ਨਾਬਾਰਡ ਵੱਲੋਂ ਪ੍ਰਯੋਜਿਤ ਅੰਤਰ-ਰਾਜੀ ਐਕਸਪੋਜ਼ਰ ਦੌਰਾ ਹੋਇਆ ਸਮਾਪਤ

  • ਜ਼ਿਲ੍ਹੇ ਦੇ 25 ਕਿਸਾਨਾਂ ਨੇ ਇਸ ਦੌਰੇ ਦਾ ਲਾਭ ਉਠਾਇਆ

ਫ਼ਤਹਿਗੜ੍ਹ ਸਾਹਿਬ, 03 ਅਕਤੂਬਰ : ਨੈਸ਼ਨਲ ਡੇਅਰੀ ਰਿਸਰਚ ਇੰਸਟੀਚਿਊਟ ਕਰਨਾਲ ਵਿਖੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ 25 ਕਿਸਾਨਾਂ ਦੀ ਸਮਰੱਥਾ ਬਣਾਉਣ ਲਈ ਤਿੰਨ ਦਿਨਾਂ ਅੰਤਰ-ਰਾਜੀ ਐਕਸਪੋਜ਼ਰ ਦੌਰਾ ਸਫਲਤਾਪੂਰਵਕ ਸਮਾਪਤ ਹੋ ਗਿਆ। ਤਿੰਨ ਦਿਨਾਂ ਪ੍ਰੋਗਰਾਮ ਰਾਸ਼ਟਰੀ ਕ੍ਰਿਸ਼ੀ ਅਤੇ ਗ੍ਰਾਮੀਣ ਵਿਕਾਸ ਬੈਂਕ (ਨਾਬਾਰਡ), ਪੰਜਾਬ ਖੇਤਰੀ ਦਫ਼ਤਰ, ਚੰਡੀਗੜ੍ਹ ਵੱਲੋਂ ਤਕਨਾਲੋਜੀ ਨੂੰ ਅਪਣਾਉਣ ਲਈ ਸਮਰੱਥਾ ਨਿਰਮਾਣ (ਕੈਟ) ਸਕੀਮ ਅਧੀਨ ਪ੍ਰਯੋਜਿਤ ਹੈ | ਇਸ ਦਾ ਆਯੋਜਨ ਲੁਧਿਆਣਾ ਸਥਿਤ ਕਿਸਾਨ ਕਲੱਬ ਪ੍ਰਮੋਟਿੰਗ ਇੰਸਟੀਚਿਊਟ, ਸਕਿੱਲ ਅਪਗ੍ਰੇਡੇਸ਼ਨ ਟਰੇਨਿੰਗ ਸਰਵਿਸਿਜ਼, ਵੱਲੋਂ ਕੀਤਾ ਗਿਆ । ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਕੁੱਲ 25 ਕਿਸਾਨਾਂ ਨੇ ਇਸ ਦੌਰੇ ਦਾ ਲਾਭ ਉਠਾਇਆ। ਐਨ ਡੀ ਆਰ ਆਈ, ਕਰਨਾਲ ਦੇ ਸੀਨੀਅਰ ਵਿਗਿਆਨੀਆਂ ਨੇ ਮਧੂ ਮੱਖੀ ਪਾਲਣ ਅਤੇ ਸ਼ਹਿਦ ਦੇ ਉਤਪਾਦਨ ਦੇ ਵੱਖ-ਵੱਖ ਪਹਿਲੂਆਂ 'ਤੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਨਵੀਂ ਅਤੇ ਨਵੀਨਤਾਕਾਰੀ ਤਕਨੀਕਾਂ ਨੂੰ ਅਪਣਾ ਕੇ ਕਿਸਾਨਾਂ ਦੀ ਆਮਦਨ ਵਧਾਉਣ 'ਤੇ ਧਿਆਨ ਕੇਂਦਰਿਤ ਕੀਤਾ। ਇਸ ਮੌਕੇ ਕੁਲਵੀਰ ਸਿੰਘ, ਮੁੱਖ ਤਕਨੀਕੀ ਅਧਿਕਾਰੀ, ਐਨ.ਡੀ.ਆਰ.