ਸਪੀਕਰ ਸੰਧਵਾਂ ਦੇ ਨਿਰਦੇਸ਼ਾਂ ਤੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੇ ਆਰਡਰ ਸੌਂਪੇ

ਫਰੀਦਕੋਟ 28 ਜੁਲਾਈ : ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਵੱਲੋਂ ਸਕੂਲ ਫ਼ਾਰ ਐਮੀਨਸ ਕੋਟਕਪੂਰਾ ਵਿਖੇ ਪੁੱਜਕੇ ਸਮਾਗਮ ਦੌਰਾਨ 425 ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਸਬੰਧੀ ਆਰਡਰ ਸੌਂਪੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਜਿੱਥੇ ਬੱਚਿਆਂ ਨੂੰ ਉੱਚ ਪੱਧਰੀ ਸਿੱਖਿਆ ਦੇਣ ਲਈ ਸਕੂਲ ਆਫ ਐਮੀਨਾਸ ਬਣਾ ਰਹੀ ਹੈ। ਉੱਥੇ ਹੀ ਉਨ੍ਹਾਂ ਵੱਲੋਂ ਕੱਚੇ ਅਧਿਆਪਕਾਂ ਨੂੰ ਪੱਕਾ ਕਰਕੇ ਬੱਚਿਆਂ ਦੀ ਸਿੱਖਿਆ ਦੇ ਖੇਤਰ ਵਿੱਚ ਵਾਧਾ ਕਰਨ ਦਾ ਇੱਕ ਹੋਰ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਕਾਰਜ ਅੱਗੇ ਭਵਿੱਖ ਵਿੱਚ ਵੀ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਅੱਜ ਏ ਆਈ ਈ, ਐੱਸ ਟੀ ਆਰ, ਈ ਜੀ ਐਸ, ਆਈ ਈ ਵੀ ਕੈਟਾਗਰੀ ਦੇ ਅਧਿਆਪਕ ਪੱਕੇ ਕੀਤੇ ਗਏ ਹਨ। ਉਨ੍ਹਾਂ ਦੱਸਿਆਂ ਕਿ ਪੰਜਾਬ ਦੇ ਕੁੱਲ 12500 ਕੱਚੇ ਅਧਿਆਪਕ ਪੱਕੇ ਕੀਤੇ ਹਨ। ਜਿਸ ਵਿੱਚ ਜ਼ਿਲਾ ਫਰੀਦਕੋਟ ਦੇ 425 ਅਧਿਆਪਕ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਏ ਆਈ ਈ, ਐੱਸ ਟੀ ਆਰ, ਈ ਜੀ ਐਸ ਕੈਟਾਗਰੀ ਦੇ ਅਧਿਆਪਕਾਂ ਨੂੰ 6000 ਤੋਂ 18000 ਰੁਪਏ ਪ੍ਰਤੀ ਮਹੀਨਾ ਅਤੇ ਸਿੱਖਿਆ ਪ੍ਰੋਵਾਈਡਰਾਂ ਨੂੰ 11000 ਤੋਂ 23500 ਰੁਪਏ ਪ੍ਰਤੀ ਮਹੀਨਾ ਮਿਲਣਗੇ।