ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਪਿੰਡਾਂ ਨੂੰ ਨਸ਼ਾ ਮੁਕਤ ਕਰਨਾ ਹੋਵੇਗਾ : ਕੈਬਨਿਟ ਮੰਤਰੀ ਧਾਲੀਵਾਲ

  • ਧਾਲੀਵਾਲ ਤੇ ਖੁੱਡੀਆਂ ਵੱਲੋਂ ਪਿੰਡ ਰੱਖਿਆ ਕਮੇਟੀਆਂ ਨਾਲ ਕੀਤੀ ਮੀਟਿੰਗ
  • ਕਿਹਾ, ਨਸ਼ੇ ਖਿਲਾਫ਼ ਜੰਗ ਵਿੱਚ ਵੀ.ਡੀ.ਸੀ. ਸਾਡੀ ਸੱਭ ਤੋਂ ਵੱਡੀ ਤਾਕਤ
  • 7 ਮਈ ਤੋਂ ਹਰ ਬਲਾਕ ਵਿੱਚ 3 ਪਿੰਡ ਪ੍ਰਤੀ ਦਿਨ ਸ਼ੁਰੂ ਹੋਵੇਗੀ ਨਸ਼ਾ ਮੁਕਤੀ ਯਾਤਰਾ

ਫਿਰੋਜ਼ਪੁਰ, 2 ਮਈ, 2025 : ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ (ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ) ਅਤੇ ਸ. ਗੁਰਮੀਤ ਸਿੰਘ ਖੁੱਡੀਆਂ (ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ, ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ) ਵੱਲੋਂ "ਯੁੱਧ ਨਸ਼ਿਆਂ ਵਿਰੁੱਧ" ਤਹਿਤ ਵਿਲੇਜ ਡਿਫੈਂਸ ਕਮੇਟੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਵਿਧਾਇਕ ਹਲਕਾ ਜਲਾਲਾਬਾਦ ਸ਼੍ਰੀ ਜਗਦੀਪ ਸਿੰਘ ਗੋਲਡੀ ਕੰਬੋਜ ਸਮੇਤ ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ, ਵਿਧਾਇਕ ਫ਼ਿਰੋਜ਼ਪੁਰ ਦਿਹਾਤੀ ਸ਼੍ਰੀ ਰਜਨੀਸ਼ ਦਹੀਯਾ, ਵਿਧਾਇਕ ਗੁਰੂਹਰਸਹਾਏ ਸ. ਫੌਜਾ ਸਿੰਘ ਸਰਾਰੀ, ਵਿਧਾਇਕ ਜ਼ੀਰਾ ਸ਼੍ਰੀ ਨਰੇਸ਼ ਕਟਾਰੀਆ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਹਾਜ਼ਰੀਨ ਸਮੂਹ ਪਿੰਡ ਰੱਖਿਆ ਕਮੇਟੀਆਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਜੇਕਰ ਸਾਡੇ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਪਿੰਡਾਂ ਨੂੰ ਨਸ਼ਾ ਮੁਕਤ ਕਰਨਾ ਹੋਵੇਗਾ। ਨਸ਼ੇ ਖਿਲਾਫ਼ ਵਿੱਢੀ ਯੁੱਧ ਨਸ਼ਿਆਂ ਵਿਰੁੱਧ ਜੰਗ ਵਿੱਚ ਸਾਡੀਆਂ ਪਿੰਡ ਰੱਖਿਆ ਕਮੇਟੀਆਂ ਸਭ ਤੋਂ ਵੱਡੀ ਤਾਕਤ ਹਨ ਅਤੇ ਨਸ਼ੇ ਖਿਲਾਫ਼ ਹਰ ਪਿੰਡ ਦੀ ਪਹਿਲੀ ਕੰਧ ਉਸਦੇ ਵੀਡੀਸੀ ਮੈਂਬਰ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਲੱਗੀ ਇਸ ਨਸ਼ੇ ਦੀ ਅੱਗ ਨੂੰ ਪਿਛਲੀਆਂ ਸਰਕਾਰਾਂ ਨੇ ਫੈਲਾਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਨੇ ਨਾ ਸਿਰਫ਼ ਇਸ ਮੁੱਦੇ ’ਤੇ ਅੱਖਾਂ ਬੰਦ ਰੱਖੀਆਂ, ਜਦਕਿ ਨਸ਼ਾ ਤਸਕਰਾਂ ਨੂੰ ਸਿਆਸੀ ਸੁਰੱਖਿਆ ਵੀ ਦਿੱਤੀ। ਉਨ੍ਹਾਂ ਕਿਹਾ ਕਿ ਹੁਣ ਆਮ ਆਦਮੀ ਦੀ ਸਰਕਾਰ ਹੈ - ਹੁਣ ਨਸ਼ਿਆਂ ਖਿਲਾਫ਼ ਇਹ ਲੜਾਈ ਪੂਰੇ ਜ਼ੋਰਾਂ ਤੇ ਹੈ। ਇਸ ਮੌਕੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁਡੀਆਂ ਨੇ ਬੋਲਦਿਆਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪਿਛਲੇ ਤਿੰਨ ਸਾਲ ਤੋਂ ਸਾਡੀ ਸਰਕਾਰ ਪਿਛਲੀਆਂ ਸਰਕਾਰਾਂ ਦੀ ਗੰਦਗੀ ਸਾਫ਼ ਕਰ ਰਹੀ ਸੀ। ਹੁਣ ਅਸੀਂ ਨਸ਼ਿਆਂ ਤੇ ਭ੍ਰਿਸ਼ਟਾਚਾਰ ਖਿਲਾਫ਼ ਅਤੇ ਪੰਜਾਬ ਦੇ ਪਾਣੀਆਂ ਦੇ ਮੁੱਦੇ ਲਈ ਪੂਰੀ ਤਾਕਤ ਨਾਲ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਵੀ.ਡੀ.ਸੀ. ਮੈਂਬਰਾਂ ਨੂੰ 7 ਮਈ ਤੋਂ ਹਰ ਬਲਾਕ ਵਿੱਚ 3 ਪਿੰਡ ਪ੍ਰਤੀ ਦਿਨ ਸ਼ੁਰੂ ਹੋਣ ਵਾਲੀ ਨਸ਼ਾ ਮੁਕਤੀ ਯਾਤਰਾ ਸਭਾ ਪੂਰੀ ਜ਼ਿੰਮੇਵਾਰੀ ਲੈ ਕੇ ਕਰਵਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਛੇਤੀ ਹੀ ਅਸੀਂ ਆਪਣੀ ਇਸ ਲੜਾਈ ਵਿੱਚ ਜੇਤੂ ਹੋਵਾਂਗੇ ਅਤੇ ਸਾਡੇ ਪੰਜਾਬ ਨੂੰ ਮੁੜ ਤੋਂ ਨਸ਼ਾ ਮੁਕਤ ਤੇ ਭ੍ਰਿਸ਼ਟਾਚਾਰ ਮੁਕਤ ਕਰ  ਕੇ ਰੰਗਲਾ ਤੇ ਖੁਸ਼ਹਾਲ ਪੰਜਾਬ ਬਣਾਵਾਂਗੇ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ’ਤੇ ਹੁਣ ਕੋਈ ਸਿਆਸੀ ਦਬਾਅ ਨਹੀਂ ਹੈ। ਤਸਕਰ ਭਾਵੇਂ ਜਿੰਨਾਂ ਵੀ ਵੱਡਾ ਹੋਵੇ, ਬਖਸ਼ਿਆ ਨਹੀਂ ਜਾਵੇਗਾ। ਪਹਿਲਾਂ ਨਸ਼ਾ ਤਸਕਰਾਂ ਦੇ ਫਾਰਮਹਾਉਸ ਬਣਦੇ ਸਨ, ਹੁਣ ਉਨ੍ਹਾਂ ਦੇ ਘਰਾਂ 'ਤੇ ਬੁਲਡੋਜ਼ਰ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੀ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਨਸ਼ਾ ਤਸਕਰਾਂ ਨੂੰ ਇੱਕ ਸਾਫ਼ ਸੁਨੇਹਾ ਦਿੱਤਾ ਹੈ ਕਿ ਜਾਂ ਤਾਂ ਨਸ਼ਾ ਵੇਚਣਾ ਛੱਡਦੋ, ਜਾਂ ਫਿਰ ਪੰਜਾਬ ਛੱਡਦੋ। ਜਿੱਥੇ ਨਸ਼ਾ ਤਸਕਰਾਂ ਦੀ ਨਾਜਾਇਜ਼ ਸੰਪਤੀ ਮਿਲੇਗੀ, ਉੱਥੇ ਭਗਵੰਤ ਮਾਨ ਦਾ ਪੀਲਾ ਪੰਜਾ ਚੱਲੇਗਾ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਵਿਧਾਇਕ ਜਲਾਲਾਬਾਦ ਸ਼੍ਰੀ ਜਗਦੀਪ ਸਿੰਘ ਗੋਲਡੀ ਕੰਬੋਜ ਨੇ ਪਿੰਡਾਂ ਦੀਆਂ ਪਿੰਡ ਰੱਖਿਆ ਕਮੇਟੀਆਂ ਦੇ ਮੈਬਰਾਂ ਅਤੇ ਹੋਰਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿੱਢੀ ਇਸ ਨਸ਼ਿਆਂ ਖਿਲਾਫ਼ ਮੁਹਿੰਮ ਵਿੱਚ ਸਾਡੀ ਪੁਲਿਸ ਇਕੱਲੀ ਹੀ ਇਹ ਲੜਾਈ ਨਹੀਂ ਜਿੱਤ ਸਕਦੀ। ਉਨ੍ਹਾਂ ਕਿਹਾ ਕਿ ਅਸਲ ਸਿਪਾਹੀ ਤੁਸੀਂ ਹੋ ਜੋ ਆਪਣੇ ਪਿੰਡ ਦੀਆਂ ਗਲੀਆਂ ਨੂੰ, ਆਪਣੇ ਬੱਚਿਆਂ ਨੂੰ, ਇਸ ਜ਼ਹਿਰ ਤੋਂ ਬਚਾ ਸਕਦੇ ਹੋ। ਜੋ ਬੱਚਾ ਨਸ਼ੇ ਵਿਚ ਫਸਿਆ ਹੋਇਆ ਹੈ, ਉਸ ਨੂੰ ਛਡਵਾ ਕੇ ਨਸ਼ਾ ਮੁਕਤੀ ਕੇਂਦਰ ਤਕ ਲਿਆਉਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਆਓ ਅਸੀਂ ਸਾਰੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਨਸ਼ਿਆਂ ਖਿਲਾਫ਼ ਮੁਹਿੰਮ ਵਿੱਚ ਆਪਣਾ ਆਪਣਾ ਯੋਗਦਾਨ ਪਾ ਕੇ ਉਨ੍ਹਾਂ ਦੇ ਸੁਪਨਿਆਂ ਦਾ ਰੰਗਲਾ ਪੰਜਾਬ ਬਣਾਈਏ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਕਿ ਪਿੰਡ ਰੱਖਿਆ ਕਮੇਟੀਆਂ ਨਸ਼ਿਆਂ ਵਿਰੁੱਧ ਇਸ ਲੜਾਈ ਦੀ ਪਹਿਲੀ ਕਤਾਰ ਦੇ ਯੋਧੇ ਹਨ। ਉਨ੍ਹਾਂ ਕਿਹਾ ਕਿ ਵੀ.ਡੀ.ਸੀ. ਦੇ ਮੈਂਬਰ ਨਾ ਸਿਰਫ਼ ਸਵੈ-ਇੱਛੁਕ ਸੇਵਕ , ਬਲਕਿ ਆਪਣੇ ਪਿੰਡ ਦੇ ਭਵਿੱਖ ਦੇ ਰਾਖੇ ਵੀ ਹਨ। ਉਨ੍ਹਾਂ ਵੀ.ਡੀ.ਸੀ. ਮੈਂਬਰਾਂ ਨੂੰ ਕਿਹਾ ਕਿ ਪਿੰਡ ਦੇ ਨਿਗਰਾਨ ਬਣ ਕੇ ਯਕੀਨੀ ਬਣਾਓ ਕਿ ਕੋਈ ਨਸ਼ਾ ਤਸਕਰ ਤੁਹਾਡੇ ਪਿੰਡ ਵਿੱਚ ਕੰਮ ਨਾ ਕਰੇ। ਜੇਕਰ ਪਿੰਡ ਵਿੱਚ ਕੋਈ ਨਸ਼ਾ ਵੇਚਦਾ ਜਾਂ ਨਸ਼ਾ ਤਸਕਰੀ ਕਰਦਾ ਹੈ ਤਾਂ ਇਸ ਦੀ ਸੂਚਨਾ ਪੁਲਿਸ ਨੂੰ ਜਾਂ ਸਿੱਧੇ ਤੌਰ ਤੇ ਸਾਨੂੰ ਵੀ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਫਸਿਆ ਹੈ ਤਾਂ ਉਸ ਦੀ ਪਹਿਚਾਣ ਕਰਕੇ ਉਸ ਦੇ ਇਲਾਜ ਵਿੱਚ ਸਹਿਯੋਗ ਕਰੋ। ਉਨ੍ਹਾਂ ਦੇ ਪਰਿਵਾਰਾਂ ਨੂੰ ਨਜ਼ਦੀਕੀ ਨਸ਼ਾ ਮੁਕਤੀ ਕੇਂਦਰ ਲੈ ਕੇ ਜਾਣ ਲਈ ਉਤਸ਼ਾਹਤ ਕਰੋ। ਜੇਕਰ ਕਿਸੇ ਨੂੰ ਇਲਾਜ ਕਰਵਾਉਣ ਦੇ ਵਿੱਚ ਕੋਈ ਸਮੱਸਿਆ ਆਉਂਦੀ ਹੈ ਤਾਂ ਸਿੱਧਾ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ।  