ਸੀਵਰੇਜ ਅਤੇ ਜਲ ਸਪਲਾਈ ਸਬੰਧੀ ਮਸਲਿਆਂ ਵਾਲੇ ਵਾਰਡਾਂ 'ਚ ਜਲਦ ਕੰਮ ਸ਼ੁਰੂ ਕਰਨ ਦੇ ਦਿੱਤੇ ਨਿਰਦੇਸ਼

  • ਬਰਸਾਤੀ ਨਾਲਿਆਂ/ ਡਰੇਨਾਂ ਦੀ ਫੌਰੀ ਸਫ਼ਾਈ ਕਰਾਉਣ ਦੀ ਹਦਾਇਤ

ਬਰਨਾਲਾ, 8 ਜੁਲਾਈ 2024 : ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਪੂਨਮਦੀਪ ਕੌਰ ਨੇ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਪਣੇ ਦਫ਼ਤਰ 'ਚ ਸ਼ਹਿਰੀ ਵਿਕਾਸ ਪ੍ਰੋਜੈਕਟਾਂ ਅਤੇ ਸਮੱਸਿਆਵਾਂ ਦੇ ਹੱਲ ਲਈ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਬਰਸਾਤੀ ਮੌਸਮ ਸ਼ੁਰੂ ਹੋ ਗਿਆ ਹੈ ਤੇ ਡਰੇਨਾਂ/ਬਰਸਾਤੀ ਨਾਲਿਆਂ ਦੀ ਸਫਾਈ ਅਜੇ ਮੁਕੰਮਲ ਨਹੀਂ ਹੋਈ, ਇਸ ਲਈ ਫੌਰੀ ਡਰੇਨਾਂ/ਨਾਲਿਆਂ ਦੀ ਸਫ਼ਾਈ ਮੁਕੰਮਲ ਕੀਤੀ ਜਾਵੇ ਤਾਂ ਜੋ ਲਗਾਤਾਰ ਮੀਂਹ ਆਉਣ ਦੀ ਸੂਰਤ ਵਿੱਚ ਪਾਣੀ ਦੀ ਨਿਕਾਸੀ ਦੀ ਮੁਸ਼ਕਿਲ ਪੇਸ਼ ਨਾ ਆਵੇ। ਇਸ ਤੋਂ ਇਲਾਵਾ ਉਨ੍ਹਾਂ ਬਰਨਾਲਾ ਦੇ ਵਾਰਡ ਨੰਬਰ 15 ਵਿੱਚ ਪੀਣ ਵਾਲੇ ਪਾਣੀ ਵਿੱਚ ਸੀਵਰੇਜ ਦਾ ਪਾਣੀ ਰਲ ਕੇ ਆਉਣ ਦੇ ਮਸਲੇ 'ਤੇ ਅਧਿਕਾਰੀਆਂ ਤੋਂ ਰਿਪੋਰਟ ਲਈ, ਜਿਸ 'ਤੇ ਸੀਵਰੇਜ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਬੰਧੀ ਟੈਂਡਰ ਹੋ ਗਿਆ ਹੈ ਤੇ ਜਲਦ ਹੀ ਪਾਈਪਾਂ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਸ਼ਹਿਰੀ ਇਲਾਕਿਆਂ ਵਿੱਚ ਮੀਂਹ ਦਾ ਪਾਣੀ ਖੜ੍ਹਨ ਦੇ ਮਸਲੇ 'ਤੇ ਅਧਿਕਾਰੀਆਂ ਨੂੰ ਸਮੱਸਿਆ ਦੂਰ ਕਰਨ ਦੀ ਹਦਾਇਤ ਕੀਤੀ ਅਤੇ ਲੋੜੀਂਦੇ ਟਿਊਬਵੈੱਲ ਲਗਾਉਣ ਲਈ ਵੀ ਕਿਹਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਅਨੁਪ੍ਰਿਤਾ ਜੌਹਲ,  ਐੱਸਡੀਐਮ ਵਰਿੰਦਰ ਸਿੰਘ, ਨਗਰ ਕੌਂਸਲ ਅਧਿਕਾਰੀ, ਸੀਵਰੇਜ ਬੋਰਡ ਨਾਲ ਸਬੰਧਤ ਅਧਿਕਾਰੀ, ਮੰਡੀ ਬੋਰਡ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ/ ਕਰਮਚਾਰੀ ਹਾਜ਼ਰ ਸਨ।