ਪੰਜਾਬ ਵਿੱਚ ਆਏ ਦਿਨ ਹੋ ਰਹੀਆਂ ਬੇਅਦਬੀ ਦੀਆਂ ਘਟਨਾਵਾਂ, ਦੋ ਹਫ਼ਤਿਆਂ ਤੋਂ ਬਾਅਦ ਵੀ ਨਹੀਂ ਕੀਤੀ ਸਰਕਾਰ ਨੇ ਕੋਈ ਕਾਰਵਾਈ : ਸੁਖਬੀਰ ਬਾਦਲ 

ਫ਼ਰੀਦਕੋਟ, 23 ਜੁਲਾਈ : ਜੁਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਦੀਆਂ ਅਤਿਅੰਤ ਦੁਖਦਾਈ ਘਟਨਾਵਾਂ ਪੰਜਾਬ ਵਿੱਚ ਇਕ ਤੋਂ ਬਾਅਦ ਇੱਕ ਕਰ ਕੇ ਆਏ ਦਿਨ ਹੋ ਰਹੀਆਂ ਹਨ। ਬੇਅਦਬੀ ਦੀਆਂ ਲਗਾਤਾਰ ਵੱਧ ਰਹੀਆਂ ਘਟਨਾਵਾਂ ਦੀ ਕੜ੍ਹੀ ਵਿਚ ਲਗਭਗ ਦੋ ਹਫ਼ਤੇ ਪਹਿਲਾਂ ਗੁਰਦਾਸਪੁਰ ਜ਼ਿਲ੍ਹੇ ਵਿਚ ਦੀਨਾ ਨਗਰ ਦੇ ਪਿੰਡ ਬਹਿਰਾਮਪੁਰ ਦੇ ਗੁਰੂ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਲੀਰੋ ਲੀਰ ਕਰ ਕੇ ਸੁੱਟੇ ਗਏ। ਇਹ ਸੋਚ ਕੇ ਕਿ ਸਰਕਾਰ ਅਤੇ ਹੋਰ ਜੱਥੇਬੰਦੀਆਂ ਨੂੰ ਇਸ ਬਾਰੇ ਕੁਝ ਕਰਨ ਲਈ ਥੋੜਾ ਸਮਾਂ ਲੱਗ ਸਕਦਾ ਹੈ, ਮੈਂ ਕਿਸੇ ਦੀ ਨੁਕਤਾਚੀਨੀ ਨਹੀਂ ਕੀਤੀ। ਸਿਰਫ਼ ਇਸ ਘਟਨਾ ਉੱਤੇ ਆਪਣੇ ਮਨ ਦੀ ਤਕਲੀਫ਼ ਪ੍ਰਗਟਾਉਣ ਕਰਨ ਤੋਂ ਸਿਵਾਏ ਕੁਝ ਨਹੀਂ ਕਿਹਾ ਪਰ ਦੋ ਹਫ਼ਤਿਆਂ ਤੋਂ ਬਾਅਦ ਵੀ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਨਾ ਦੋਸ਼ੀ ਫੜ੍ਹੇ ਗਏ ਤੇ ਨਾ ਹੀ ਮੁੱਖ ਮੰਤਰੀ ਜਾਂ ਉਹਨਾਂ ਦੇ ਕਿਸੇ ਵਜ਼ੀਰ ਜਾਂ ਆਪਣੇ ਆਪ ਨੂੰ ਪੰਥਕ ਦੱਸਣ ਵਾਲੇ ਸਪੀਕਰ ਸਾਹਿਬ ਨੇ ਹੀ ਇੱਕ ਅੱਖਰ ਬੋਲਣ ਲਈ ਵੀ ਆਪਣਾ ਮੂੰਹ ਨਾ ਖੋਲ੍ਹਿਆ। ਸਰਕਾਰੀ ਮਾਇਆ ਤੇ ਸਰਕਾਰੀ ਸ਼ਹਿ ਉੱਤੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਖੜ੍ਹੀਆਂ ਕੀਤੀਆਂ ਗਈਆਂ ਅਖੌਤੀ ਪੰਥਕ ਜਥੇਬੰਦੀਆਂ ਜਾਂ ਧਾਰਮਿਕ ਸਖਸ਼ੀਅਤਾਂ ਵੀ ਆਪਣੀ ਆਕਾ ਸਰਕਾਰ ਦੀ ਨਾਕਾਰਗੁਜ਼ਾਰੀ ਉੱਤੇ ਸਿਰਫ਼ ਸਾਜਸ਼ੀ ਚੁੱਪ ਧਾਰੀ ਬੈਠੇ ਹਨ। ਅੱਜ ਕੱਲ੍ਹ ਨਾ ਇਹਨਾਂ ਨੂੰ ਕੋਈ ਬੇਅਦਬੀ ਨਜ਼ਰ ਆ ਰਹੀ ਹੈ, ਨਾ ਉਸ ਬਾਰੇ ਇਹਨਾਂ ਨੂੰ ਕੁਝ ਸੁਣਾਈ ਦੇ ਰਿਹਾ ਹੈ ਤੇ ਨਾ ਹੀ ਇਹ ਬੇਅਦਬੀ ਬਾਰੇ ਕੁੱਝ ਬੋਲਣ ਲਈ ਤਿਆਰ ਹਨ। ਹੁਣ ਦਰਦਨਾਕ ਬੇਅਦਬੀ ਦੀਆਂ ਘਟਨਾਵਾਂ ਵਿਰੁੱਧ ਕੋਈ ਬਰਗਾੜੀ ਮੋਰਚਾ ਨਹੀਂ ਲੱਗ ਰਿਹਾ ਹੈ ਅਤੇ ਨਾ ਹੀ ਇਹਨਾਂ ਨੂੰ ਆਪਣੇ ਬਾਪ ਦੀ ਪੱਗ ਉਛਾਲੀ ਜਾਂਦੀ ਨਜ਼ਰ ਆ ਰਹੀ ਹੈ। ਕੀ ਜਿਸ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੀ ਦੁੱਖਦਾਈ ਘਟਨਾ ਅਕਾਲੀ ਸਰਕਾਰ ਦੌਰਾਨ ਇੱਕ ਸਾਜ਼ਿਸ਼ ਅਧੀਨ ਕਰਵਾਈ ਗਈ ਸੀ , ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਹੋਰ ਸਨ ਤੇ ਜਿਸ ਗੁਰੂ ਦੀ ਬੇਅਦਬੀ ਹੁਣ ਆਏ ਦਿਨ ਕੀਤੀ ਜਾ ਰਹੀ ਹੈ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਈ ਹੋਰ ਹਨ ? ਨਾ ਤਾਂ ਹੁਣ ਕੋਈ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਖਿਲਾਫ਼ ਬੋਲ ਰਿਹਾ ਹੈ ਅਤੇ ਨਾ ਹੀ ਕਾਂਗਰਸ ਇਸ ‘ਤੇ ਕੁੱਝ ਬੋਲ ਰਹੀ ਹੈ ਜਿੰਨ੍ਹਾਂ ਨੇ ਅਕਾਲੀ ਸਰਕਾਰ ਦੌਰਾਨ ਹੋਈ ਇੱਕ ਘਟਨਾ ਉੱਤੇ ਵਿਧਾਨ ਸਭ ਦਾ ਵਿਸ਼ੇਸ਼ ਸੈਸ਼ਨ ਤੱਕ ਬੁਲਾ ਲਿਆ ਸੀ। ਇਹਨਾਂ ਸਿੱਖ ਵਿਰੋਧੀ ਪਾਰਟੀਆਂ ਦੀ ਸ਼ਹਿ ਉੱਤੇ ਹੀ ਪੰਥਕ ਸਰਕਾਰ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰ ਕੇ ਕੌਮ ਨੂੰ ਨੇਤਾ ਹੀਣ ਕਰਨ ਦੀ ਜੋ ਸਾਜ਼ਿਸ਼ ਰਚੀ ਗਈ ਸੀ। ਉਸ ਦਾ ਮੁੱਲ ਖਰੀਦਿਆ ਮੋਹਰਾਂ ਬਣ ਕੇ ਕੁਝ ਸਿਰਕੱਢ  "ਪੰਥਕ " ਜਥੇਬੰਦੀਆਂ ਤੇ ਆਗੂਆਂ ਵੱਲੋਂ ਸੂਬੇ ਵਿਚ ਅਕਾਲੀ ਸਰਕਾਰ ਵਿਰੁੱਧ ਤੂਫ਼ਾਨ ਖੜ੍ਹਾ ਕਰ ਦਿੱਤਾ ਗਿਆ ਸੀ। ਅੱਜ ਉਹ "ਪੰਥ ਦਰਦੀ " ਹੁਣ ਆਪਣੇ ਮੂੰਹ 'ਚ ਘੁੰਗਣੀਆਂ ਪਾ ਕੇ ਕਿਉਂ ਬੈਠੇ ਹਨ? ਇਸ ਬਾਰੇ ਖਾਲਸਾ ਪੰਥ ਨੂੰ ਖ਼ੁਦ ਸੋਚਣਾ ਪਵੇਗਾ ਨਹੀਂ ਤਾਂ ਖਾਲਸਾ ਪੰਥ ਨੂੰ ਖ਼ੇਰੂੰ ਖ਼ੇਰੂੰ ਕਰਨ ਦੀਆਂ ਇਹਨਾਂ ਦੀਆਂ ਸਾਜ਼ਿਸ਼ਾਂ ਨੂੰ ਫ਼ੇਲ੍ਹ ਕਰਨ ‘ਚ ਬਹੁਤ ਦੇਰ ਹੋ ਚੁੱਕੀ ਹੋਵੇਗੀ ਤੇ ਕੌਮ ਬਾਅਦ ਵਿਚ ਸਿਰਫ਼ ਪਛਤਾਵਾ ਹੀ ਕਰ ਸਕੇਗੀ। ਸਿੱਖ ਵਿਰੋਧੀ ਤਾਕਤਾਂ ਦੀਆਂ ਸਾਜ਼ਿਸ਼ਾਂ ਦੇ ਬੁਲਾਰੇ ਬਣ ਕੇ  ਅਕਾਲੀ ਦਲ ਅਤੇ ਪੰਥਕ ਸਰਕਾਰ ਨੂੰ ਬਦਨਾਮ ਕਰਨ ਵਿਚ ਦਿਨ ਰਾਤ ਰੁੱਝੇ ਹੋਏ ਕੁਝ ਅਨਸਰ ਅੱਜ ਅਖੌਤੀ ਬੁੱਧੀਜੀਵੀ ਅਤੇ ਪੱਤਰਕਾਰ ਬਣ ਕੇ ਵਿਚਰ ਰਹੇ ਹਨ। ਇਹਨਾਂ ਅਖੌਤੀ "ਸਿੱਖ ਚਿੰਤਕਾਂ ਤੇ ਇਤਿਹਾਸਕਾਰਾਂ" ਨੂੰ ਵੀ ਇੱਕ ਦਿਨ ਕੌਮ ਸਾਹਮਣੇ ਜਵਾਬ ਦੇਣਾ ਹੀ ਪਵੇਗਾ ਕਿ ਹੁਣ ਬੇਅਦਬੀ ਦੀਆਂ ਘਟਨਾਵਾਂ ‘ਤੇ ਉਨ੍ਹਾਂ ਦੇ ਮਨਾਂ ਅੰਦਰ ਉਹ ਦਰਦ ਕਿਉਂ ਨਹੀਂ ਉੱਠ ਰਿਹਾ ਜੋ ਅਕਾਲੀ ਸਰਕਾਰ ਦੌਰਾਨ ਹੋਈ ਇੱਕ ਘਟਨਾ ਉੱਤੇ ਉੱਠਿਆ ਸੀ ? ਇਹਨਾਂ ਦਰਦਨਾਕ ਘਟਨਾਵਾਂ ਉੱਤੇ ਤਾਂ ਮੌਜੂਦਾ ਸਰਕਾਰ ਦੇ ਉਹ ਸਾਰੇ ਆਗੂ ਨੀਂਦ ਵਿਚ ਸੁੱਤੇ ਪਏ ਹਨ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਹੋਈ ਇੱਕ ਘਟਨਾ ਬਾਰੇ ਦਿਨ ਰਾਤ ਇਹ ਦੁਹਾਈ ਦਿੰਦੇ ਨਹੀਂ ਥੱਕਦੇ ਸਨ ਕਿ ਗੁਰੂ ਦਾ ਨਿਰਾਦਰ ਉਹਨਾਂ ਨੂੰ ਇਵੇਂ ਮਹਿਸੂਸ ਹੋ ਰਿਹਾ ਹੈਂ ਜਿਵੇਂ ਉਹਨਾਂ ਦੇ ਬਾਪ ਦੇ ਪੱਗ ਲਾਹ ਦਿੱਤੀ ਹੋਏ।