ਪਰਾਲੀ ਪ੍ਰਬੰਧਨ 'ਚ ਵਿਦਿਆਰਥੀਆਂ ਨੂੰ ਅੰਬੈਸਡਰ ਬਣਨ ਦਾ ਸੱਦਾ: ਡਿਪਟੀ ਕਮਿਸ਼ਨਰ 

  • ਵਿਦਿਆਰਥੀਆਂ, ਨੌਜਵਾਨਾਂ ਦੀ ਸ਼ਮੂਲੀਅਤ ਨਾਲ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਕੀਤਾ ਜਾ ਰਿਹਾ ਹੈ ਕਿਸਾਨਾਂ ਨੂੰ ਜਾਗਰੂਕ 
  • ਪਰਾਲੀ ਦੀ ਸੰਭਾਲ ਸਬੰਧੀ ਸਰਕਾਰੀ ਸਮਾਰਟ ਸਕੂਲ ਹੰਡਿਆਇਆ 'ਚ ਕਰਵਾਇਆ ਗਿਆ ਵਿਸ਼ੇਸ਼ ਸਮਾਗਮ
  • ਵਿਦਿਆਰਥਆਂ ਨੂੰ ਪਰਾਲੀ ਨੂੰ ਅੱਗ ਲਗਾਉਣ ਕਾਰਨ ਹੋਣ ਵਾਲੇ ਨੁਕਸਾਨਾਂ ਬਾਰੇ ਜਾਣੂ ਕਰਵਾਇਆ 
  • ਪੋਸਟਰ ਮੇਕਿੰਗ,  ਲੇਖ ਅਤੇ ਭਾਸ਼ਣ ਮੁਕਾਬਲੇ ਕਰਵਾਏ

ਹੰਡਿਆਇਆ, 27 ਸਤੰਬਰ : ਵਿਦਿਆਰਥੀ ਅਤੇ ਨੌਜਵਾਨ ਪਰਾਲੀ ਪ੍ਰਬੰਧਨ ਬਾਰੇ ਅਤੇ ਪਰਾਲੀ ਨੂੰ ਅੱਗ ਨਾ ਲਗਾਉਣ ਦੇ ਸੁਨੇਹੇ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਅੰਬੈਸਡਰ (ਦੂਤ) ਦੀ ਭੂਮਿਕਾ ਅਦਾ ਕਰ ਸਕਦੇ ਹਨ। ਇਸ ਲਈ ਉਨ੍ਹਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਕਿ ਇਸ ਵਾਰ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਬਚਾਉਣ ਲਈ ਅਤੇ ਸਾਫ-ਸੁਥਰਾ ਵਾਤਾਵਰਣ ਯਕੀਨੀ ਬਣਾਉਣ ਲਈ ਇਹ ਦੋਵੇਂ ਵਰਗ ਅੱਗੇ ਆਉਣ। ਇਸ ਗੱਲ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਜ਼ਮੀਨੀ ਪੱਧਰ ਉੱਤੇ ਲੋਕਾਂ ਨੂੰ ਪ੍ਰੇਰਨ ਲਈ ਸਰਕਾਰੀ ਸਮਾਰਟ ਸਕੂਲ ਹੰਡਿਆਇਆ ਕਰਵਾਏ ਗਏ ਵਿਸ਼ੇਸ਼ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪਰਾਲੀ ਪ੍ਰਬੰਧਾਂ ਸਬੰਧੀ ਗਤੀਵਿਧੀਆਂ ਸਕੂਲਾਂ ਵਿੱਚ ਕਰਵਾਉਣ ਦਾ ਮੁੱਖ ਮੰਤਵ ਇਹ ਹੈ ਕਿ ਬੱਚਿਆਂ ਰਾਹੀਂ ਇਹ ਸੁਨੇਹਾ ਉਨ੍ਹਾਂ ਦੇ ਘਰ,  ਉਨ੍ਹਾਂ ਦੇ ਕਿਸਾਨ ਪਿਤਾ ਤੱਕ ਪਹੁੰਚਦਾ ਕੀਤਾ ਜਾਵੇ। ਪਿਛਲੇ ਝੋਨੇ ਦੇ ਸੀਜ਼ਨ ਦੌਰਾਨ ਹੰਡਿਆਇਆ ਹੌਟ ਸਪੌਟ ਵਜੋਂ ਉੱਭਰਿਆ ਸੀ। ਹੰਡਿਆਇਆ 'ਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੇ 50 ਤੋਂ ਵੱਧ ਕੇਸ ਸਾਹਮਣੇ ਆਏ ਸਨ। ਇਸੇ ਤਰ੍ਹਾਂ ਜ਼ਿਲ੍ਹਾ ਬਰਨਾਲਾ ਵਿੱਚ ਹੋਰ ਹੌਟ ਸਪੌਟ ਵੀ ਹਨ ਜਿਨ੍ਹਾਂ ਵਿਚ ਜਾਗਰੂਕਤਾ ਦਾ ਹਥਿਆਰ ਇਸਤੇਮਾਲ ਕਰਦਿਆਂ ਇਸ ਵਾਰ ਇਨ੍ਹਾਂ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਘਟਾਉਣ ਲਈ ਰਣਨੀਤੀ ਉਲੀਕੀ ਗਈ ਹੈ। ਉਨ੍ਹਾਂ ਬੱਚਿਆਂ ਨੂੰ ਪ੍ਰੇਰਤ ਕੀਤਾ ਕਿ ਓਹ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਆਪਣੇ ਆਲੇ-ਦੁਆਲੇ ਲੋਕਾਂ ਨੂੰ ਪ੍ਰੇਰਨ। 
ਇਸ ਮੌਕੇ ਬੋਲਦਿਆਂ ਮੁੱਖ ਖੇਤੀਬਾੜੀ ਅਫਸਰ ਡਾ. ਜਗਦੀਸ਼ ਸਿੰਘ ਨੇ ਦੱਸਿਆ ਕਿ ਪਰਾਲੀ ਪ੍ਰਬੰਧਨ ਲਈ ਸਰਕਾਰ ਵੱਲੋਂ ਵੱਖ ਵੱਖ ਕਿਸਮ ਦੇ ਖੇਤੀ ਸੰਦਾਂ ਉੱਤੇ ਸਬਸਿਡੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਕਮਾਈ ਦਾ ਸਾਧਨ ਬਣਾਉਣ ਦੀ ਲੋੜ ਹੈ ਨਾ ਕਿ ਦੁੱਖਾਂ ਜਾਂ ਬਿਮਾਰੀਆਂ ਦਾ ਸਾਧਨ। ਇਸ ਮੌਕੇ ਕਰਵਾਏ ਗਏ ਪੇਂਟਿੰਗ ਮੁਕਾਬਲੇ 'ਚ ਨਵਜੋਤ ਕੌਰ ਨੇ ਪਹਿਲਾ, ਅੰਸ਼ਿਕਾ ਨੇ ਦੂਜਾ ਅਤੇ ਨੈਨਸੀ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਲੇਖ ਮੁਕਾਬਲੇ 'ਚ ਮਨਪ੍ਰੀਤ ਕੌਰ ਨੇ ਪਹਿਲਾ, ਰਮਨਦੀਪ ਕੌਰ ਨੇ ਦੂਜਾ ਅਤੇ ਹੁਸਨਪਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਭਾਸ਼ਣ ਮੁਕਾਬਲੇ 'ਚ ਕਿਰਨਦੀਪ ਕੌਰ ਨੇ ਪਹਿਲਾ, ਜੋਤੀ ਕੌਰ ਨੇ ਦੂਜਾ ਅਤੇ ਹੁਸੰਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਡਿਪਟੀ ਕਮਿਸ਼ਨਰ ਵਲੋਂ ਸਾਰੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਪ ਜ਼ਿਲ੍ਹਾ ਸਿਖਿਆ ਅਫਸਰ ਬਰਜਿੰਦਰਪਾਲ ਸਿੰਘ, ਸਰਕਾਰੀ ਸਮਾਰਟ ਸਕੂਲ ਦਾ ਸਟਾਫ, ਖੇਤੀਬਾੜੀ ਵਿਭਾਗ ਤੇ ਹੋਰ ਵਿਭਾਗਾਂ ਦੇ ਨੁਮਾਇੰਦੇ ਹਜ਼ਾਰ ਸਨ। 

ਬਾਰ੍ਹਵੀਂ ਦੀ ਵਿਦਿਆਰਥਣ ਨੇ ਕਿਸਾਨਾਂ ਨੂੰ ਬੇਨਤੀ ਕੀਤੀ ਹੈ ਕਿ ਓਹ ਪਰਾਲੀ ਨੂੰ ਅੱਗ ਲਗਾ ਕੇ ਨੌਜਵਾਨ ਪੀੜ੍ਹੀ ਨੂੰ ਸਾਹ ਦੀ ਬਿਮਾਰੀ ਵੱਲ ਨਾ ਧੱਕਣ।
ਵਿਦਿਆਰਥੀਆਂ ਨੇ ਪਰਾਲੀ ਦੇ ਪ੍ਰਦੂਸ਼ਣ ਤੋਂ ਨਿਜਾਤ ਪਾਉਣ ਲਈ ਡਿਪਟੀ ਕਮਿਸ਼ਨਰ ਤੇ ਕਿਸਾਨਾਂ ਦੇ ਨਾਂ ਲਿਖੇ ਪੱਤਰ ਸਰਕਾਰੀ ਸਮਾਰਟ ਸਕੂਲ ਹੰਡਿਆਇਆ ਦੇ ਵਿਦਿਆਰਥੀਆਂ ਨੇ ਪਰਾਲੀ ਪ੍ਰਦੂਸ਼ਣ ਤੋਂ ਨਿਜਾਤ ਪਾਉਣ ਲਈ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਅਤੇ ਕਿਸਾਨਾਂ ਦੇ ਨਾਮ ਪੱਤਰ ਲਿਖਣ ਦਾ ਸਿਲਸਿਲਾ ਸ਼ੁਰੂ ਕੀਤਾ ਹੈ। ਬਾਰ੍ਹਵੀਂ ਦੀ ਵਿਦਿਆਰਥਣ ਵੀਰਮੰਗ ਕੌਰ ਨੇ ਆਪਣੇ ਲਿਖੇ ਪੱਤਰ 'ਚ ਕਿਸਾਨਾਂ ਨੂੰ ਬੇਨਤੀ ਕੀਤੀ ਹੈ ਕਿ ਓਹ ਪਰਾਲੀ ਨੂੰ ਅੱਗ ਲਗਾ ਕੇ ਨੌਜਵਾਨ ਪੀੜ੍ਹੀ ਨੂੰ ਸਾਹ ਦੀ ਬਿਮਾਰੀ ਵੱਲ ਨਾ ਧੱਕਣ। ਇਸੇ ਤਰ੍ਹਾਂ ਵਿਦਿਆਰਥਣ ਸੰਦੀਪ ਕੌਰ ਨੇ ਡਿਪਟੀ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਓਹ ਕਿਸਾਨਾਂ ਨੂੰ ਪ੍ਰੇਰਨ ਕਿ ਉਹ ਪਰਾਲੀ ਨੂੰ ਅੱਗ ਲਗਾਉਣ ਦੀ ਥਾਂ ਉਸ ਨੂੰ ਖੇਤਾਂ ਵਿੱਚ ਹੀ ਵਾਹੁਣ।ਇਸ ਗੱਲ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਜ਼ਮੀਨੀ ਪੱਧਰ ਉੱਤੇ ਲੋਕਾਂ ਨੂੰ ਪ੍ਰੇਰਨ ਲਈ ਸਰਕਾਰੀ ਸਮਾਰਟ ਸਕੂਲ ਹੰਡਿਆਇਆ ਕਰਵਾਏ ਗਏ ਵਿਸ਼ੇਸ਼ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।