ਸਿਹਤ ਵਿਭਾਗ ਫਾਜ਼ਿਲਕਾ ਵੱਲੋਂ ਮਨਾਇਆ ਗਿਆ ਹੈਪੇਟਾਈਟਸ ਜਾਗਰੂਕਤਾ ਦਿਵਸ

ਫਾਜ਼ਿਲਕਾ 28 ਜੁਲਾਈ : ਸਿਵਲ ਸਰਜਨ ਫਾਜ਼ਿਲਕਾ ਡਾ: ਸਤੀਸ਼ ਗੋਇਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐਪੀਡੀਮੋਲੋਜਿਸਟ ਰੋਹਿਤ ਗੋਇਲ ਦੀ ਦੇਖ-ਰੇਖ ਹੇਠ ਸੀਨੀਅਰ ਮੈਡੀਕਲ ਅਫਸਰ (ਐੱਸ.ਐੱਮ.ਓ) ਡਾ.ਨਵੀਨ ਮਿੱਤਲ ਦੀ ਅਗਵਾਈ 'ਚ ਹੈਪੇਟਾਈਟਸ ਜਾਗਰੂਕਤਾ ਦਿਵਸ ਮਨਾਇਆ ਗਿਆ। ਉਨ੍ਹਾਂ ਦੱਸਿਆ ਕਿ ਸਾਲ 2030 ਤੱਕ ਪੂਰੀ ਦੁਨੀਆ 'ਚੋਂ ਇਸ ਨੂੰ ਖਤਮ ਕਰਨ ਲਈ ਜਾਗਰੂਕਤਾ ਸਬੰਧੀ ਇਹਹ ਦਿਵਸ ਮਨਾਇਆ ਜਾਂਦਾ ਹੈ। ਇਸ ਮੌਕੇ ਡਾ: ਨਵੀਨ ਮਿੱਤਲ ਨੇ ਦੱਸਿਆ ਕਿ ਇਸ ਸਾਲ 2023 ਦੀ ਥੀਮ 'ਵਨ ਲਾਈਫ ਵਨ ਲਿਵਰ' ਹੈ, ਇਸ ਬੀਮਾਰੀ ਕਾਰਨ ਹਰ 30 ਸਕਿੰਟ 'ਚ ਇਕ ਵਿਅਕਤੀ ਦੀ ਮੌਤ ਹੋ ਰਹੀ ਹੈ। ਉਨ੍ਹਾ ਕਿਹਾ ਕਿ ਇਸ ਦਿਨ ਮਾਵਾਂ ਅਤੇ ਨਵਜੰਮੇ ਬੱਚਿਆਂ ਵਿੱਚ ਹੈਪੇਟਾਈਟਸ ਦੀ ਰੋਕਥਾਮ 'ਤੇ ਜ਼ੋਰ ਦਿੱਤਾ ਜਾਂਦਾ ਹੈ। 90 ਪ੍ਰਤੀਸ਼ਤ ਤੋਂ ਵੱਧ ਨਵੇਂ ਹੈਪੇਟਾਈਟਸ ਬੀ ਦੀ ਲਾਗ ਮਾਂ ਤੋਂ ਬੱਚੇ ਨੂੰ ਅਤੇ ਸ਼ੁਰੂਆਤੀ ਬਚਪਨ ਦੌਰਾਨ ਫੈਲਦੀ ਹੈ। ਇਸ ਨੂੰ ਰੋਕਣ ਲਈ ਆਪਣੇ ਬੱਚੇ ਨੂੰ ਨਜ਼ਦੀਕੀ ਸਿਹਤ ਕੇਂਦਰ ਵਿੱਚ ਟੀਕਾਕਰਨ ਕਰਵਾਓ ਤੇ ਰੋਕਥਾਮ 'ਤੇ ਜ਼ੋਰ ਦਿਓ। ਇੱਕ ਸੁਰੱਖਿਅਤ ਅਤੇ ਪ੍ਰਭਾਵੀ ਵੈਕਸੀਨ ਦੀ ਵਰਤੋਂ ਦੁਆਰਾ ਨਵਜੰਮੇ ਬੱਚਿਆਂ ਵਿੱਚ ਐੱਚਬੀਵੀ ਨੂੰ ਰੋਕਿਆ ਜਾ ਸਕਦਾ ਹੈ।  