ਰਾਫੇਲ ਦੀ ਤਰ੍ਹਾਂ ਪ੍ਰੀਡੇਟਰ ਡਰੋਨ ਸੌਦੇ 'ਚ ਵੱਡਾ ਘਪਲਾ ਕਰਨ ਜਾ ਰਹੀ ਹੈ ਭਾਰਤ ਦੀ ਮੋਦੀ ਸਰਕਾਰ- ਬਾਵਾ

  • ਅਮਰੀਕਾ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਨ ਲਈ ਭਾਜਪਾ ਸਰਕਾਰ ਭਾਰਤ ਦਾ ਖ਼ਜ਼ਾਨਾ ਲੁਟਾ ਰਹੀ ਹੈ

ਲੁਧਿਆਣਾ, 29 ਜੂਨ : ਰਾਫੇਲ ਦੀ ਤਰ੍ਹਾਂ ਪ੍ਰੀਡੇਟਰ ਡਰੋਨ ਸੌਦੇ ਦੀ ਖ਼ਰੀਦ 'ਚ ਵੱਡਾ ਘਪਲਾ ਕਰਨ ਜਾ ਰਹੀ ਹੈ ਭਾਰਤ ਦੀ ਮੋਦੀ ਸਰਕਾਰ। ਇਹ ਦੋਸ਼ ਅੱਜ ਇੱਕ ਲਿਖਤੀ ਬਿਆਨ ਰਾਹੀਂ ਕੁੱਲ ਹਿੰਦ ਕਾਂਗਰਸ ਦੇ ਕੋਆਰਡੀਨੇਟਰ (ਓ.ਬੀ.ਸੀ.) ਦੇ ਇੰਚਾਰਜ ਪੰਜਾਬ ਕ੍ਰਿਸ਼ਨ ਕੁਮਾਰ ਬਾਵਾ ਨੇ ਲਗਾਇਆ। ਬਾਵਾ ਨੇ ਕਿਹਾ ਕਿ ਅਮਰੀਕਾ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਨ ਲਈ ਭਾਜਪਾ ਸਰਕਾਰ ਭਾਰਤ ਦਾ ਖ਼ਜ਼ਾਨਾ ਲੁਟਾ ਰਹੀ ਹੈ। ਰਾਫੇਲ ਜਹਾਜ਼ ਦੀ ਤਰ੍ਹਾਂ ਪ੍ਰੀਡੇਟਰ ਡਰੋਨ ਚਾਰ ਗੁਣਾ ਮੁੱਲ ਵੱਧ ਦੇ ਕੇ ਖ਼ਰੀਦਣਾ ਦੇਸ਼ ਦੇ ਲੋਕਾਂ ਨਾਲ ਬਹੁਤ ਵੱਡਾ ਧੋਖਾ ਹੈ। ਭਾਰਤ ਦੇ ਲੋਕ ਇਸ ਦਾ ਹਿਸਾਬ 2024 'ਚ ਹੱਥ ਪੰਜੇ ਦੇ ਨਿਸ਼ਾਨ 'ਤੇ ਮੋਹਰ ਲਗਾ ਕੇ ਦੇਸ਼ ਵਿਚ ਸੈਕੂਲਰ ਸੋਚ ਦੀ ਸਰਕਾਰ ਬਣਾ ਕੇ ਲੈਣਗੇ। ਉਹਨਾਂ ਕਿਹਾ ਕਿ ਹਵਾਈ ਸੈਨਾ ਦੀ ਮੰਗ 18 ਡਰੋਨ ਹੈ ਅਤੇ ਸਾਡੇ ਪ੍ਰਧਾਨ ਮੰਤਰੀ ਜੀ ਬਿਨਾਂ ਕੈਬਨਿਟ ਦੀ ਮਨਜ਼ੂਰੀ ਤੋਂ 31 ਡਰੋਨ ਖ਼ਰੀਦ ਰਹੇ ਹਨ। ਇਹ ਕਿਸ ਤਰ੍ਹਾਂ ਦਾ ਮਜ਼ਾਕ ਦੇਸ਼ ਦੇ ਲੋਕਾਂ ਨਾਲ ਹੋ ਰਿਹਾ ਹੈ। ਇਸ ਨੂੰ ਸੋਚਣ, ਸਮਝਣ, ਵਿਚਾਰਨ ਦੀ ਲੋੜ ਹੈ ਅਤੇ ਫ਼ਿਰਕੂ ਸੋਚ ਤੋਂ ਬਚਣ ਦੀ ਲੋੜ ਹੈ।