ਪੰਜਾਬ ਸਰਕਾਰ ਦੇ ਉਪਰਾਲੇ, ਪੀ.ਜੀ.ਆਰ.ਐਸ. ਪੋਰਟਲ ਰਾਹੀਂ ਘਰ ਬੈਠਿਆਂ ਕੀਤੀਆਂ ਜਾ ਸਕਦੀਆਂ ਹਨ ਸ਼ਿਕਾਇਤਾਂ

  • ਲੋਕਾਂ ਵਿੱਚ ਇਸ ਪੋਰਟਲ ਨੂੰ ਪ੍ਰਫੁੱਲਤ ਕਰਨ ਦੀ ਡੀ.ਸੀ. ਫਰੀਦਕੋਟ ਨੇ ਕੀਤੀ ਅਪੀਲ
  • ਇਸ ਉਪਰਾਲੇ ਰਾਹੀਂ ਹਰ ਵਿਭਾਗ ਮੁੱਖੀ ਨੂੰ 15 ਦਿਨਾਂ ਵਿੱਚ ਹੀ ਸ਼ਿਕਾਇਤ ਦਾ ਨਿਵਾਰਨ ਕਰਨਾ ਜ਼ਰੂਰੀ

ਫਰੀਦਕੋਟ 28 ਜੁਲਾਈ : ਦਫਤਰ ਡਿਪਟੀ ਕਮਿਸ਼ਨਰ ਵਿਖੇ ਪਿਛਲੇ ਦੋ ਮਹੀਨਿਆਂ ਵਿੱਚ ਆਮ ਲੋਕਾਂ ਵੱਲੋਂ ਨਿੱਜੀ ਤੌਰ ਤੇ ਪਹੁੰਚ ਕਰਕੇ ਵੱਖ ਵੱਖ ਵਿਭਾਗਾਂ ਦੀਆਂ 314 ਸ਼ਿਕਾਇਤਾਂ  ਕੀਤੇ ਜਾਣ ਨੂੰ ਗੰਭੀਰਤਾ ਨਾਲ ਲੈਂਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਅੱਜ ਸਮੂਹ ਵਿਭਾਗਾਂ ਨੂੰ ਲਿਖਤੀ ਹੁਕਮ ਜਾਰੀ ਕੀਤੇ ਕਿ ਉਹ ਹਰ ਕਿਸਮ ਦੀ ਸ਼ਿਕਾਇਤ ਨੂੰ ਪੰਜਾਬ ਗ੍ਰੀਵੈਂਨਸਿਸ ਰਿਡਰੈਸਲ ਸਿਸਟਮ (ਪੀ.ਜੀ.ਆਰ.ਐਸ.) ਪੋਰਟਲ ਰਾਹੀਂ ਲੈਣਾ ਯਕੀਨੀ ਬਣਾਉਣ। ਉਨ੍ਹਾਂ ਹੁਕਮਾਂ ਵਿੱਚ ਲਿਖਿਆ ਕਿ ਮੁੱਖ ਮੰਤਰੀ ਖੇਤਰੀ ਅਫਸਰ, ਫਰੀਦਕੋਟ ਇਨ੍ਹਾਂ 314 ਸ਼ਿਕਾਇਤਾਂ ਨੂੰ ਵੀ ਸ਼ਿਕਾਇਤ ਨਿਵਾਰਨ ਵਿਭਾਗ ਵੱਲੋਂ ਜਾਰੀ ਸਟੈਂਡਰਡ ਓਪਰੇਟਿੰਗ ਸਿਸਟਮ (ਐਸ.ਓ.ਪੀ.) ਮੁਤਾਬਿਕ ਇਸ ਪੋਰਟਲ ਤੇ ਅਪਲੋਡ ਕਰਨਾ ਯਕੀਨੀ ਬਣਾ ਕੇ ਇਨ੍ਹਾਂ ਦਾ ਨਿਵਾਰਨ ਕਰਨ। ਉਨ੍ਹਾਂ ਸਖਤ ਹਦਾਇਤ ਕੀਤੀ ਕਿ ਜਿੰਨਾ ਵਿਭਾਗਾਂ ਵੱਲੋਂ ਹੁਣ ਤੱਕ ਇਸ ਆਨਲਾਈਨ ਪੋਰਟਲ ਉੱਪਰ ਆਪਣੀ ਆਈਡੈਂਨਟਿਟੀ ਸਥਾਪਿਤ ਨਹੀਂ ਕੀਤੀ ਗਈ, ਉਹ ਤੁਰੰਤ ਪ੍ਰਭਾਵ ਨਾਲ ਇਸ ਨੂੰ ਅਮਲ ਵਿੱਚ ਲਿਆਉਣ, ਤਾਂ ਜੋ ਹਰ ਆਮ ਅਤੇ ਖਾਸ ਕਿਸੇ ਵੀ ਵਿਭਾਗ ਨੂੰ ਕਿਸੇ ਵੀ ਕਿਸਮ ਦੀ ਸ਼ਿਕਾਇਤ ਆਨਲਾਈਨ ਮਾਧਿਅਮ ਰਾਹੀਂ ਭੇਜ ਸਕਣ। ਅਜਿਹਾ ਕਰਨ ਨਾਲ ਜਿੱਥੇ ਆਮ ਲੋਕਾਂ ਵੱਲੋਂ ਵਾਰ ਵਾਰ ਸਰਕਾਰੀ ਵਿਭਾਗਾਂ ਜਾਂ ਦਫਤਰ ਡਿਪਟੀ ਕਮਿਸ਼ਨਰ ਦੇ ਗੇੜੇ ਨਹੀਂ ਮਾਰਨੇ ਪੈਣਗੇ, ਉੱਥੇ ਨਾਲ ਹੀ ਸ਼ਿਕਾਇਤਾਂ ਦੇ ਨਿਵਾਰਨ ਵਿੱਚ ਬੇਲੋੜੀ ਦੇਰੀ ਵੀ ਦੂਰ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਵੱਲੋਂ ਦੱਸਿਆ ਗਿਆ ਕਿ ਜੇਕਰ ਕਿਸੇ ਵੀ ਵਿਭਾਗ ਮੁੱਖੀ ਵੱਲੋਂ ਆਨਲਾਈਨ ਆਈ.