ਸਿੱਖਿਆ ਮੰਤਰੀ ਨਾਲ ਈਟੀਟੀ ਅਧਿਆਪਕ ਯੂਨੀਅਨ ਦੀ ਹੋਈ ਅਹਿਮ ਮੀਟਿੰਗ, ਮੰਗਾਂ ਪੂਰੀਆਂ ਕਰਨ ਦਾ ਦਿੱਤਾ ਭਰੋਸਾ 

  • ਮੀਟਿੰਗ ਦੌਰਾਨ ਸਿੱਖਿਆ ਮੰਤਰੀ ਵੱਲੋਂ ਮੰਗਾਂ ਨੂੰ ਜਲਦੀ ਹੀ ਪੂਰੀਆਂ ਕਰਨ ਦਾ ਦਿੱਤਾ ਭਰੋਸਾ: ਜਸਵਿੰਦਰ ਸਿੱਧੂ

ਮੋਹਾਲੀ, 30 ਅਗਸਤ : ਅੱਜ ਈ.ਟੀ.ਟੀ.ਅਧਿਆਪਕ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਪੰਜਾਬ ਭਵਨ ਚੰਡੀਗੜ੍ਹ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਅਧਿਕਾਰੀਆਂ ਨਾਲ ਹੋਈ। ਜਿਸ ਵਿੱਚ ਪੁਰਾਣੀ ਪੈਨਸ਼ਨ ਸਕੀਮ ਦਾ ਨੋਟੀਫਿਕੇਸ਼ਨ ਅਮਲੀ ਰੂਪ ਵਿੱਚ ਲਾਗੂ ਕਰਕੇ ਮੁਲਾਜ਼ਮਾਂ ਦੇ ਸੀ.ਪੀ.ਐਫ. ਖਾਤੇ ਬੰਦ ਕਰਕੇ ਜੀ.ਪੀ.ਐਫ ਕੱਟਣ ਸਬੰਧੀ ਗੱਲਬਾਤ ਹੋਈ। ਜਿਸ ਤੇ ਸਿੱਖਿਆ ਮੰਤਰੀ ਨੇ ਕਿਹਾ ਕਿ ਵਿੱਤ ਵਿਭਾਗ ਇਸ ਮਸਲੇ ਤੇ ਕੰਮ ਕਰ ਰਿਹਾ ਹੈ ਜਿਸਦੇ ਸਾਰਥਿਕ ਨਤੀਜੇ ਜਲਦੀ ਸਾਹਮਣੇ ਆਉਣਗੇ। ਇਸ ਤੋਂ ਇਲਾਵਾ ਈਟੀਟੀ ਤੋਂ ਮਾਸਟਰ ਕਾਡਰ ਪ੍ਰਮੋਸ਼ਨ ਦੀ ਫਾਈਲ ਜੋ ਪਰਸੋਨਲ ਵਿਭਾਗ ਕੋਲ ਪੈਂਡਿੰਗ ਪਈ ਹੈ ਉਸਨੂੰ ਕਢਵਾਉਣ ਬਾਰੇ ਗੱਲਬਾਤ ਕੀਤੀ। ਰੈਸ਼ਨੇਲਾਈਜੇਸ਼ਨ ਤਹਿਤ ਜੰਥੇਬੰਦੀ ਨੇ ਮੰਗ ਕੀਤੀ ਕਿ ਹਰ ਸਕੂਲ ਵਿੱਚ ਘੱਟੋਂ ਘੱਟ ਦੋ ਈਟੀਟੀ ਅਧਿਆਪਕ ਲਾਜ਼ਮੀ ਰਹਿਣ, ਜਿਸ ਤੇ ਸਿੱਖਿਆ ਮੰਤਰੀ ਨੇ ਸਹਿਮਤੀ ਦਿੰਦਿਆਂ ਕਿਹਾ ਕਿ ਹਰ ਸਕੂਲ ਵਿੱਚ ਦੋ ਈਟੀਟੀ ਅਧਿਆਪਕ ਹਰ ਹਾਲਤ ਵਿੱਚ ਰਹਿਣਗੇ, ਕਿਸੇ ਵੀ ਸਕੂਲ ਨੂੰ ਸਿੰਗਲ ਅਧਿਆਪਕ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪੇਂਡੂ ਅਤੇ ਬਾਰਡਰ ਭੱਤਾ ਬਹਾਲ ਕਰਨ  ਦੀ ਮੰਗ ਕੀਤੀ, ਜਿਸ ਤੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਵਿੱਤ ਵਿਭਾਗ ਨੂੰ ਨੋਟ ਲਿਖ ਚੁੱਕੇ ਹਨ। ਪੇਅ ਅਨਾਮਲੀ ਸਬੰਧੀ ਉਹਨਾਂ ਤੁਰੰਤ ਮੌਕੇ ਤੇ ਅਫ਼ਸਰਾਂ ਨੂੰ ਹਦਾਇਤ ਜਾਰੀ ਕੀਤੀ ਕਿ ਜਿਹੜੇ ਜ਼ਿਲ੍ਹੇ ਜਾਂ ਬਲਾਕਾਂ ਵਿੱਚ ਸਰਕਾਰ ਦੇ ਹੁਕਮਾਂ ਦੇ ਬਾਵਜੂਦ ਪੇਅ ਅਨਾਮਲੀ ਦੂਰ ਕਰਨ ਵਿੱਚ ਜੋ ਵੀ ਅੜਿਕੇ ਹਨ ਉਹ ਤੁਰੰਤ ਹੀ ਦੂਰ ਕੀਤੇ ਜਾਣ। 2018 ਤੋਂ ਬਾਅਦ ਪ੍ਰਮੋਟ ਹੋਏ ਜਾਂ ਸਿੱਧੀ ਭਰਤੀ ਤਹਿਤ ਭਰਤੀ ਹੋਏ ਅਧਿਆਪਕਾਂ ਦੀ ਟੈਸਟ ਕਾਰਨ ਰੁਕੇ ਭੱਤੇ ਜਾਰੀ ਕਰਨ ਦੀ ਮੰਗ ਸਬੰਧੀ ਉਹਨਾਂ ਕਿਹਾ ਕਿ ਇਹ ਮਸਲਾ ਹੱਲ ਹੈ ਇਸ ਸਬੰਧੀ ਕਹਿ ਦਿੱਤਾ ਗਿਆ ਹੈ। ਸਪੋਰਟਸ ਵਿੱਚ ਮੱਲਾਂ ਮਾਰਨ ਵਾਲੇ ਅਧਿਆਪਕਾਂ ਦੀ ਪ੍ਰਮੋਸ਼ਨ ਸਬੰਧੀ ਕੋਟਾ ਦੇਣ ਦੀ ਵੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਬਦਲੀਆਂ ਉੱਪਰ ਰੋਸਟਰ ਕੋਟਾ ਹਟਾਉਣ ਦੀ ਮੰਗ ਅਤੇ 2012-14 ਬੈਂਜ਼ ਦੇ ਈ. ਜੀ.ਐਸ. ਅਧਿਆਪਕਾਂ ਨੂੰ ਤਨਖਾਹ ਵਾਧਾ ਦੇਣ ਸਬੰਧੀ ਗੱਲਬਾਤ ਹੋਈ ਤਾਂ ਮੰਤਰੀ ਸਾਹਿਬ ਨੇ ਭਰੋਸਾ ਦਿੱਤਾ ਕਿ ਜਲਦ ਹੀ ਇਹਨਾਂ ਅਧਿਆਪਕਾਂ ਦੀ ਤਨਖਾਹ ਵਧਾਈ ਜਾਵੇਗੀ। ਇਸ ਮੌਕੇ ਸੂਬਾ ਆਗੂ ਰਛਪਾਲ ਸਿੰਘ ਵੜੈਚ, ਸੂਬਾ ਕਮੇਟੀ ਮੈਂਬਰ ਜਲੰਧਰ ਸ਼ਿਵਰਾਜ ਸਿੰਘ, ਸੂਬਾ ਕਮੇਟੀ ਮੈਂਬਰ ਮੁਹਾਲੀ ਸ਼ਿਵ ਕੁਮਾਰ ਰਾਣਾ, ਸੂਬਾ ਕਮੇਟੀ ਫਿਰੋਜ਼ਪੁਰ ਵਿਪਨ ਲੋਟਾ, ਜ਼ਿਲ੍ਹਾ ਪ੍ਰਧਾਨ ਕਪੂਰਥਲਾ ਗੁਰਮੇਜ ਸਿੰਘ ਤਲਵੰਡੀ   ਚੌਧਰੀਆਂ, ਦਵਿੰਦਰ ਸਿੰਘ ਕਪੂਰਥਲਾ, ਸੁਖਵਿੰਦਰ ਸਿੰਘ ਸ੍ਰੀ ਮੁਕਤਸਰ ਸਾਹਿਬ ਸ਼ਾਮਿਲ ਹੋਏ। ਜੰਥੇਬੰਦੀ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ ਨੇ ਦੱਸਿਆ ਕਿ ਪੰਜਾਬ ਦੇ ਸਮੂਹ ਅਧਿਆਪਕਾਂ ਨੂੰ ਇਸ ਮੀਟਿੰਗ ਤੋਂ ਵੱਡੀਆਂ ਆਸਾਂ ਹਨ।