ਪਸ਼ੂ ਧਨ ਰਾਹੀਂ ਪੰਜਾਬ ਦੇ ਕਿਸਾਨ ਦੀ ਵਧਾਈ ਜਾਵੇਗੀ ਆਮਦਨ - ਗੁਰਮੀਤ ਖੁੱਡੀਆਂ

  • ਪੰਜਾਬ ਹੋਰਸ ਸੋਅ ਵਿੱਚ ਸ਼ਿਰਕਤ ਕਰ ਘੋੜਾ ਪਾਲਕਾਂ ਦਾ ਵਧਾਇਆ ਹੌਸਲਾ

ਸ੍ਰੀ ਮੁਕਤਸਰ ਸਾਹਿਬ 12 ਜਨਵਰੀ : ਪੰਜਾਬ ਦੇ ਖੇਤੀਬਾੜੀ ਅਤੇ ਪਸ਼ੂ ਪਾਲਣ ਮੰਤਰੀ ਸ ਗੁਰਮੀਤ ਸਿੰਘ ਖੱੁਡੀਆਂ ਨੇ ਆਖਿਆ ਹੈ ਕਿ ਰਵਾਇਤੀ ਖੇਤੀ ਵਿੱਚ ਹੁਣ ਹੋਰ ਉਤਪਾਦਨ ਵਾਧਾ ਸੰਭਵ ਨਹੀਂ ਅਜਿਹੇ ਵਿੱਚ ਪਸ਼ੂ ਧਨ ਰਾਹੀਂ ਪੰਜਾਬੀ ਕਿਸਾਨ ਆਪਣੀ ਆਮਦਨ ਵਿੱਚ ਵਾਧਾ ਕਰ ਸਕਦਾ ਹੈ। ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਸੇ ਉਦੇਸ਼ ਨਾਲ ਹੁਣ ਕਿਸਾਨਾਂ ਨੂੰ ਪਸ਼ੂ ਪਾਲਣ ਦੇ ਕਿੱਤੇ ਨਾਲ ਜੋੜਨ ਲਈ ਹੋਰ ਤੇਜ਼ ਉਪਰਾਲੇ ਕਰੇਗੀ । ਉਹ ਅੱਜ ਇੱਥੇ ਪੰਜਾਬ ਹੋਰਸ ਸੋਸਾਇਟੀ ਵੱਲੋਂ ਕਰਵਾਏ ਜਾ ਰਹੇ ਘੋੜਿਆਂ ਦੇ ਸ਼ੋਅ ਵਿੱਚ  ਘੋੜਾ ਪਾਲਕਾਂ ਦੀ ਹੌਸਲਾ ਅਫਜਾਈ ਕਰਨ ਲਈ ਪਹੁੰਚੇ ਸਨ। ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਸ ਗੁਰਮੀਤ ਸਿੰਘ ਖੁੱਡੀਆਂ ਨੇ ਆਖਿਆ ਕਿ ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ ਨੂੰ ਪਸ਼ੂ ਪਾਲਣ ਦੇ ਕਿੱਤੇ ਨਾਲ ਜੋੜਨ ਲਈ ਉਪਰਾਲੇ ਕਰ ਰਹੀ ਹੈ। ਉਹਨਾਂ ਕਿਹਾ ਕਿ ਵੱਧਦੀ ਆਬਾਦੀ ਅਤੇ ਹੋਰ ਜਰੂਰਤਾਂ ਦੇ ਕਾਰਨ ਸਾਡੀ ਵਾਹੀਯੋਗ ਜਮੀਨ ਲਗਾਤਾਰ ਘੱਟ ਰਹੀ ਹੈ। ਅਜਿਹੇ ਵਿੱਚ ਖੇਤੀ ਰਾਹੀਂ ਕਿਸਾਨਾਂ ਦੀ ਆਮਦਨ ਉੱਚਤਰ ਪੱਧਰ ਤੇ ਪਹਿਲਾਂ ਹੀ ਪੁੱਜ ਚੁੱਕੀ ਹੈ ਅਤੇ ਜੇਕਰ ਅਸੀਂ ਆਪਣੀ ਆਮਦਨ ਵਿੱਚ ਹੋਰ ਵਾਧਾ ਕਰਨਾ ਹੈ ਤਾਂ ਸਾਨੂੰ ਪਸ਼ੂ ਪਾਲਣ ਵਰਗੇ ਸਹਾਇਕ ਕਿੱਤਿਆਂ ਨੂੰ ਅਪਣਾਉਣਾ ਪਵੇਗਾ। ਉਨਾਂ ਨੌਜਵਾਨਾਂ ਨੂੰ ਘੋੜਾ ਪਾਲਣ ਅਤੇ ਪਸ਼ੂ ਪਾਲਣ ਵਰਗੇ ਕਿੱਤੇ ਅਪਣਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਜੇਕਰ ਉਹ ਸ਼ੌਂਕ ਨਾਲ ਇਹ ਕੰਮ ਕਰਨ ਤਾਂ ਸਾਡੇ ਨੌਜਵਾਨਾਂ ਨੂੰ ਬਾਹਰ ਨਹੀਂ ਜਾਣਾ ਪਵੇਗਾ ਸਗੋਂ ਇੱਥੇ ਹੀ ਉਹ ਬਹੁਤ ਸ਼ਾਨਦਾਰ ਜੀਵਨ ਬਤੀਤ ਕਰ ਸਕਦੇ ਹਨ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਇਸੇ ਲਈ ਪੰਜਾਬ ਸਰਕਾਰ ਘੋੜਾ ਪਾਲਣ, ਡੇਅਰੀ ਫਾਰਮਿੰਗ, ਪੋਲਟਰੀ ਫਾਰਮਿੰਗ, ਬਕਰੀ ਪਾਲਣ ਵਰਗੇ ਕਿੱਤਿਆਂ ਨੂੰ ਉਤਸਾਹਿਤ ਕਰ ਰਹੀ ਹੈ ਤਾਂ ਜੋ ਕਿਸਾਨ ਥੋੜੇ ਥਾਂ ਵਿੱਚ ਜਿਆਦਾ ਆਮਦਨ ਪ੍ਰਾਪਤ ਕਰ ਸਕਣ। ਉਹਨਾਂ ਆਖਿਆ ਕਿ ਸੂਬਾ ਸਰਕਾਰ ਇਸ ਲਈ ਕਿਸਾਨਾਂ ਦੀ ਹਰ ਸੰਭਵ ਸਹਾਇਤਾ ਕਰੇਗੀ। ਕੈਬਨਿਟ ਮੰਤਰੀ ਨੇ ਦੱਸਿਆ ਕਿ ਘੋੜਿਆਂ ਵਿੱਚ ਗਲਾਈਡਰ ਬਿਮਾਰੀ ਕਾਰਨ ਪਿਛਲੇ ਕਾਫੀ ਸਮੇਂ ਤੋਂ ਘੋੜਿਆਂ ਦੇ ਮੇਲੇ ਬੰਦ ਸਨ ਪਰ ਉਨਾਂ ਨੇ ਘੋੜਾ ਪਾਲਕਾਂ ਦੀ ਮੰਗ ਤੇ ਤੁਰੰਤ ਕਾਰਵਾਈ ਕਰਦਿਆਂ ਕਮੇਟੀ ਗਠਤ ਕੀਤੀ ਅਤੇ ਪੰਜਾਬ ਭਰ ਵਿੱਚ ਇਸ ਸਬੰਧੀ ਜਾਂਚ ਕਰਵਾ ਕੇ ਇਹ ਮੇਲਾ ਲਗਾਉਣ ਦੀ ਆਗਿਆ ਦਿੱਤੀ ਤਾਂ ਜੋ ਸਾਡੇ ਘੋੜਾ ਪਾਲਕ ਨੂੰ ਲਾਭ ਹੋ ਸਕੇ। ਉਨਾਂ ਇਸ ਮੌਕੇ ਵਿਸ਼ੇਸ਼ ਤੌਰ ਤੇ ਐਲਾਨ ਕੀਤਾ ਕਿ ਸ਼੍ਰੀ ਮੁਕਤਸਰ ਸਾਹਿਬ ਵਿਖੇ ਇੱਕ ਘੋੜਾ ਮੰਡੀ ਸਥਾਪਿਤ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਇਆ ਜਾਵੇਗਾ ਅਤੇ ਪੰਜਾਬ ਸਰਕਾਰ ਇਸ ਲਈ ਉਪਰਾਲੇ ਕਰੇਗੀ ਤਾਂ ਜੋ ਪਸ਼ੂ ਧਨ ਦੇ ਵਪਾਰ ਨੂੰ ਹੋਰ ਉਤਸਾਹਿਤ ਕੀਤਾ ਜਾ ਸਕੇ। ਇੱਕ ਸਵਾਲ ਦੇ ਜਵਾਬ ਵਿੱਚ ਖੇਤੀਬਾੜੀ ਮੰਤਰੀ ਸ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਜਿਹੜੇ ਲੋਕ ਅੱਜ ਘੋੜਾ ਪਾਲਕਾਂ ਦੇ ਹਿੱਤਾਂ ਦੀ ਗੱਲ ਕਰਦੇ ਹਨ ਉਨਾਂ ਨੇ ਆਪਣੀ ਸਰਕਾਰ ਸਮੇਂ ਅਜਿਹਾ ਕੁਝ ਨਹੀਂ ਕੀਤਾ ਜਿਸ ਨਾਲ ਘੋੜਾ ਪਾਲਕਾਂ ਦੀ ਮਦਦ ਹੋ ਸਕੇ ਜਦ ਕਿ ਹੁਣ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਘੋੜਾ ਪਾਲਕਾਂ ਦੇ ਹਰੇਕ ਹਿੱਤ ਦੀ ਰਾਖੀ ਕਰੇਗੀ।। ਇਸ ਮੌਕੇ ਉਨਾਂ ਦੇ ਨਾਲ ਸ੍ਰੀ ਮੁਕਤਸਰ ਸਾਹਿਬ ਦੇ ਵਿਧਾਇਕ ਸ ਜਗਦੀਪ ਸਿੰਘ ਕਾਕਾ ਬਰਾੜ, ਫਰੀਦਕੋਟ ਦੇ ਵਿਧਾਇਕ ਸ ਗੁਰਦਿੱਤ ਸਿੰਘ ਵੀ ਹਾਜ਼ਰ ਸਨ। ਹੋਰਸ ਸ਼ੋਅ ਵਿੱਚ ਪਹੁੰਚਣ ਤੇ ਪੰਜਾਬ ਹੋਰਸ ਸ਼ੋਅ ਸੁਸਾਇਟੀ ਵੱਲੋਂ ਸਰਵੀਰ ਇੰਦਰ ਸਿੰਘ ਸਿੱਧੂ ਅਤੇ ਹੋਰ ਅਹੁਦੇਦਾਰਾਂ ਨੇ ਕੈਬਨਿਟ ਮੰਤਰੀ ਨੂੰ ਜੀ ਆਇਆਂ ਨੂੰ ਆਖਿਆ ਅਤੇ ਇਸ ਮੇਲੇ ਬਾਰੇ ਉਹਨਾਂ ਨੂੰ ਜਾਣਕਾਰੀ ਦਿੱਤੀ। ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ ਨਯਨ, ਡਿਪਟੀ ਡਾਇਰੈਕਟਰ ਪਸ਼ੂ ਪਾਲਨ ਗੁਰਦਿਤ ਸਿੰਘ ਵੱਡੀ ਗਿਣਤੀ ਵਿੱਚ ਘੋੜਾ ਪਾਲਕ ਹਾਜ਼ਰ ਸਨ।