂ ਵਿੱਚ 75 ਤੋਂ ਵਧੇਰੇ ਖਿਡਾਰੀਆਂ ਨੇ ਸ਼ਮੂਲੀਅਤ ਕੀਤੀ ਅਤੇ ਇਨ੍ਹਾਂ ਵਿੱਚੋਂ 22 ਬੱਚਿਆਂ ਨੂੰ ਖੇਲੋ ਇੰਡੀਆ ਸੈਂਟਰ ਲਈ ਸਿਲੈਕਟ ਕਰ ਲਿਆ ਗਿਆ ਹੈ। ਇਹ ਸਾਰੇ ਬੱਚੇ ਅੰਡਰ-17 ਉਮਰ ਵਰਗ ਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ 22 ਬੱਚਿਆਂ ਦੀ ਫੁੱਟਬਾਲ ਖੇਡ ਵਿੱਚ ਨਿਖਾਰ ਲਿਆਉਣ ਲਈ ਇੱਥੇ ਨਿਯੁਕਤ ਕੀਤੇ ਗਏ ਮਾਹਿਰ ਕੋਚਾਂ ਵੱਲੋਂ ਪ੍ਰਤੀਦਿਨ ਟ੍ਰੇਨਿੰਗ ਮੁਹੱਈਆ ਕਰਵਾਈ ਜਾਵੇਗੀ ਤਾਂ ਕਿ ਇਹ ਆਪਣੀ ਖੇਡ ਫੁੱਟਬਾਲ ਵਿੱਚ ਨੈਸ਼ਨਲ ਪੱਧਰੀ ਮੁਕਾਬਿਲਆਂ ਵਿੱਚ ਵੀ ਆਪਣਾ ਨਾਮ ਰੌਸ਼ਨ ਕਰ ਸਕਣ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖਿਡਾਰੀਆਂ ਨੂੰ ਸਰਕਾਰ ਵੱਲੋਂ ਮੁਫ਼ਤ ਕੋਚਿੰਗ ਤੋਂ ਇਲਾਵਾ ਹੋਰ ਜੋ ਜ਼ੋ ਵੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਸਾਰੀਆਂ ਦਾ ਲਾਹਾ ਪਹੁੰਚਾਇਆ ਜਾਵੇਗਾ।