ਆਈ., ਕਰਨਾਲ ਨੇ ਮਧੂ ਮੱਖੀ ਪਾਲਣ, ਸ਼ਹਿਦ ਕਾਲੋਨੀ ਦੇ ਗੁਣਾ, ਸ਼ਹਿਦ ਦੀ ਸ਼ੁੱਧਤਾ ਅਤੇ ਸ਼ਹਿਦ ਦੇ ਮੰਡੀਕਰਨ ਦੀਆਂ ਰਣਨੀਤੀਆਂ ਦੇ ਘੇਰੇ ਅਤੇ ਮਹੱਤਵ ਤੋਂ ਜਾਣੂ ਕਰਵਾਇਆ। ਡਾ: ਰਾਜ ਕੁਮਾਰ ਅਤੇ ਡਾ: ਕੌਸ਼ਲ ਕੁਮਾਰ ਨੇ ਆਮਦਨ ਵਧਾਉਣ ਲਈ ਮਧੂ ਮੱਖੀ ਪਾਲਣ ਦੇ ਨਾਲ ਏਕੀਕ੍ਰਿਤ ਫ਼ਸਲੀ ਖੇਤੀ ਦੀ ਲੋੜ ਅਤੇ ਇਸ ਦੇ ਲਾਭਾਂ 'ਤੇ ਜ਼ੋਰ ਦਿੱਤਾ। ਸ਼੍ਰੀਮਤੀ ਦੀਪਾ ਕੁਮਾਰੀ ਨੇ ਸ਼ਹਿਦ ਦੇ ਫਾਇਦਿਆਂ ਬਾਰੇ ਦੱਸਿਆ, ਜਿਸ ਨੂੰ ਖਪਤਕਾਰਾਂ ਵਿੱਚ ਪ੍ਰਚਾਰਨ ਦੀ ਸਮੇਂ ਦੀ ਮੁਖ ਲੋੜ ਹੈ । ਡਾ.ਮਨੀਸ਼ ਖਾਨਵਾਨ, ਡਾ.ਬੀ.ਕੇ.ਦੁਬੇ, ਡਾ.ਅਰੁਣ ਕੁਮਾਰ ਅਤੇ ਡਾ.ਐਸ.ਕੁਮਾਰ ਪ੍ਰੋਗਰਾਮ ਦੇ ਹੋਰ ਪ੍ਰਮੁੱਖ ਸਰੋਤ ਸਨ। ਇੱਕ ਕਿਸਾਨ-ਵਿਗਿਆਨਕ-ਸੰਵਾਦ ਦਾ ਆਯੋਜਨ ਕੀਤਾ ਗਿਆ ਜਿੱਥੇ ਕਿਸਾਨਾਂ ਨੇ ਮੱਖੀ ਪਾਲਣ ਦੀਆਂ ਆਮ ਸਮੱਸਿਆਵਾਂ ਬਾਰੇ ਮਾਹਿਰਾਂ ਨਾਲ ਚਰਚਾ ਕੀਤੀ। ਮਾਹਿਰਾਂ ਨੇ ਉਨ੍ਹਾਂ ਦੇ ਸਵਾਲਾਂ ਦਾ ਮੌਕੇ ਤੇ ਨਿਪਟਾਰਾ ਵੀ ਕੀਤਾ। ਸ਼੍ਰੀ ਦਵਿੰਦਰ ਕੁਮਾਰ ਅਤੇ ਸ਼੍ਰੀ ਸੰਜੀਵ ਕੁਮਾਰ, ਨਬਾਰਡ ਕਲੱਸਟਰ ਦਫਤਰ, ਲੁਧਿਆਣਾ ਨੇ ਭਾਗ ਲੈਣ ਵਾਲੇ ਕਿਸਾਨਾਂ ਨੂੰ ਉਨ੍ਹਾਂ ਦੇ ਦੌਰੇ ਦੇ ਸਫਲਤਾਪੂਰਵਕ ਸੰਪੰਨ ਹੋਣ 'ਤੇ ਵਧਾਈ ਦਿੱਤੀ। ਜ਼ਿਲ੍ਹੇ ਦੇ ਅਗਾਂਹਵਧੂ ਕਿਸਾਨਾਂ- ਪਿੰਡ ਸੰਘੋਲ ਤੋਂ ਹਰਚੰਦ ਸਿੰਘ, ਗੁਰਜੀਤ ਸਿੰਘ ਪ੍ਰਧਾਨ ਰਜਿੰਦਰਗੜ੍ਹ ਸਹਿਕਾਰੀ ਖੇਤੀਬਾੜੀ ਸਭਾ, ਰਣਧੀਰ ਸਿੰਘ, ਪ੍ਰਗਤੀਸ਼ੀਲ ਜੈਵਿਕ ਕਿਸਾਨ ਅਤੇ ਕਰਮਜੀਤ ਸਿੰਘ, ਡਾਇਰੈਕਟਰ ਨੇ ਸਿਖਲਾਈ ਦੌਰਾਨ ਮਧੂ ਮੱਖੀ ਪਾਲਣ ਸਬੰਧੀ ਵੱਖ-ਵੱਖ ਪ੍ਰੈਕਟੀਕਲ ਪਹਿਲੂ ਸਾਂਝੇ ਕੀਤੇ ਅਤੇ ਕਿਸਾਨਾਂ ਦੇ ਫਾਇਦੇ ਲਈ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਪ੍ਰਬੰਧ ਕਰਨ ਲਈ ਨਾਬਾਰਡ ਦਾ ਧੰਨਵਾਦ ਕੀਤਾ। ਐਚ.ਐਸ ਭਾਟੀਆ, ਸੀ.ਈ.ਓ ਅਤੇ ਪ੍ਰਿੰਸੀਪਲ, ਸੂਟਸ ਨੇ ਇਸ ਦੌਰੇ ਨੂੰ ਸਫ਼ਲ ਬਣਾਉਣ ਲਈ ਐਨ.ਡੀ.ਆਰ.ਆਈ ਦੇ ਮੁੱਖ ਤਕਨੀਕੀ ਅਫ਼ਸਰ ਅਤੇ ਉਨ੍ਹਾਂ ਦੀ ਟੀਮ ਅਤੇ ਕਿਸਾਨਾਂ ਦਾ ਧੰਨਵਾਦ ਕਰਦੇ ਹੋਏ ਐਕਸਪੋਜ਼ਰ ਦੌਰੇ ਦੀ ਸਮਾਪਤੀ ਕੀਤੀ।