ਉਨ੍ਹਾਂ ਦੱਸਿਆ ਕਿ 7 ਮਈ ਤੋਂ ਹਰ ਬਲਾਕ ਵਿੱਚ 3 ਪਿੰਡ ਪ੍ਰਤੀ ਦਿਨ ਨਸ਼ਾ ਮੁਕਤੀ ਯਾਤਰਾ ਕੀਤੀ ਜਾਵੇਗੀ। ਇਸ ਯਾਤਰਾ ਦੌਰਾਨ ਪਿੰਡ ਵਿੱਚ ਇੱਕ ਸਭਾ ਆਯੋਜਿਤ ਕੀਤੀ ਜਾਵੇਗੀ। ਵੀ.ਡੀ.ਸੀ., ਬੀ.ਡੀ.ਓਜ਼ ਅਤੇ ਐਸ.ਐਚ.ਓਜ਼ ਦੇ ਨਾਲ ਮਿਲ ਕੇ ਇਸ ਸਭਾ ਦੀ ਅਗਵਾਈ ਕਰਨਗੇ ਤਾਂ ਜੋ ਵੱਧ ਤੋਂ ਵੱਧ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾ ਸਕੇ। ਇਨ੍ਹਾਂ ਯਾਤਰਾਵਾਂ ਦੌਰਾਨ ਨਸ਼ਾ ਛੱਡ ਚੁੱਕੇ ਨੌਜਵਾਨਾਂ ਹੌਸਲਾ ਅਫਜਾਈ ਕੀਤੀ ਜਾਵੇਗੀ ਅਤੇ ਦੂਸਰੇ ਪੀੜਿਤ ਨੌਜਵਾਨਾਂ ਨੂੰ ਵੀ ਨਸ਼ਾ ਛੱਡਣ ਦੇ ਲਈ ਪ੍ਰੇਰਿਤ ਕੀਤਾ ਜਾਵੇਗਾ। ਇਸ ਮੌਕੇ ਐਸ.ਐਸ.ਪੀ. ਸ. ਭੁਪਿੰਦਰ ਸਿੰਘ ਸਿੱਧੂ ਨੇ ਵੀ ਸੰਬੋਧਨ ਕਰਦਿਆਂ ਪਿਛਲੇ ਸਮੇਂ ਦੌਰਾਨ ਜ਼ਿਲ੍ਹੇ ਵਿੱਚੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਵੇਚਣ ਵਾਲਿਆਂ ਖਿਲ਼ਾਫ ਕੀਤੀਆਂ ਗਈਆਂ ਕਾਰਵਾਈਆਂ ਬਾਰੇ ਵਿਸਥਾਰ ਨਾਲ ਦੱਸਿਆ।  ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਜੇਕਰ ਕੋਈ ਨਸ਼ਾ ਵੇਚਦਾ ਹੈ ਤਾਂ ਉਸਦੀ ਸੂਚਨਾ ਦਿੱਤੀ ਸਾਨੂੰ ਦਿੱਤੀ ਜਾਵੇ ਅਤੇ ਸੂਚਨਾ ਦੇਦ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ  ਕਿਸੇ ਵੀ ਨਸ਼ਾ ਤਸਕਰ ਲਈ ਕੋਈ ਸਿਫਾਰਿਸ਼ ਜਾਂ ਰਾਜਨੀਤਿਕ ਸੁਰੱਖਿਆ ਨਾ ਹੋਣ ਦਿਓ। ਕੋਈ ਵੀ ਉਨ੍ਹਾਂ ਦੀ ਜਮਾਨਤ ਨਾ ਕਰਾਵੇ।ਉਨ੍ਹਾਂ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀਂ ਜਾ ਰਿਹਾ। ਇਸ ਦੌਰਾਨ ਕੈਬਨਿਟ ਮੰਤਰੀ ਵੱਲੋਂ ਸਮੂਹ ਵੀਡੀਸੀ ਦੇ ਮੈਂਬਰਾਂ ਨੂੰ ਨਸ਼ਾ ਮੁਕਤੀ ਦੀ ਸਹੂੰ ਵੀ ਚੁਕਾਈ ਗਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ.) ਨਿੱਧੀ ਕੁਮੁਦ ਬੰਬਾਹ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਜਿੰਦਰ ਸਿੰਘ, ਐਸਡੀਐਮ ਦਿਵਯਾ ਪੀ, ਐਸ.ਡੀ.ਐਮ. ਗੁਰਮੀਤ ਸਿੰਘ, ਸਹਾਇਕ ਕਮਿਸ਼ਨਰ ਸਿਮਰਨਜੀਤ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਹਾਜ਼ਰ ਸਨ।