ਡਿਪਟੀ ਕਮਿਸ਼ਨਰ ਵੱਲੋਂ ਫੇਸ ਪੰਜ ਦੇ ਆਮ ਆਦਮੀ ਕਲੀਨਿਕ ਦਾ ਨਿਰੀਖਣ

  • ਕਲੀਨਿਕ ਦੇ ਸਟਾਫ਼ ਅਤੇ ਇਲਾਜ ਕਰਵਾਉਣ ਆਏ ਲੋਕਾਂ ਨਾਲ ਗੱਲਬਾਤ ਕੀਤੀ

ਸਾਹਿਜ਼ਾਦਾ ਅਜੀਤ ਸਿੰਘ ਨਗਰ, 22 ਅਗਸਤ : ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਜ਼ਿਲ੍ਹੇ ’ਚ ਚੱਲ ਰਹੇ ਆਮ ਆਦਮੀ ਕਲੀਨਿਕਾਂ ਦੀ ਕਾਰਜਸ਼ੈਲੀ ’ਚ ਨਿਰੰਤਰਤਾ ਅਤੇ ਸੁਧਾਰ ਲਿਆਉਣ ਮੰਤਵ ਨਾਲ ਅੱਜ ਫੇਸ ਪੰਜ ਮੋਹਾਲੀ ਦੇ ਆਮ ਆਦਮੀ ਕਲੀਨਿਕ ਦਾ ਮੁਆਇਨਾ ਕੀਤਾ। ਉਨ੍ਹਾਂ ਇਸ ਮੌਕੇ ਕਲੀਨਿਕ ’ਚ ਹਾਜ਼ਰ ਸਟਾਫ਼ ਪਾਸੋਂ ਮਰੀਜ਼ਾਂ ਦੀ ਆਨਲਾਈਨ ਰਜਿਸਟ੍ਰੇਸ਼ਨ, ਮੈਡੀਕਲ ਚੈਕਅਪ ਅਤੇ ਲੋੜ ਪੈਣ ’ਤੇ ਸੁਝਾਏ ਗਏ ਲੈਬ ਟੈਸਟਾਂ ਬਾਰੇ ਵਿਸਥਾਰ ’ਚ ਜਾਣਕਾਰੀ ਹਾਸਲ ਕੀਤੀ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਮੌਜੂਦ ਡਿਪਟੀ ਮੈਡੀਕਲ ਕਮਿਸ਼ਨਰ ਡਾ. ਗਿਰੀਸ਼ ਡੋਗਰਾ ਪਾਸੋਂ ਆਮ ਆਦਮੀ ਕਲੀਨਿਕਾਂ ’ਚ ਉਪਲਬਧ ਸੁਵਿਧਾਵਾਂ ਦੀ ਜਾਣਕਾਰੀ ਲੈਂਦਿਆਂ, ਇੱਥੇ ਆਉਣ ਵਾਲੇ ਹਰ ਵਿਅਕਤੀ ਦਾ ਮੈਡੀਕਲ ਚੈਕਅਪ, ਦਵਾਈ ਯਕੀਨੀ ਬਣਾਉਣ ਲਈ ਆਖਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕਾਂ ਦਾ ਮੰਤਵ ਆਮ ਲੋਕਾਂ ਨੂੰ ਘਰਾਂ ਨੇੜੇ ਬੇਹਤਰ ਅਤੇ ਮੁਫ਼ਤ ਇਲਾਜ ਤੇ ਟੈਸਟ ਸੁਵਿਧਾਵਾਂ ਮੁਹੱਈਆ ਕਰਵਾਉਣਾ ਹੈ, ਇਸ ਲਈ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਨਾ ਆਉੁਣ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਇਸ ਮੌਕੇ 34 ਅਜਿਹੇ ਕਲੀਨਿਕ ਆਮ ਲੋਕਾਂ ਨੂੰ ਇਲਾਜ, ਦਵਾਈਆਂ ਅਤੇ ਟੈਸਟਾਂ ਦੀ ਮੁਫ਼ਤ ਸੁਵਿਧਾ ਦੇ ਰਹੇ ਹਨ। ਉਨ੍ਹਾਂ ਇਸ ਮੌਕੇ ਦਵਾਈ ਲੈਣ ਆਏ ਲੋਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਪਾਸੋਂ ਕਲੀਨਿਕਾਂ ਦੀ ਕਾਰਜਸ਼ੈਲੀ ’ਚ ਹੋਰ ਸਕਣ ਵਾਲੇ ਹੋਰ ਸੁਧਾਰਾਂ ਬਾਬਤ ਵੀ ਪੁੱਛਿਆ। ਇਸ ਮੌਕੇ ਕਲੀਨਿਕ ਇੰਚਾਰਜ ਡਾ. ਪਾਰੁਲ ਗੁਗਲਾਨੀ, ਫਾਰਮੇਸੀ ਅਫ਼ਸਰ ਰੁਪਿੰਦਰ ਕੌਰ ਅਤੇ ਕਲੀਨਿਕਲ ਅਸਿਸਟੈਂਟ ਪ੍ਰਵੀਨ ਕੌਰ ਵੀ ਮੌਜੂਦ ਸਨ।