ਡਿਪਟੀ ਕਮਿਸ਼ਨਰ ਵੱਲੋਂ ਘੱਗਰ ਤੇ ਹੋਰ ਨਦੀਆਂ 'ਚ ਪਏ ਪਾੜ ਪੂਰਨ ਲਈ ਸੰਪਰਕ ਸੜਕਾਂ ਤੁਰੰਤ ਠੀਕ ਕਰਨ ਦੀ ਹਦਾਇਤ

  • ਹੜ੍ਹਾਂ ਨਾਲ ਨਜਿੱਠਣ ਲਈ ਮੁੱਖ ਮੰਤਰੀ ਦੇ ਨਿਰਦੇਸ਼ਾਂ ਦੀ ਪਾਲਣਾ ਇੰਨ-ਬਿੰਨ ਯਕੀਨੀ ਬਣਾਈ ਜਾਵੇ-ਸਾਕਸ਼ੀ ਸਾਹਨੀ
  • ਕਿਹਾ, ਵਿਦਿਆਰਥੀਆਂ ਦੀ ਨਿਰਵਿਘਨ ਪੜ੍ਹਾਈ ਲਈ ਸਕੂਲਾਂ ਨੂੰ ਜੋੜਦੀਆਂ ਸੜਕਾਂ ਦੀ ਮੁਰੰਮਤ ਵੀ ਤੁਰੰਤ ਕੀਤੀ ਜਾਵੇ

ਪਟਿਆਲਾ, 25 ਜੁਲਾਈ : ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ  ਇੰਨ-ਬਿੰਨ ਕਰਦਿਆਂ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਕੀਤੇ ਜਾ ਰਹੇ ਕਾਰਜਾਂ ਵਿੱਚ ਹੋਰ ਤੇਜੀ ਲਿਆਂਦੀ ਜਾਵੇ। ਡਿਪਟੀ ਕਮਿਸ਼ਨਰ, ਹੜ੍ਹਾਂ ਕਰਕੇ ਘੱਗਰ, ਪਟਿਆਲਾ ਨਦੀ ਸਮੇਤ ਹੋਰ ਨਦੀਆਂ ਵਿੱਚ ਪਏ ਪਾੜ ਪੂਰਨ, ਹੜ੍ਹਾਂ ਦੇ ਪਾਣੀ ਨਾਲ ਨੁਕਸਾਨੀਆਂ ਸੜਕਾਂ ਤੇ ਪੁੱਲਾਂ ਸਮੇਤ ਸਕੂਲਾਂ ਨੂੰ ਜੋੜਦੀਆਂ ਸੰਪਰਕ ਸੜਕਾਂ ਨੂੰ ਜਲਦੀ ਤੋਂ ਜਲਦੀ ਠੀਕ ਕਰਨ ਲਈ ਚੁੱਕੇ ਗਏ ਕਦਮਾਂ ਦਾ ਜਾਇਜ਼ਾ ਲੈਣ ਲਈ ਏ.ਡੀ.ਸੀ. (ਜ), ਐਸ.ਡੀ.ਐਮਜ਼, ਜਲ ਨਿਕਾਸ, ਲੋਕ ਨਿਰਮਾਣ, ਨੈਸ਼ਨਲ ਹਾਈਵੇਅ, ਮੰਡੀ ਬੋਰਡ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕਰ ਰਹੇ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਿੱਥੇ ਕਿਤੇ ਘੱਗਰ ਤੇ ਹੋਰ ਨਦੀਆਂ ਵਿੱਚ ਪਾੜ ਪਏ ਹਨ, ਅਜਿਹੇ ਪਾੜ ਪੂਰਨ ਲਈ ਸੰਪਰਕ ਸੜਕਾਂ ਦੀ ਮੁਰੰਮਤ ਤੁਰੰਤ ਕੀਤੀ ਜਾਵੇ, ਤਾਂ ਕਿ ਮੁਰੰਮਤ ਕਾਰਜਾਂ ਵਿੱਚ ਕੋਈ ਵਿਘਨ ਨਾ ਪਵੇ ਅਤੇ ਨਦੀਆਂ ਦੇ ਪਾੜ ਪੂਰਨ ਵਿੱਚ ਰੁਕਾਵਟ ਨਾ ਆਉਣ ਦੇਣ ਸਮੇਤ ਹੋਰ ਪਾਣੀ ਆ ਜਾਣ 'ਤੇ ਵੀ ਬੰਨ੍ਹ ਮਜ਼ਬੂਤ ਰਹਿਣ। ਸਾਕਸ਼ੀ ਸਾਹਨੀ ਨੇ ਕਿਹਾ ਕਿ ਇਸਦੇ ਨਾਲ ਹੀ ਜਿਹੜੇ ਸਕੂਲਾਂ ਨੂੰ ਜੋੜਦੀਆਂ ਸੰਪਰਕ ਸੜਕਾਂ ਟੁੱਟ ਗਈਆਂ ਹਨ, ਉਹ ਵੀ ਤੁਰੰਤ ਠੀਕ ਕੀਤੀਆਂ ਜਾਣ ਤਾਂ ਕਿ ਵਿਦਿਆਰਥੀਆਂ ਦੀ ਪੜ੍ਹਾਈ ਦਾ ਹੋਰ ਨੁਕਸਾਨ ਨਾ ਹੋਵੇ। ਉਨ੍ਹਾਂ ਐਸ.ਡੀ.ਐਮਜ਼ ਨੂੰ ਕਿਹਾ ਕਿ ਉਹ ਆਪਣੇ ਤਰਜੀਹੀ ਕੰਮ ਪਹਿਲ ਦੇ ਅਧਾਰ 'ਤੇ ਕਰਵਾਉਣ, ਇਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ, ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਲੋੜੀਂਦੇ ਫੰਡ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਰਵਾਈ ਦੀ ਮੁਕੰਮਲ ਰਿਪੋਰਟ ਉਨ੍ਹਾਂ ਨੂੰ ਭੇਜੀ ਜਾਵੇ। ਇਸ ਮੌਕੇ ਏ.ਡੀ.ਸੀ. (ਜ) ਜਗਜੀਤ ਸਿੰਘ, ਸਮੂਹ ਐਸ.ਡੀ.ਐਮਜ਼, ਡਰੇਨੇਜ ਦੇ ਕਾਰਜਕਾਰੀ ਇੰਜੀਨੀਅਰ ਰਜਿੰਦਰ ਘਈ ਸਮੇਤ ਲੋਕ ਨਿਰਮਾਣ ਵਿਭਾਗ, ਨੈਸ਼ਨਲ ਹਾਈਵੇਅ ਅਥਾਰਟੀ, ਪੇਂਡੂ ਵਿਕਾਸ ਤੇ ਪੰਚਾਇਤ, ਮੰਡੀ ਬੋਰਡ, ਮਾਲ ਵਿਭਾਗ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।