ਡਿਪਟੀ ਕਮਿਸ਼ਨਰ ਵਲੋਂ ਪਰਾਲੀ ਨੂੰ ਅੱਗ ਲਗਾਉਣ ਤੋਂ ਬਚਾਉਣ ਲਈ ਵਿਭਾਗੀ ਅਧਿਕਾਰੀਆਂ ਨਾਲ ਅਹਿਮ  ਬੈਠਕ

  • ਵਿਭਾਗੀ ਅਧਿਕਾਰੀ ਜ਼ਿਲ੍ਹੇ ਦੇ ਪਿੰਡਾਂ ਦਾ ਦੌਰਾ ਕਰਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਾਰੇ ਕਰਨ ਜਾਗਰੂਕ
  • ਕਿਸਾਨ ਜ਼ਿਲ੍ਹੇ ਨੂੰ ਪ੍ਰਦੂਸ਼ਣ ਮੁਕਤ ਕਰਨ ਵਿੱਚ ਪਾਉਣ ਯੋਗਦਾਨ ਅਤੇ ਪਰਾਲੀ ਨੂੰ ਅੱਗ ਨਾ ਲਗਾਉਣ

ਫਾਜ਼ਿਲਕਾ 31 ਅਕਤੂਬਰ : ਜ਼ਿਲ੍ਹੇ ਅਤੇ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਤੇ ਕਿਸਾਨਾਂ ਨੂੰ ਲਗਾਤਾਰ ਪਰਾਲੀ ਨਾ ਸਾੜਨ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਮੰਤਵ ਤਹਿਤ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਆਈ.ਏ.ਐੱਸ ਨੇ ਖੇਤੀਬਾੜੀ ਅਤੇ ਪ੍ਰਦੂਸ਼ਣ ਬੋਰਡ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ। ਜਿਸ ਵਿੱਚ ਉਨ੍ਹਾਂ ਪਰਾਲੀ ਨੂੰ ਅੱਗ ਲਗਾਉਣ ਤੋਂ ਬਚਾਉਣ ਲਈ ਵਿਭਾਗੀ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਕੰਮਾਂ/ਯਤਨਾਂ ਬਾਰੇ ਵਿਚਾਰ ਚਰਚਾ ਕੀਤੀ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਿਭਾਗੀ ਅਧਿਕਾਰੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਪਰਾਲੀ ਨੂੰ ਸੜਨ ਤੋਂ ਰੋਕਣ ਵਿੱਚ ਆਪਣਾ ਅਹਿਮ ਰੋਲ ਅਦਾ ਕਰਨ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਜਿ਼ਲ੍ਹੇ ਦੇ 13 ਪਿੰਡਾਂ ਪਰਾਲੀ ਨੂੰ ਅੱਗ ਲਗਾਉਣ ਦੀਆਂ ਸਭ ਤੋਂ ਵੱਧ ਘਟਨਾਵਾਂ ਵਾਪਰੀਆਂ ਸਨ, ਇਸ ਲਈ ਵਿਭਾਗੀ ਅਧਿਕਾਰੀ ਇਨ੍ਹਾਂ ਪਿੰਡਾਂ ਵੱਲ ਵੀ ਖਾਸ ਧਿਆਨ ਦੇਣ ਅਤੇ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਹੁੰਦੇ ਨੁਕਸਾਨਾਂ ਅਤੇ ਆਧੁਨਿਕ ਖੇਤੀ ਸੰਦਾਂ ਦੀ ਵਰਤੋਂ ਕਰਨ ਲਈ ਉਤਸਾਹਿਤ ਕਰਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਫਾਜਿ਼ਲਕਾ ਜਿ਼ਲ੍ਹੇ ਦੇ ਜਿਨ੍ਹਾਂ ਪਿੰਡਾਂ ਵਿੱਚ ਪਿੱਛਲੇ ਸਾਲ ਪਰਾਲੀ ਨੂੰ ਅੱਗ ਲਗਾਉਣ ਦੀਆਂ ਸਭ ਤੋਂ ਵੱਧ ਘਟਨਾਵਾਂ ਵਾਪਰੀਆਂ ਸਨ, ਉਨ੍ਹਾਂ ਪਿੰਡਾਂ ਤੇ ਪ੍ਰਸ਼ਾਸਨ ਦੀ ਇਸ ਵਾਰ ਤਿੱਖੀ ਨਜ਼ਰ ਰਹੇਗੀ ਪਰ ਇੰਨ੍ਹਾਂ ਪਿੰਡਾਂ ਲਈ ਇਸ ਵਾਰ ਕੁਦਰਤ ਦੋਖੀ ਹੋਣ ਦੇ ਲੱਗੇ ਦਾਗ ਨੂੰ ਧੋਣ ਦਾ ਮੌਕਾ ਹੈ ਤੇ ਇਹ ਕਿਸਾਨ ਆਧੁਨਿਕ ਸੰਦਾਂ ਅਤੇ ਬੇਲਰ ਦੀ ਮਦਦ ਨਾਲ ਪਰਾਲੀ ਚੁਕਵਾ ਕੇ ਕਣਕ ਦੀ ਬਿਜਾਈ ਕਰ ਸਕਦੇ ਹਨ। ਉਨ੍ਹਾਂ ਸਬੰਧਿਤ ਵਿਭਾਗੀ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਜ਼ਿਲ੍ਹਾ ਸਿਵਲ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਪਿੰਡ ਪੱਧਰ ਤੇ ਕਿਸਾਨਾਂ ਦੇ ਖੇਤਾਂ ਦਾ ਦੌਰਾ ਲਗਾਤਾਰ ਕੀਤਾ ਜਾਵੇ ਅਤੇ ਜਿੱਥੇ ਕਿਤੇ ਵੀ ਅੱਗ ਲੱਗਣ ਦੀ ਘਟਨਾ ਨਜ਼ਰ ਆਉਂਦੀ ਹੈ ਤਾਂ ਕਾਰਵਾਈ ਵੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅਧਿਕਾਰੀ ਇਸ ਸਾਲ ਅਲਰਟ ਹੋ ਕੇ ਪੂਰੀ ਸਿੱਦਤ ਨਾਲ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਵਿੱਚ ਆਪਣਾ ਅਹਿਮ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਇਸ ਸਾਲ ਜ਼ਿਲ੍ਹੇ ਨੂੰ ਪ੍ਰਦੂਸ਼ਣ ਮੁਕਤ ਕਰਨ ਵਿੱਚ ਕੋਈ ਕਸਰ ਨਾ ਛੱਡੀ ਜਾਵੇ ਤੇ ਵਿਭਾਗੀ ਅਧਿਕਾਰੀ ਪੂਰੀ ਤਨਦੇਹੀ ਨਾਲ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਅੱਗੇ ਆਉਣ ਤੇ ਜੇਕਰ ਡਿਊਟੀ ਵਿੱਚ ਕਿਸੇ ਨੇ ਵੀ ਕੋਤਾਹੀ ਕੀਤੀ ਤਾਂ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜੇਕਰ ਕਿਧਰੇ ਪਰਾਲੀ ਨੂੰ ਅੱਗ ਲੱਗਣ ਦੀ ਘਟਨਾ ਪਾਈ ਜਾਂਦੀ ਹੈ ਤੁਰੰਤ ਉਸ ਪਿੰਡ ਦੇ ਖੇਤ ਵਿੱਚ ਪਹੁੰਚ ਕੇ ਜਾਇਜ਼ਾ ਲਿਆ ਜਾਵੇ ਤੇ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਖੇਤੀਬਾੜੀ ਵਿਭਾਗ ਨੂੰ ਕਿਹਾ ਕਿ ਇੰਨ੍ਹਾਂ ਪਿੰਡਾਂ ਅਤੇ ਹੋਰਨਾਂ ਪਿੰਡਾਂ ਦੇ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਸਬੰਧੀ ਵੱਧ ਤੋਂ ਵੱਧ ਜਾਣਕਾਰੀ ਦੇਣ ਲਈ ਇੰਨ੍ਹਾਂ ਪਿੰਡਾਂ ਵਿਚ ਕਿਸਾਨ ਸਿਖਲਾਈ ਕੈਂਪ ਲਗਾ ਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੇ ਲਾਭ ਅਤੇ ਪਰਾਲੀ ਸਾੜਨ ਦੇ ਨੁਕਸਾਨ ਸਮਝਾਏ ਜਾਣ। ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਸਰਕਾਰ ਵੱਲੋਂ ਸਬਸਿਡੀ ਤੇ ਪਰਾਲੀ ਨੂੰ ਸਾਂਭਣ ਅਤੇ ਕਣਕ ਦੀ ਬਿਜਾਈ ਕਰਨ ਲਈ ਦਿੱਤੇ ਗਏ ਖੇਤੀਬਾੜੀ ਸੰਦ ਸਰਫੇਸ ਸੀਡਰ, ਹੈਪੀ ਸੀਡਰ ਅਤੇ ਸੁਪਰ ਸੀਡਰ ਆਦਿ ਬਾਰੇ ਵਿਭਾਗੀ ਅਧਿਕਾਰੀਆਂ ਤੋਂ ਜਾਣਕਾਰੀ ਹਾਸਲ ਕੀਤੀ ਤੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਆਧੁਨਿਕ ਸੰਦਾਂ ਦੀ ਵਰਤੋਂ ਕਰਕੇ ਝੋਨੇ ਦੀ ਪਰਾਲੀ ਦਾ ਖੇਤਾਂ ਵਿੱਚ ਨਿਪਟਾਰਾ ਕਰਕੇ ਕਣਕ ਦੀ ਬਿਜਾਈ ਕਰਨ। ਉਨ੍ਹਾਂ ਕਿਸਾਨਾਂ ਨੁੰ ਇਹ ਵੀ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਜ਼ਿਲ੍ਹੇ ਨੂੰ ਪ੍ਰਦੂਸ਼ਣ ਮੁਕਤ ਕਰਨ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰਨ।  ਉਨ੍ਹਾਂ ਕਿਹਾ ਕਿ ਸਕੂਲਾਂ ਦੇ ਵਿਦਿਆਰਥੀ ਵੀ ਵਾਤਾਵਰਨ ਮਿੱਤਰ ਬਣ ਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਾਰੇ ਜਾਗਰੂਕ ਕਰ ਰਹੇ ਹਨ ਜੋ ਕਿ ਇੱਕ ਬਹੁਤ ਵਧੀਆ ਕਾਰਜ ਹੈ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਗੁਰਮੀਤ ਸਿੰਘ ਚੀਮਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।