ਜੈਨ ਅੰਤਰਰਾਸ਼ਟਰੀ ਟਰੇਡ ਆਰਗੇਨਾਈਜੇਸ਼ਨ (ਜੀਟੋ) ਲੁਧਿਆਣਾ ਚੈਪਟਰ ਵਲੋਂ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਡੀ ਸੀ ਆਸ਼ਿਕਾ ਜੈਨ ਨੂੰ ਸੌਂਪੀ ਗਈ  

  • ਰਾਹਤ ਸਮੱਗਰੀ ਵਿੱਚ ਵੱਖ-ਵੱਖ ਪ੍ਰਕਾਰ ਦੀਆਂ 101 ਰਾਸ਼ਨ ਕਿੱਟਾਂ ਅਤੇ 101 ਆਟੇ ਦੀਆਂ ਕਿੱਟਾਂ 

ਐੱਸ.ਏ.ਐੱਸ. ਨਗਰ, 24 ਜੁਲਾਈ : ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ  ਮੌਜੂਦਾ ਸਮੇਂ ਪੰਜਾਬ ਵਿੱਚ ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਵੱਖ ਵੱਖ ਸਮਾਜਿਕ ਤੇ ਵਪਾਰਕ ਜਥੇਬੰਦੀਆ ਵੱਲੋਂ ਦਿੱਤੇ ਜਾ ਰਹੇ ਵਿਸ਼ੇਸ਼ ਯੋਗਦਾਨ ਨੂੰ ਸਹੀ ਅਰਥਾਂ ਵਿੱਚ ਮਾਨਵਤਾ ਦੀ ਸੇਵਾ ਕਰਾਰਾ ਦਿੱਤਾ। ਉਨ੍ਹਾਂ ਉਕਤ ਵਿਚਾਰ ਅੱਜ  'ਜੈਨ ਅੰਤਰਰਾਸ਼ਟਰੀ ਟਰੇਡ ਆਰਗੇਨਾਈਜੇਸ਼ਨ' (ਜੀਟੋ) ਲੁਧਿਆਣਾ ਵੱਲੋਂ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਦੀ ਮੱਦਦ ਲਈ 101 ਰਾਸ਼ਨ ਅਤੇ ਆਟਾ ਕਿੱਟਾਂ ਪ੍ਰਾਪਤ ਕਰਦੇ ਹੋਏ  ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਕੁਦਰਤੀ ਕਰੋਪੀ ਕਿਸੇ ਤੇ ਵੀ ਆ ਸਕਦੀ ਹੈ। ਅਜਿਹੇ ਸਮੇਂ ਵਿੱਚ ਅਸੀਂ ਇੱਕ ਦੂਸਰੇ ਦੀ ਮੱਦਦ ਕਰਕੇ, ਪੀੜ੍ਹਤਾਂ ਦੇ ਦੁੱਖ ਨੂੰ ਘਟਾਉਣ ਵਿੱਚ ਸਹਾਇਤਾ ਕਰ ਸਕਦੇ ਹਾਂ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਜੀਟੋ ਸੰਸਥਾ ਦੇ ਮੈਂਬਰਾਂ ਵੱਲੋਂ ਦੱਸਿਆ ਗਿਆ ਕਿ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਦੇ ਲਈ ਵੱਖ-ਵੱਖ ਪ੍ਰਕਾਰ ਦੀਆਂ 101 ਰਾਸ਼ਨ ਕਿੱਟਾਂ ਅਤੇ 101 ਆਟੇ ਦੀਆਂ ਕਿੱਟਾਂ ਤਿਆਰ ਕੀਤੀਆਂ ਗਈਆਂ ਹਨ ਜੋ ਕਿ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਵੰਡੀਆਂ ਜਾਣਗੀਆਂ। ਸੰਸਥਾ ਵੱਲੋਂ ਇਹ ਵੀ ਭਰੋਸਾ ਦਿਵਾਇਆ ਗਿਆ ਕਿ ਉਹ ਇਸ ਮੁਸ਼ਕਲ ਦੀ ਘੜੀ ਵਿੱਚ ਹਰ ਪ੍ਰਕਾਰ ਦੀ ਮਦਦ ਕਰਨ ਲਈ ਤਤਪਰ ਰਹਿਣਗੇ ਅਤੇ ਪੰਜਾਬ ਦੇ ਲੋਕਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿਣਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਿਤ ਬੈਂਬੀ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਦਮਨਜੀਤ ਸਿੰਘ ਮਾਨ ਤੋਂ ਇਲਾਵਾ ਸੰਸਥਾ ਦੇ ਚੇਅਰਮੈਨ ਰਾਜੀਵ ਜੈਨ, ਸਕੱਤਰ ਸੂਜਲ ਜੈਨ, ਅਗਜੈਕਟਿਵ ਮੈਂਬਰ ਮਨੀਸ਼ ਜੈਨ, ਗੁਲਸ਼ਨ ਜੈਨ, ਭਾਵਿਕ ਜੈਨ, ਯੂਥ ਚੇਅਰਮੈਨ ਸਾਹਿਲ ਜੈਨ ਲੁਧਿਆਣਾ ਅਤੇ ਐਡਵੋਕੇਟ ਲੋਕੇਸ਼ ਜੈਨ, ਚੰਡੀਗੜ੍ਹ ਆਦਿ ਹਾਜ਼ਰ ਸਨ । ਡਿਪਟੀ ਕਮਿਸ਼ਨਰ ਨੇ ਇਸ ਮੌਕੇ ਸੰਸਥਾ ਦਾ ਧੰਨਵਾਦ ਕੀਤਾ।