ਪਿੰਡ ਸੁਖਚੈਨ ਵਿਖੇ ਸਰਕਾਰੀ ਸਕੂਲ਼ ਵਿੱਚ ਦੋ ਨਵੇਂ ਕਲਾਸ ਰੂਮ ਅਤੇ ਸਕੂਲ਼ ਦੀ ਚਾਰਦੀਵਾਰੀ ਦਾ ਉਦਘਾਟਨ

  • ਸਰਕਾਰੀ ਸਕੂਲਾਂ ਦੀ ਬਣਤਰ ਵਿਚ ਵਾਧੇ ਕਰਨ ਲਈ ਪੰਜਾਬ ਸਰਕਾਰ ਯਤਨਸ਼ੀਲ-ਅਮਨਦੀਪ ਸਿੰਘ ਗੋਲਡੀ ਮੁਸਾਫਿਰ

ਅਬੋਹਰ, 18 ਅਕਤੂਬਰ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਹਿਲੇ ਦਿਨੋਂ ਜਦੋਂ ਦੀ ਸੱਤਾ ਵਿਚ ਆਈ ਹੈ ਉਦੋਂ ਤੋਂ ਹੀ ਸਿਖਿਆ ਅਤੇ ਸਿਹਤ ਨੂੰ ਤਰਜੀਹ ਦਿੰਦਿਆਂ ਵਿਸ਼ੇਸ਼ ਕਾਰਜ ਉਲੀਕੇ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬਿਹਤਰ ਤਰੀਕੇ ਨਾਲ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਤਹਿਤ ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ ਜਿਸ ਵਿਚ ਲੋਕਾਂ ਨੂੰ ਆਪਣਾ ਇਲਾਜ ਲੈਣ ਵਿਚ ਕਾਫੀ ਸੌਖ ਹੋ ਰਹੀ ਹੈ। ਇਸੇ ਤਰ੍ਹਾਂ ਲੋੜੀਂਦੀ ਗਿਣਤੀ ਵਿਚ ਬੁਨਿਆਦੀ ਸਹੂਲਤਾਂ ਹੋਣ ਨਾਲ ਬਚਿਆਂ ਦੀ ਰੂਚੀ ਸਰਕਾਰੀ ਸਕੂਲਾਂ ਵਿਚ ਵਧੀ ਹੈ ਤੇ ਦਾਖਲੇ ਵਿਚ ਵਾਧਾ ਹੋਇਆ ਹੈ। ਇਸੇ ਕੜੀ ਤਹਿਤ ਸਰਕਾਰੀ ਸਕੂਲਾਂ ਵਿਖੇ ਬੁਨਿਆਦੀ ਸਹੂਲਤਾਂ *ਚ ਵਾਧਾ ਕਰਦੇ ਹੋਏ ਹਲਕਾ ਬੱਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਵੱਲੋਂ ਪਿੰਡ ਸੁਖਚੈਨ ਵਿਖੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ਼ ਵਿੱਚ ਦੋ ਨਵੇਂ ਕਲਾਸ ਰੂਮ ਅਤੇ ਸਕੂਲ਼ ਦੀ ਚਾਰਦੀਵਾਰੀ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਸਕੂਲਾਂ ਵਿਖੇ ਬੁਨਿਆਦੀ ਸਹੂਲਤਾਂ ਦੇ ਵਾਧੇ ਨਾਲ ਜਿਥੇ ਵਿਦਿਆਰਥੀ ਵਰਗ ਬਿਹਤਰ ਤਰੀਕੇ ਨਾਲ ਪੜ੍ਹਾਈ ਕਰ ਸਕਣਗੇ। ਉਨ੍ਹਾਂ ਕਿਹਾ ਕਿ ਨਵੀਂ ਬਿਲਡਿੰਗ ਅਤੇ ਚਾਰਦੀਵਾਰੀ ਨਾਲ ਵਿਦਿਆਰਥੀ ਸੁਰੱਖਿਅਤ ਮਹਿਸੂਸ ਕਰਨਗੇ ਅਤੇ ਮਿਹਨਤ ਤੇ ਲਗਨ ਨਾਲ ਪੜਾਈ ਕਰ ਸਕਣਗੇ। ਉਨ੍ਹਾਂ ਕਿਹਾ ਕਿ ਸਿਖਿਆ ਵਿਭਾਗ ਲਗਾਤਾਰ ਸਰਕਾਰੀ ਸਕੂਲਾਂ ਦੀ ਨੁਹਾਰ ਨੂੰ ਬਦਲਣ ਲਈ ਉਪਰਾਲੇ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਥੇ ਸਕੂਲਾਂ ਵਿਚ ਸਹੂਲਤਾਂ ਵਿਚ ਵਾਧਾ ਕੀਤਾ ਜਾ ਰਿਹਾ ਹੈ ਉਥੇ ਸਕੂਲ ਪ੍ਰਿੰਸੀਪਲ ਨੂੰ ਬਿਹਤਰ ਸਿਖਲਾਈ ਦੇਣ ਲਈ ਵਿਦੇਸ਼ਾਂ ਵਿਚ ਭੇਜਿਆ ਜਾ ਰਿਹਾ ਹੈ ਤਾਂ ਜੋ ਸਿਖਲਾਈ ਲੈ ਕੇ ਵਿਦਿਆਰਥੀਆਂ ਨੂੰ ਹੋਰ ਉਚ ਤਰੀਕੇ ਨਾਲ ਗਿਆਨ ਮੁਹੱਈਆ ਕਰਵਾ ਸਕਣ। ਇਸ ਮੌਕੇ ਪਿੰਡ ਦੇ ਸਰਪੰਚ ਮਨੋਜ ਗੋਦਾਰਾ, ਅਧਿਆਪਕ, ਬੱਚੇ ਪਿੰਡ ਦੀ ਅਤੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਮੌਜੂਦ ਸੀ।