14 ਵੱਖ-ਵੱਖ ਥਾਵਾਂ ਉੱਤੇ ਲਗਾਏ ਨਾਕਿਆਂ ਦੀ ਆਈ.ਜੀ ਗਰਪ੍ਰੀਤ ਭੁੱਲਰ ਨੇ ਕੀਤੀ ਚੈਕਿੰਗ

ਰੂਪਨਗਰ, 9 ਮਈ : ਆਈ.ਜੀ ਰੇਂਜ ਰੂਪਨਗਰ ਸ. ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਪੁਲੀਸ ਲਾਈਨ ਦੇ ਟੀ-ਪੁਆਇੰਟ ਅਤੇ ਹੋਰ 14 ਵੱਖ-ਵੱਖ ਥਾਵਾਂ ਉੱਤੇ ਲਗਾਏ ਨਾਕਿਆਂ ਦੀ ਚੈਕਿੰਗ ਕੀਤੀ ਗਈ ਅਤੇ ਸ਼ਹਿਰ ਵਿਚ ਫਲੈਗ ਮਾਰਚ ਵੀ ਕੱਢਿਆ। ਇਸ ਮੌਕੇ ਗੱਲਬਾਤ ਕਰਦਿਆਂ ਆਈ.ਜੀ ਰੇਂਜ ਰੂਪਨਗਰ ਸ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਡੀ.ਜੀ.ਪੀ ਪੰਜਾਬ ਸ਼੍ਰੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ ਤਹਿਤ ਸੂਬੇ ਵਿਚ ਅਮਨ ਸ਼ਾਂਤੀ ਬਰਕਰਾਰ ਰੱਖਣ ਲਈ ਜ਼ਿਲ੍ਹਾ ਰੂਪਨਗਰ ਪੁਲਿਸ ਵਲੋਂ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ਉਤੇ ਨਾਕਾਬੰਦੀ ਕਰ ਕੇ ਚੈਕਿੰਗ ਕੀਤੀ ਜਾ ਰਹੀ ਹੈ। ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਇਸ ਚੈਕਿੰਗ ਅਤੇ ਨਾਕਾਬੰਦੀ ਦਾ ਮੁੱਖ ਉਦੇਸ਼ ਆਮ ਲੋਕਾਂ ਦੇ ਲਈ ਸੁਖਾਵਾਂ ਮਾਹੌਲ , ਲੋਕਾਂ ਵਿੱਚ ਸਹੀ ਸੋਚ ਅਤੇ ਉਸਾਰੂ ਵਿਸ਼ਵਾਸ ਪੈਦਾ ਕਰਨਾ ਹੈ ਅਤੇ ਨਾਲ ਹੀ ਸ਼ਰਾਰਤੀ ਅਨਸਰਾਂ ਉੱਤ ਨਕੇਲ ਕੱਸਣ ਅਤੇ ਕਾਬੂ ਕਰਨ ਲਈ ਇਹ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਅਪਰਾਧਿਕ ਸੋਚ ਵਾਲੇ ਗੈਰ ਸਮਾਜੀ ਤੱਤਾਂ ਵਾਲੇ ਕਿਸੇ ਅਣਸੁਖਾਵੀਂ ਘਟਨਾ ਨੂੰ ਅੰਜਾਮ ਨਾ ਦੇ ਸਕਣ। ਫਲੈਗ ਮਾਰਚ ਸ਼ੁਰੂ ਕਰਨ ਤੋਂ ਪਹਿਲਾਂ ਸ. ਭੁੱਲਰ ਵਲੋਂ ਮੌਜੂਦ ਪੰਜਾਬ ਪੁਲਿਸ ਦੇ ਅਧਿਕਾਰੀਆਂ ਨਾਲ਼ ਗੱਲਬਾਤ ਕੀਤੀ ਗਈ ਕਿ ਜ਼ਿਲ੍ਹਾ ਰੂਪਨਗਰ ਵਿਚ ਹਰ ਪੱਧਰ ਉਤੇ ਇਲਾਕਾ ਵਾਸੀਆਂ ਨੂੰ ਸੁਰੱਖਿਅਤ ਅਤੇ ਸ਼ਾਂਤੀਪੂਰਨ ਮਾਹੌਲ ਪ੍ਰਦਾਨ ਕਰਨਾ ਤੁਹਾਡੀ ਪਹਿਲੀ ਜ਼ਿੰਮੇਵਾਰੀ ਹੈ ਜਿਸ ਲਈ ਆਪ ਸਭ ਵਲੋਂ ਆਪਣੀ ਡਿਊਟੀ ਨਿਰਪੱਖਤਾ ਅਤੇ ਨਿਡਰਤਾ ਨਾਲ਼ ਨਿਭਾਈ ਜਾਵੇ। ਉਨ੍ਹਾਂ ਕਿਹਾ ਕਿ ਆਪ ਸਭ ਸਮਾਜ ਵਿਚ ਸਿੱਧੇ ਤੌਰ ਉਤੇ ਵਿਚਰਦੇ ਹੋ ਜਿਸ ਕਰਕੇ ਹਰ ਤਰ੍ਹਾਂ ਦੀ ਜਾਣਕਾਰੀ ਆਪ ਤੱਕ ਪਹੁੰਚਦੀ ਹੈ ਜਿਸ ਉਪਰੰਤ ਲੋਕਾਂ ਦੇ ਆਮ ਮਸਲਿਆਂ ਤੋਂ ਲੈ ਕੇ ਗੰਭੀਰ ਮਾਮਲੇ ਹੱਲ ਕਰਨਾ ਤੁਹਾਡੀ ਡਿਊਟੀ ਹੈ। ਐਸ.ਐਸ.ਪੀ ਰੂਪਨਗਰ ਸ਼੍ਰੀ ਵਿਵੇਕ ਐੱਸ ਸੋਨੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸੇ ਮੁਹਿੰਮ ਤਹਿਤ ਅੱਜ ਰੂਪਨਗਰ ਜ਼ਿਲ੍ਹੇ ਵਿੱਚ ਵੀ ਕਈ ਨਾਕੇ ਲਗਾਏ ਗਏ ਹਨ। ਜਿਨ੍ਹਾਂ ਤੇ ਵਾਹਨਾਂ ਦੀ ਚੰਗੀ ਤਰ੍ਹਾਂ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕੁੱਝ ਨਾਕਿਆਂ 'ਤੇ ਵਿਸ਼ੇਸ਼ ਨਿਗਰਾਨੀ ਤਹਿਤ ਚੈਕਿੰਗ ਕੀਤੀ ਜਾ ਰਹੀ ਹੈ। ਇਸ ਮੌਕੇ ਐਸ.ਪੀ ਹੈੱਡਕੁਆਟਰ ਸ. ਰਾਜਪਾਲ ਸਿੰਘ ਹੁੰਦਲ ਅਤੇ ਪੁਲਿਸ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।