ਸਿਹਤ ਵਿਭਾਗ ਵੱਲੋਂ ਪੰਜਾਬ ਵਿੱਚ ਹੈਪੇਟਾਈਟਸ ਸੀ ਦੇ ਇਲਾਜ ਲਈ ਮੁੱਖ ਮੰਤਰੀ ਹੈਪੇਟਾਈਟਸ ਰਾਹਤ ਫੰਡ ਵਿੱਚੋਂ ਜ਼ਿਲ੍ਹਾ ਪੱਧਰ ’ਤੇ ਮਰੀਜ਼ ਦਾ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਬੀ.ਈ.ਈ.ਸੁਨੀਲ ਟੰਡਨ ਨੇ ਦੱਸਿਆ ਕਿ ਇਹ ਬੀਮਾਰੀ ਲੀਵਰ 'ਚ ਵਾਇਰਲ ਇਨਫੈਕਸ਼ਨ ਕਾਰਨ ਦੇ ਕਾਰਨ ਹੁੰਦੀ ਹੈ। ਹੈਪੇਟਾਈਟਸ ਏ, ਬੀ,ਸੀ,ਡੀ ਅਤੇ ਈ ਮੁੱਖ ਪੰਜ ਕਿਸਮਾਂ ਹਨ। ਇਸ ਬਿਮਾਰੀ ਨਾਲ ਲੀਵਰ ਵਿੱਚ ਸੋਜ ਆ ਜਾਂਦੀ ਹੈ। ਹੈਪੇਟਾਈਟਸ ਟਾਈਪ ਬੀ ਅਤੇ ਸੀ ਲੱਖਾਂ ਲੋਕਾਂ ਵਿੱਚ ਪੁਰਾਣੀ ਬਿਮਾਰੀ ਦਾ ਕਾਰਨ ਬਣਦੇ ਹਨ ਕਿਉਂਕਿ ਇਹ ਲੀਵਰ ਸਿਰੋਸਿਸ ਅਤੇ ਕੈਂਸਰ ਦਾ ਕਾਰਨ ਬਣਦੇ ਹਨ।ਇਹ ਬਿਮਾਰੀ ਦੂਸ਼ਿਤ ਪਾਣੀ ਅਤੇ ਵਰਤੋਂ ਕੀਤੀ ਸੂੰਈ ਇਸਤੇਮਾਲ ਕਰਨ ਨਾਲ ਹੋ ਸਕਦੀ ਹੈ।  ਹੈਪੇਟਾਈਟਸ ਬੀ ਇੱਕ ਵਾਇਰਲ ਇਨਫੈਕਸ਼ਨ ਹੈ ਜੋ ਲੀਵਰ ਨੂੰ ਨੁਕਸਾਨ ਪਹੁੰਚਾਉਂਦੀ ਹੈ। ਇਹ ਵਾਇਰਸ ਜਨਮ ਅਤੇ ਜਣੇਪੇ (ਡਿਲਵਰੀ)ਦੌਰਾਨ ਮਾਂ ਤੋਂ ਬੱਚੇ ਵਿੱਚ ਜਾਂ ਫਿਰ ਖੂਨ ਜਾਂ ਹੋਰ ਸਰੀਰ ਦੇ ਤਰਲ ਪਦਾਰਥਾਂ ਦੇ ਸੰਪਰਕ ਵਿੱਚ ਆਉਣ ਨਾਲ ਫੈਲਦਾ ਹੈ। ਵੈਕਸੀਨ ਦੁਆਰਾ ਟਾਈਪ ਬੀ ਨੂੰ ਰੋਕਿਆ ਜਾ ਸਕਦਾ ਹੈ। ਇਸ ਮੌਕੇ ਸਿਹਤ ਕਰਮਚਾਰੀ ਸੰਦੀਪ ਸਿੰਘ, ਅਲਕਾ ਅਤੇ ਸਮੂਹ ਆਸ਼ਾ ਵਰਕਰ ਹਾਜ਼ਰ ਸਨ।