ਡੀ. ਸਥਾਪਿਤ ਕਰਨ ਸਬੰਧੀ ਜੇਕਰ ਕੋਈ ਦਿੱਕਤ ਆਉਂਦੀ ਹੈ , ਤਾਂ ਉਹ ਮੁੱਖ ਮੰਤਰੀ ਖੇਤਰੀ ਅਫਸਰ ਫਰੀਦਕੋਟ ਤੁਸ਼ਿਤਾ ਗੁਲਾਟੀ ਨਾਲ ਤਾਲਮੇਲ ਕਰਕੇ ਅਗਵਾਈ ਪ੍ਰਾਪਤ ਕਰ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਸਮੂਹ ਵਿਭਾਗਾਂ ( ਸਮੇਤ ਪੁਲਿਸ ਵਿਭਾਗ) ਦੇ ਮੁੱਖੀਆਂ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਸ਼ਿਕਾਇਤਾਂ ਸਬੰਧੀ ਆਪਣੀ ਸਵੈ ਸਪੱਸ਼ਟ ਪੜਤਾਲੀਆਂ ਰਿਪੋਰਟ ਇਸ ਪੋਰਟਲ ਤੇ ਅਪਲੋਡ ਕਰਨ ਤਾਂ ਜੋ ਸ਼ਿਕਾਇਤਕਰਤਾ ਪੜਤਾਲੀਆਂ ਰਿਪੋਰਟ ਤੋਂ ਜਾਣੂ ਹੋ ਸਕੇ। ਅਗਰ ਕਿਸੇ ਕਾਰਨ ਸ਼ਿਕਾਇਤ ਨਿਪਟਾਉਣ ਵਿੱਚ ਦੇਰੀ ਹੁੰਦੀ ਹੈ ਤਾਂ ਉਸ ਸ਼ਿਕਾਇਤ ਦੀ ਅੰਤਰਿਮ ਰਿਪਰੋਟ ਸਮੂਹ ਵਿਭਾਗ ਮੁੱਖੀ (ਸਮੇਤ ਪੁਲਿਸ ਵਿਭਾਗ) 07 ਦਿਨਾਂ ਦੇ ਅੰਦਰ ਅੰਦਰ ਜਰੂਰ ਅਪਲੋਡ ਕਰਨ, ਪਰੰਤੂ ਕਿਸੇ ਵੀ ਸੂਰਤ ਵਿੱਚ ਸ਼ਿਕਾਇਤ ਦੇ ਨਿਪਟਾਰੇ ਲਈ 15 ਦਿਨਾਂ ਤੋਂ ਵੱਧ ਸਮਾਂ ਕਿਸੇ ਵੀ ਹਾਲਾਤ ਵਿੱਚ ਨਾ ਲਿਆ ਜਾਵੇ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਜੇਕਰ ਕਿਸੇ ਵਿਭਾਗ ਵੱਲੋਂ ਨਿੱਜੀ ਤੌਰ ਤੇ ਪ੍ਰਾਪਤ ਸ਼ਿਕਾਇਤ ਦੀ ਪੜਚੋਲ ਕੀਤੀ ਜਾ ਰਹੀ ਹੈ ਤਾਂ ਉਸ ਨੂੰ ਵੀ ਤੁਰੰਤ ਇਸ ਪੋਰਟਲ ਤੇ ਅਪਲੋਡ ਕਰਨਾ ਯਕੀਨੀ ਬਣਾਉਣ। ਜੇਕਰ ਕੋਈ ਵਿਅਕਤੀ ਇਸ ਪੋਰਟਲ ਰਾਹੀਂ ਕਿਸੇ ਵੀ ਵਿਭਾਗ ਦੀ ਸ਼ਿਕਾਇਤ ਦਰਜ ਕਰਨਾ ਚਾਹੁੰਦਾ ਹੈ ਤਾਂ ਉਹ ਇਸ ਲਿੰਕ https://dgrpg.punjab.gov.in/home/projects/pgrs/ ਤੇ ਆਨਲਾਈਨ ਆਪਣੀ ਸ਼ਿਕਾਇਤ ਦਰਜ ਕਰ ਸਕਦੇ ਹਨ। ਜਿਕਰਯੋਗ ਹੈ ਕਿ ਇਸ ਪੋਰਟਲ ਉੱਪਰ ਆਨਲਾਈਨ ਦਰਖਾਸਤ ਦੇਣ ਤੋਂ ਇਲਾਵਾ ਸੇਵਾ ਕੇਂਦਰ ਰਾਹੀਂ, ਜਾਂ ਜਿਲ੍ਹੇ ਦੇ ਸ਼ਿਕਾਇਤ ਨਿਵਾਰਨ ਸੈੱਲ ਦੇ ਵੱਟਸਐਪ ਨੰਬਰ 94658-24960 ਤੇ ਸ਼ਿਕਾਇਤ ਕੀਤੀ ਜਾ ਸਕਦੀ ਹੈ।